2 ਅਪ੍ਰੈੱਲ ਦਾ ਰੋਸ ਮਾਰਚ ਸ਼ਾਂਤੀਪੂਰਨ ਰਹੇਗਾ-ਦਲਿਤ ਜੱਥੇਬੰਦੀਆਂ ਵੱਲੋਂ ਭਰੋਸਾ

0
1521

-ਪ੍ਰਸਾਸ਼ਨ ਵੱਲੋਂ ਵੀ ਸ਼ਾਂਤੀਪੂਰਨ ਰੋਸ ਮਾਰਚ ‘ਚ ਸਹਿਯੋਗ ਦੇਣ ਦਾ ਭਰੋਸਾ
-ਸ਼ਰਾਰਤੀ ਅਨਸਰਾਂ ‘ਤੇ ਨਜ਼ਰ ਰੱਖੀ ਜਾਵੇਗੀ-ਪੁਲਿਸ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ
ਲੁਧਿਆਣਾ, 30 ਮਾਰਚ (ਸੀ ਐਨ ਆਈ )-ਮਿਤੀ 2 ਅਪ੍ਰੈਲ ਨੂੰ ਦਲਿਤ ਜੱਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਦੇਸ਼ ਭਰ ਵਿੱਚ ਰੋਸ ਮੁਜ਼ਾਹਰਿਆਂ ਦੌਰਾਨ ਜਿਲਾ ਲੁਧਿਆਣਾ ਵਿੱਚ ਰੋਸ ਮੁਜ਼ਾਹਰੇ ਸ਼ਾਂਤੀਪੂਰਨ ਤਰੀਕੇ ਨਾਲ ਕੀਤੇ ਜਾਣਗੇ।ਇਹ ਭਰੋਸਾ ਵੱਖ-ਵੱਖ ਦਲਿਤ ਜੱਥੇਬੰਦੀਆਂ ਵੱਲੋਂ ਅੱਜ ਜਿਲਾ ਪ੍ਰਸ਼ਾਸ਼ਨ ਅਤੇ ਪੁਲਿਸ ਪ੍ਰਸ਼ਾਸ਼ਨ ਨੂੰ ਦਿੱਤਾ ਗਿਆ।ਇਸ ਸਬੰਧੀ ਅੱਜ ਮੀਟਿੰਗ ਦਾ ਆਯੋਜਨ ਸਥਾਨਕ ਬਚਤ ਭਵਨ ਵਿਖੇ ਹੋਇਆ, ਜਿਸ ਦੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਪੁਲਿਸ ਕਮਿਸ਼ਨਰ ਸ੍ਰੀ ਆਰ. ਐੱਨ. ਢੋਕੇ ਨੇ ਪ੍ਰਧਾਨਗੀ ਕੀਤੀ।
ਜਿਲਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਸੱਦੇ ‘ਤੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਵੱਖ-ਵੱਖ ਦਲਿਤ ਜੱਥੇਬੰਦੀਆਂ ਨੇ ਗੱਲਬਾਤ ਦੌਰਾਨ ਸੁਪਰੀਮ ਕੋਰਟ ਦੇ ਉਸ ਫੈਸਲੇ ਪ੍ਰਤੀ ਨਰਾਜ਼ਗੀ ਜ਼ਾਹਿਰ ਕੀਤੀ, ਜਿਸ ਵਿੱਚ ਅਨੁਸੂਚਿਤ ਜਾਤੀਆਂ ਸਬੰਧੀ ਬਣੇ ਕਾਨੂੰਨਾਂ ‘ਤੇ ਉਂਗਲ ਉਠਾਈ ਗਈ ਹੈ।ਮੀਟਿੰਗ ਦੌਰਾਨ ਦਲਿਤ ਆਗੂਆਂ ਸ. ਰਮਨਜੀਤ ਸਿੰਘ ਲਾਲੀ, ਸ੍ਰੀ ਨਰੇਸ਼ ਧੀਂਗਾਨ, ਸ੍ਰੀ ਵਿਜੈ ਦਾਨਵ, ਚੌਧਰੀ ਯਸ਼ਪਾਲ ਅਤੇ ਹੋਰ ਆਗੂਆਂ ਨੇ ਜਿਲਾ ਪ੍ਰਸ਼ਾਸ਼ਨ ਨੂੰ ਦੱਸਿਆ ਕਿ ਭਾਵੇਂਕਿ 2 ਅਪ੍ਰੈੱਲ ਦੇ ਰੋਸ ਮਾਰਚ ਤੋਂ ਪਿੱਛੇ ਨਹੀਂ ਹਟਿਆ ਜਾ ਸਕਦਾ ਪਰ ਫੇਰ ਵੀ ਉਹ ਭਰੋਸਾ ਦਿੰਦੇ ਹਨ ਕਿ ਇਸ ਰੋਸ ਮਾਰਚ ਦੌਰਾਨ ਸ਼ਹਿਰ ਲੁਧਿਆਣਾ ਅਤੇ ਹੋਰ ਸ਼ਹਿਰਾਂ ਕਸਬਿਆਂ ਵਿੱਚ ਅਮਨ-ਕਾਨੂੰਨ ਦੀ ਸਥਿਤੀ ਬਣਾ ਕੇ ਰੱਖੀ ਜਾਵੇਗੀ।ਰੋਸ ਮਾਰਚ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚਾੜਿ•ਆ ਜਾਵੇਗਾ।
