ਸੁਖਪਾਲ ਖਹਿਰਾ, ਭਗਵੰਤ ਮਾਨ, ਸਿਮਰਜੀਤ ਬੈਂਸ ਸਣੇ ਕਈ ਲੀਡਰ ਥਾਣੇ ਡੱਕੇ

0
1480

ਪੁਲਿਸ ਨੇ ਅੱਜ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਵਰਕਰਾਂ ‘ਤੇ ਜਲ ਤੋਪਾਂ ਚਲਾਈਆਂ ਤੇ ਉਨ੍ਹਾਂ ਹਾਰਸਤ ਵਿੱਚ ਲੈ ਲਿਆ। ‘ਆਪ’ ਦੇ ਲੀਡਰ ਚੰਡੀਗੜ੍ਹ ਵਿੱਚ ਕੈਪਟਨ ਅਮਰਿੰਦਰ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਸੀ। ਪੁਲਿਸ ਨੇ ਐਮ.ਐਲ.ਏ. ਹੋਸਟਲ ਕੋਲ ਜਲ ਤੋਪਾਂ ਚਲਾ ਕੇ ਹਿਰਾਸਤ ਵਿੱਚ ਲਿਆ।

ਪੁਲਿਸ ਨੇ ਆਮ ਵਰਕਰਾਂ ਦੇ ਨਾਲ-ਨਾਲ ਸੁਖਪਾਲ ਖਹਿਰਾ, ਭਗਵੰਤ ਮਾਨ, ਸਿਮਰਜੀਤ ਬੈਂਸ ਤੋਂ ਇਲਾਵਾ ਕਈ ਲੀਡਰਾਂ ਤੇ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ। ਚੰਡੀਗੜ੍ਹ ਦੇ ਸੈਕਟਰ 17 ਦੇ ਥਾਣੇ ਵਿੱਚ ਰੱਖਿਆ। ਆਮ ਅਦਮੀ ਪਾਰਟੀ ਦੀ ਮੰਗ ਹੈ ਕਿ ਸਿਟੀ ਸੈਂਟਰ ਮਾਮਲੇ ਵਿੱਚ ਕੈਪਟਨ ਨੂੰ ਮਿਲੀ ਕਲੀਨ ਚਿੱਟ ਦੀ ਸੀਬੀਆਈ ਜਾਂਚ ਹੋਵੇ।

ਆਮ ਆਦਮ ਪਾਰਟੀ ਨੇ ਐਲਾਨ ਕੀਤਾ ਕਿ ਇਸ ਲੜਾਈ ਨੂੰ ਹਾਈਕੋਰਟ ਤੇ ਸੁਪਰੀਮ ਕੋਰਟ ਤੱਕ ਲਿਜਾਇਆ ਜਾਵੇਗਾ। ਭਗਵੰਤ ਮਾਨ ਨੇ ਕਿਹਾ ਇਹ ਸਰਕਾਰ ‘ਕਲੀਨ ਚਿੱਟ’ ਸਰਕਾਰ ਹੈ। ਹਰ ਮਾਮਲੇ ‘ਚ ਕਲੀਨ ਚਿੱਟ ਮਿਲਦੀ ਹੈ। ਖਹਿਰਾ ਨੇ ਕਿਹਾ ਪੁਲਿਸ ਸਰਕਾਰ ਦੇ ਨਾਲ ਮਿਲੀ ਹੋਈ ਹੈ। ਪਾਰਟੀ ਇਸ ਲੜਾਈ ਨੂੰ ਪੰਜਾਬ ਦੇ ਕੋਨੇ-ਕੋਨੇ ਵਿੱਚ ਲੈ ਕੇ ਜਾਵੇਗੀ। ਸਿਮਰਜੀਤ ਬੈਂਸ ਨੇ ਕਿਹਾ ਕੈਪਟਨ ਸਰਕਾਰ ਭ੍ਰਿਸ਼ਟ ਸਰਕਾਰ ਹੈ ਤੇ ਇਸ ਸਰਕਾਰ ਖ਼ਿਲਾਫ਼ ਲੜਾਈ ਜਾਰੀ ਰਹੇਗੀ।

ਕਾਬਲੇਗੌਰ ਹੈ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਕੈਪਟਨ ਅਮਰਿੰਦਰ ਸਿੰਘ ਖਿਲਾਫ ਮੋਰਚਾ ਖੋਲ੍ਹਿਆ ਹੈ। ਪਾਰਟੀ ਦੇ ਸਾਰੇ ਵਿਧਾਇਕਾਂ ਨੇ ਅੱਜ ਮੁੱਖ ਮੰਤਰੀ ਨਿਵਾਸੀ ਸਾਹਮਣੇ ਧਰਨਾ ਲਾਉਣ ਦੀ ਯੋਜਨਾ ਬਣਾਈ ਸੀ। ਆਮ ਆਦਮੀ ਪਾਰਟੀ ਲੁਧਿਆਣਾ ਸਿਟੀ ਸਕੈਮ ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰਸੱਟ ਘੁਟਾਲੇ ਨੂੰ ਲੈ ਕੇ ਕੈਪਟਨ ਨੂੰ ਘੇਰਨਾ ਚਾਹੁੰਦੀ ਹੈ। ਪਾਰਟੀ ਇਨ੍ਹਾਂ ਕੇਸਾਂ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰ ਰਹੀ ਹੈ।

ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਰਹਿੰਦਿਆਂ ਇਸ ਮਾਮਲੇ ਦੀ ਨਿਰਪੱਖ ਜਾਂਚ ਨਹੀਂ ਹੋ ਸਕਦੀ ਕਿਉਂ ਜੋ ਉਹ ਖੁਦ ਵਿਜੀਲੈਂਸ ਬਿਊਰੋ ਦੇ ਮੁਖੀ ਹਨ। ਉਨ੍ਹਾਂ ਕਿਹਾ ਕਿ ਕੈਪਟਨ ਜਾਂ ਤਾਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਸਤੀਫਾ ਦੇਣ ਜਾਂ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ।