1 ਜਨਵਰੀ, 2018 ਨੂੰ ਅਧਾਰ ਬਣਾ ਕੇ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ ਸ਼ੁਰੂ,ਡਿਪਟੀ ਕਮਿਸ਼ਨਰ ਵੱਲੋਂ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ,14 ਦਸੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਅਤੇ ਇਤਰਾਜ਼,

0
1498

ਲੁਧਿਆਣਾ, 15 ਨਵੰਬਰ (ਸੀ ਐਨ ਆਈ )-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 1 ਜਨਵਰੀ, 2018 ਨੂੰ ਅਧਾਰ ਮੰਨ ਕੇ ਵੋਟਰ ਸੂਚੀਆਂ ਦੀ ਸੁਧਾਈ ਦਾ ਪ੍ਰੋਗਰਾਮ 15 ਨਵੰਬਰ ਤੋਂ 14 ਦਸੰਬਰ, 2017 ਤੱਕ ਕੀਤਾ ਜਾਣਾ ਹੈ, ਇਸ ਨੂੰ ਪੂਰੀ ਤਰ੍ਹਾਂ ਕਾਮਯਾਬ ਕਰਨ ਲਈ ਅੱਜ ਜ਼ਿਲ੍ਹੇ ਦੀਆਂ ਸਮੂਹ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਦੱਸਿਆ ਕਿ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦਾ ਪ੍ਰੋਗਰਾਮ ਭਾਰਤ ਚੋਣ ਕਮਿਸ਼ਨ ਵੱਲੋਂ ਹਰ ਸਾਲ ਜਾਰੀ ਕੀਤਾ ਜਾਂਦਾ ਹੈ ਅਤੇ ਇਸ ਨੂੰ ਅਗਾਮੀ ਨਗਰ ਨਿਗਮ ਤੇ ਨਗਰ ਕੌਂਸਲਾਂ ਦੀਆਂ ਚੋਣਾਂ ਨਾਲ ਜੋੜ ਕੇ ਨਾ ਦੇਖਿਆ ਜਾਵੇ, ਇਸ ਸੁਧਾਈ ਪ੍ਰੋਗਰਾਮ ਦਾ ਇਹਨਾਂ ਨਾਲ ਕੋਈ ਸਬੰਧ ਨਹੀਂ ਹੈ। ਉਹਨਾਂ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਬੂਥ ਲੈਵਲ ਅਫਸਰ ਦੇ ਨਾਲ ਆਪਣਾ ਇੱਕ-ਇੱਕ ਬੂਥ ਲੈਵਲ ਏਜੰਟ ਨਿਯੁਕਤ ਕਰ ਸਕਦੀਆਂ ਹਨ, ਜਿਸ ਦਾ ਪੂਰਾ ਬਾਇਓ ਡਾਟਾ ਸਮੇਤ ਫੋਟੋ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਅਗੇਤਾ ਭੇਜਣਾ ਜ਼ਰੂਰੀ ਹੋਵੇਗਾ ਤਾਂ ਕਿ ਉਸ ਨੂੰ ਸ਼ਨਾਖਤੀ ਕਾਰਡ ਜਾਰੀ ਕੀਤਾ ਜਾ ਸਕੇ। ਉਹਨਾਂ ਇਹ ਵੀ ਅਪੀਲ ਕੀਤੀ ਕਿ ਹੱਥ ਨਾਲ ਵੋਟ ਫਾਰਮ ਭਰਨ ਦੀ ਬਜਾਏ ਆਨਲਾਈਨ ਪੋਰਟਲ ਦੀ ਵਧੇਰੇ ਵਰਤੋਂ ਕੀਤੀ ਜਾਵੇ, ਜੋ ਕਿ ਅਸਾਨ ਅਤੇ ਡਾਟਾ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਈ ਸਿੱਧ ਹੋਵੇਗਾ ਅਤੇ ਫਾਰਮ ਆਨਲਾਈਨ ਕਰਦੇ ਸਮੇਂ ਜਨਮ ਮਿਤੀ ਜਾਂ ਰਿਹਾਇਸ਼ ਦਾ ਪਰੂਫ ਨਾਲ ਨੱਥੀ ਕੀਤਾ ਜਾਵੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਵੋਟਰ ਸੂਚੀਆਂ ਦੀ ਸਪੈਸ਼ਲ ਸਰਸਰੀ ਸੁਧਾਈ ਪ੍ਰੋਗਰਾਮ ਅਨੁਸਾਰ ਵੋਟਰ ਸੂਚੀਆਂ ਦੀ ਡਰਾਫਟ ਪ੍ਰਕਾਸ਼ਨਾ 15 ਨਵੰਬਰ, 2017 ਨੂੰ ਕੀਤੀ ਗਈ ਹੈ। ਇਸ ਸਬੰਧੀ ਦਾਅਵੇ ਅਤੇ ਇਤਰਾਜ 14 ਦਸੰਬਰ, 2017 ਤੱਕ ਦਿੱਤੇ ਜਾ ਸਕਣਗੇ। 3 ਜਨਵਰੀ, 2018 ਤੱਕ ਦਾਅਵਿਆਂ ਅਤੇ ਇਤਰਾਜਾਂ ਦਾ ਨਿਪਟਾਰਾ ਕਰ ਦਿੱਤਾ ਜਾਵੇਗਾ। ਮਿਤੀ 13 ਜਨਵਰੀ, 2018 ਨੂੰ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ ਕਰ ਦਿੱਤੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੁਹਿੰਮ ਦੌਰਾਨ ਜਿਸ ਕਿਸੇ ਨੇ ਵੀ ਨਵੀਂ ਵੋਟ ਬਣਾਉਣੀ ਹੈ ਜਾਂ ਕੋਈ ਦਰੁਸਤੀ ਕਰਵਾਉਣੀ ਹੈ ਜਾਂ ਵੋਟ ਕਟਵਾਉਣੀ ਹੈ ਤਾਂ ਆਪਣੇ ਬੀ.ਐਲ.ਓ. ਨਾਲ ਰਾਬਤਾ ਕਰ ਸਕਦਾ ਹੈ। ਮਿਤੀ 15 ਨਵੰਬਰ ਤੋਂ 30 ਨਵੰਬਰ ਤੱਕ ਬੀ.ਐਲ.ਓ. ਰਾਹੀਂ ਘਰ-ਘਰ ਜਾ ਕੇ ਵੋਟਰਾਂ ਦੇ ਵੇਰਵੇ ਦੀ ਵੈਰੀਫਿਕੇਸ਼ਨ ਕੀਤੀ ਜਾਵੇਗੀ। ਇਸ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਜ਼ਿਲ੍ਹਾ ਚੋਣ ਦਫ਼ਤਰ ਨਾਲ ਰਾਬਤਾ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫੋਟੋ ਵੋਟਰ ਸੂਚੀ ਵਿੱਚ ਨਾਮ ਦਰਜ ਕਰਵਾਉਣ ਤੋਂ ਰਹਿ ਗਏ ਯੋਗ ਵੋਟਰਾਂ (ਵਿਸ਼ੇਸ਼ ਤੌਰ ‘ਤੇ 18 ਤੋਂ 21 ਸਾਲ) ਲਈ 15-11-2017 ਤੋਂ 14-12-2017 ਤੱਕ ਸਪੈਸ਼ਲ ਮੁਹਿੰਮ ਚਲਾਈ ਜਾਵੇਗੀ ਅਤੇ 19 ਅਤੇ 26 ਨਵੰਬਰ-2017 (ਦੋਵੇਂ ਐਤਵਾਰ ਵਾਲੇ ਦਿਨ) ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ‘ਤੇ ਬੀ.ਐੱਲ.ਓਜ਼ ਵੱਲੋਂ ਦਾਅਵੇ ਅਤੇ ਇਤਰਾਜ਼ ਪ੍ਰਾਪਤ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਹੱਥ ਨਾਲ ਭਰੇ ਫਾਰਮ-8 ਭਾਰਤ ਚੋਣ ਕਮਿਸ਼ਨ ਦੁਆਰਾ ਜਾਰੀ ਨੈਸ਼ਨਲ ਵੋਟਰ ਸਰਵਿਸਜ਼ ਪੋਰਟਲ www.nvsp.in ‘ਤੇ ਆਨਲਾਈਨ ਵੀ ਭਰੇ ਜਾ ਸਕਦੇ ਹਨ, ਜੋ ਕਿ ਚੋਣਕਾਰ ਰਜਿਸਟ੍ਰੇਸ਼ਨ ਅਫਸਰਾਂ ਦੇ ਡਾਟਾ ਐਂਟਰੀ ਸਾਫਟਵੇਅਰ 5RON5“ ਨਾਲ ਲਿੰਕ ਹੋਵੇਗਾ। ਉਹਨਾਂ ਦੱਸਿਆ ਕਿ ਵੋਟਰ ਸੂਚੀ ਮੁੱਖ ਚੋਣ ਅਫਸਰ, ਪੰਜਾਬ ਦੀ ਵੈਬਸਾਈਟ ceopunjab.nic.in ‘ਤੇ ਆਨ ਲਾਈਨ ਦੇਖੀ ਜਾ ਸਕਦੀ ਹੈ, ਜਿਸ ਵਿੱਚ ਵੋਟ ਦੇ ਵੇਰਵਿਆਂ ਦੀ ਖੋਜ (search facility) ਦੀ ਸੁਵਿਧਾ ਵੀ ਉਪਲਬਧ ਹੈ। ਇਸ ਵੈਬਸਾਈਟ ਤੋਂ ਕੋਈ ਵੀ ਵਿਅਕਤੀ ਆਪਣੇ ਚੋਣ ਖੇਤਰ, ਪੋਲਿੰਗ ਸਟੇਸ਼ਨ ਦਾ ਨਾਮ ਅਤੇ ਚੋਣਕਾਰ ਰਜਿਸਟ੍ਰੇਸ਼ਨ ਅਫਸਰ ਅਤੇ ਬੂਥ ਲੈਵਲ ਅਫਸਰ ਦੇ ਵੇਰਵੇ ਪ੍ਰਾਪਤ ਕਰ ਸਕਦਾ ਹੈ ਅਤੇ ਐਸ.ਐਮ.ਐਸ ਰਾਹੀਂ ਵੀ ਜਾਣਕਾਰੀ ਲਈ ਜਾ ਸਕਦੀ ਹੈ।
ਮੀਟਿੰਗ ਵਿੱਚ ਕਾਰਜਕਾਰੀ ਮੈਜਿਸਟ੍ਰੇਟ ਸ੍ਰੀਮਤੀ ਸਵਾਤੀ ਟਿਵਾਣਾ, ਤਹਿਸੀਲਦਾਰ ਚੋਣ ਸ੍ਰੀਮਤੀ ਅੰਜੂ ਬਾਲਾ, ਇੰਡੀਅਨ ਨੈਸ਼ਨਲ ਕਾਂਗਰਸ ਵੱਲੋਂ ਸ੍ਰ. ਗੁਰਦੇਵ ਸਿੰਘ ਲਾਂਪਰਾਂ, ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰ. ਹਰਭਜਨ ਸਿੰਘ ਡੰਗ, ਭਾਜਪਾ ਵੱਲੋਂ ਸ੍ਰ. ਅਮਰਿੰਦਰ ਸਿੰਘ, ਸੀ. ਪੀ. ਆਈ. ਤੋਂ ਗੁਰਨਾਮ ਸਿੱਧੂ, ਨੈਸ਼ਨਲ ਕਾਂਗਰਸ ਪਾਰਟੀ ਤੋਂ ਸ੍ਰੀ ਅਰੁਣ ਸਿੱਧੂ, ਆਮ ਆਦਮੀ ਪਾਰਟੀ ਤੋਂ ਸ੍ਰ. ਦਲਜੀਤ ਸਿੰਘ ਗਰੇਵਾਲ, ਡਾ. ਸੁਖਚੈਨ ਗੋਗੀ ਅਤੇ ਹੋਰ ਹਾਜ਼ਰ ਸਨ।