ਊਨਾ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਨਿਰਣੇ ਪ੍ਰਤੀ ਦਲਿਤ ਭਾਈਚਾਰੇ ਦੇ ਰੋਸ ਤੋਂ ਕੇਂਦਰ ਸਰਕਾਰ ਅਤੇ ਨਿਆਂਇਕ ਵਿਵਸਥਾ ਨੂੰ ਜਾਣੂ ਕਰਵਾਇਆ ਜਾਵੇ।ਆਗੂਆਂ ਨੇ ਸਮੂਹ ਭਾਈਚਾਰੇ ਨੂੰ ਵੀ ਅਪੀਲ ਕੀਤੀ ਕਿ ਉਹ ਰੋਸ ਮਾਰਚ ਦੌਰਾਨ ਅਮਨ ਸ਼ਾਂਤੀ ਬਣਾਈ ਰੱਖਣ ਅਤੇ ਪ੍ਰਸਾਸ਼ਨ ਨੂੰ ਸਹਿਯੋਗ ਕਰਨ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੇ ਸਮੂਹ ਜੱਥੇਬੰਦੀਆਂ ਨੂੰ ਭਰੋਸਾ ਦਿਵਾਇਆ ਕਿ ਸ਼ਾਂਤੀਪੂਰਨ ਰੋਸ ਮਾਰਚ ਦੌਰਾਨ ਪ੍ਰਸਾਸ਼ਨ ਵੱਲੋਂ ਬਣਦਾ ਸਹਿਯੋਗ ਮੁਹੱਈਆ ਕਰਵਾਇਆ ਜਾਵੇਗ ਪਰ ਜਿਲੇ ਵਿੱਚ ਅਮਨ-ਸ਼ਾਂਤੀ ਅਤੇ ਸਦਭਾਵਨਾ ਵੀ ਬਣਾਈ ਰੱਖੀ ਜਾਵੇਗੀ।ਸ੍ਰੀ ਅਗਰਵਾਲ ਅਤੇ ਸ੍ਰੀ ਢੋਕੇ ਨੇ ਕਿਹਾ ਕਿ ਆਮ ਤੌਰ ‘ਤੇ ਦੇਖਣ ਵਿੱਚ ਆਉਂਦਾ ਹੈ ਕਿ ਅਜਿਹੇ ਮੌਕਿਆਂ ‘ਤੇ ਕੁਝ ਕੁ ਸ਼ਰਾਰਤੀ ਅਨਸਰ ਹਾਲਾਤ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ, ਜਿਨ੍ਹਾਂ ‘ਤੇ ਪ੍ਰਸ਼ਾਸ਼ਨ ਵੱਲੋਂ ਕਰੜੀ ਨਜ਼ਰ ਰੱਖੀ ਜਾਵੇਗੀ।ਜੇਕਰ ਕੋਈ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।ਊਨਾ ਜੱਥੇਬੰਦੀਆਂ ਨੂੰ ਅਪੀਲ ਕੀਤੀ ਕਿ ਉਹ ਰੋਸ ਮਾਰਚ ਦੌਰਾਨ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਤਾਂ ਜੋ ਜਿਲਾ ਲੁਧਿਆਣਾ ਦਾ ਮਾਹੌਲ ਸ਼ਾਂਤੀਪੂਰਨ ਰਹਿ ਸਕੇ।
ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਅਸ਼ਵਨੀ ਕਪੂਰ, ਏ.ਡੀ.ਸੀ. ਜਨਰਲ ਸ੍ਰੀ ਇਕਬਾਲ ਸਿੰਘ ਸੰਧੂ, ਸਮੂਹ ਐਸ.ਡੀ.ਐਮਜ, ਸਮੂਹ ਸਿਵਲ ਅਤੇ ਪੁਲਿਸ ਅਧਿਕਾਰੀ ਅਤੇ ਵੱਖ-ਵੱਖ ਜੱਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ।