20 ਸਾਲ ਬਾਅਦ ਹੋਵੇਗੀ ਰਾਏਕੋਟ ਦੇ ਸੀਵਰੇਜ ਦੀ ਸਫਾਈ ਸੁਪਰ ਸਕਸ਼ਨ ਮਸ਼ੀਨ ਦੀ ਸਹੂਲਤ ਨਾਲ, ਡਾ. ਅਮਰ ਸਿੰਘ ਨੇ ਕਰਵਾਇਆ ਸਫਾਈ ਦਾ ਕੰਮ ਸ਼ੁਰੂ, ਇੱਕ ਮਹੀਨੇ ਵਿੱਚ ਹੋਵੇਗਾ ਪੂਰਾ

0
1266

ਰਾਏਕੋਟ, 24 ਦਸੰਬਰ (ਸੀ ਐਨ ਆਈ )-ਨਗਰ ਕੌਂਸਲ ਰਾਏਕੋਟ, ਸੂਬੇ ਦੀ ਪਹਿਲੀ ਉਹ ਨਗਰ ਕੌਂਸਲ ਬਣ ਗਈ ਹੈ, ਜਿੱਥੇ ਕਿ ਆਧੁਨਿਕ ਤਕਨੀਕ ਨਾਲ ਲੈੱਸ ਸੁਪਰ ਸਕਸ਼ਨ-ਕਮ-ਜੈਟਿੰਗ ਮਸ਼ੀਨ ਨਾਲ ਸੀਵਰੇਜ ਦੀ ਸਫਾਈ ਦਾ ਕੰਮ ਸ਼ੁਰੂ ਹੋਇਆ ਹੈ। ਪੰਜਾਬ ਸਰਕਾਰ ਦੇ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਸ੍ਰ. ਨਵਜੋਤ ਸਿੰਘ ਸਿੱਧੂ ਦੇ ਓ. ਐੱਸ. ਡੀ. ਡਾ. ਅਮਰ ਸਿੰਘ ਦੇ ਵਿਸ਼ੇਸ਼ ਉੱਦਮ ਨਾਲ ਮਿਲੀ ਇਸ ਸਹੂਲਤ ਤਹਿਤ ਸਫਾਈ ਦੇ ਕੰਮ ਦੀ ਅੱਜ ਸ਼ੁਰੂਆਤ ਡਾ. ਅਮਰ ਸਿੰਘ ਨੇ ਆਪਣੇ ਹੱਥੀਂ ਕਰਵਾਈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਸ਼ਹਿਰ ਰਾਏਕੋਟ ‘ਚ ਕਰੀਬ 20 ਕੁ ਸਾਲ ਤੋਂ ਸੀਵਰੇਜ ਦੀ ਸਹੂਲਤ ਤਾਂ ਹੈ ਪਰ ਕਦੇ ਵੀ ਇਸ ਦੀ ਸਫਾਈ ਨਹੀਂ ਹੋ ਸਕੀ। ਨਾ ਹੀ ਰਾਜਸੀ ਲੋਕਾਂ ਨੇ ਇਸ ਵੱਲ ਕੋਈ ਧਿਆਨ ਦਿੱਤਾ। ਹੁਣ ਸਥਿਤੀ ਇਹ ਬਣੀ ਹੋਈ ਹੈ ਕਿ ਜਦੋਂ ਵੀ ਥੋੜੀ ਜਿੰਨੀ ਬਾਰਿਸ਼ ਹੁੰਦੀ ਹੈ ਤਾਂ ਥਾਂ-ਥਾਂ ਪਾਣੀ ਖੜਨਾ ਹੋ ਜਾਂਦਾ ਹੈ ਅਤੇ ਕਈ ਥਾਂਈ ਤਾਂ ਲੋਕਾਂ ਦੇ ਘਰਾਂ ਵਿੱਚ ਪਾਣੀ ਵਾਪਸ ਆ ਜਾਂਦਾ ਹੈ। ਲੋਕਾਂ ਦੀ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਹੀ ਸਥਾਨਕ ਸਰਕਾਰਾਂ ਬਾਰੇ ਕੈਬਨਿਟ ਮੰਤਰੀ ਨੂੰ ਇਸ ਮਸ਼ੀਨ ਬਾਰੇ ਬੇਨਤੀ ਕੀਤੀ ਗਈ ਸੀ, ਜਿਨ੍ਹਾਂ ਨੇ ਸ਼ਹਿਰ ਵਾਸੀਆਂ ਦੀ ਇਸ ਮੰਗ ਨੂੰ ਤੁਰੰਤ ਪੂਰਾ ਕਰਦਿਆਂ ਇਸ ਮਸ਼ੀਨ ਨੂੰ ਸਭ ਤੋਂ ਪਹਿਲਾਂ ਸ਼ਹਿਰ ਰਾਏਕੋਟ ਦੇ ਸੀਵਰੇਜ ਦੀ ਸਫਾਈ ਦਾ ਜਿੰਮਾ ਸੌਂਪਿਆ ਗਿਆ ਹੈ।
ਡਾ. ਅਮਰ ਸਿੰਘ ਨੇ ਦੱਸਿਆ ਕਿ ਇਸ ਸਫਾਈ ਦੇ ਕੰਮ ‘ਤੇ ਆਉਣ ਵਾਲੇ ਖਰਚੇ ਦਾ ਬੋਝ ਪੰਜਾਬ ਮਿਊਂਸੀਪਲ ਬੁਨਿਆਦੀ ਢਾਂਚਾ ਵਿਕਾਸ ਕੰਪਨੀ ਵੱਲੋਂ ਉਠਾਇਆ ਜਾਵੇਗਾ ਅਤੇ ਸਫਾਈ ਦਾ ਕੰਮ ਪੰਜਾਬ ਸਰਕਾਰ ਨਾਲ ਕਰਾਰਬੱਧ ਠੇਕੇਦਾਰ ਵੱਲੋਂ ਕੀਤਾ ਜਾਵੇਗਾ। ਰਾਏਕੋਟ ਦੇ ਸੀਵਰੇਜ ਦੀ ਸਫਾਈ ਲਈ ਕਰੀਬ ਇੱਕ ਮਹੀਨਾ ਲੱਗੇਗਾ, ਜਿਸ ਨਾਲ ਪੂਰੇ ਸ਼ਹਿਰ ਦੀ ਸਫਾਈ ਵੱਡੇ ਪੱਧਰ ‘ਤੇ ਹੋ ਜਾਵੇਗੀ। ਉਨਾਂ ਦੱਸਿਆ ਕਿ ਪਹਿਲਾਂ ਇਹ ਕੰਮ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਮੈਨੂਅਲੀ ਕੀਤਾ ਜਾਂਦਾ ਹੈ, ਜੋ ਕਿ ਬਹੁਤ ਜਿਆਦਾ ਕਾਰਗਰ ਨਹੀਂ ਹੁੰਦਾ ਹੈ। ਉਨਾਂ ਕਿਹਾ ਕਿ ਆਧੁਨਿਕ ਮਸ਼ੀਨੀ ਯੁੱਗ ਵਿੱਚ ਅਜਿਹੀਆਂ ਮਸ਼ੀਨਾਂ ਨਾਲ ਬਹੁਤ ਵਧੀਆ ਤਰੀਕੇ ਨਾਲ ਸਫਾਈ ਹੋਵੇਗੀ। ਇਸ ਨਾਲ ਸ਼ਹਿਰ ਦੀ ਸੀਵਰੇਜ ਦੀ ਵੱਡੇ ਪੱਧਰ ‘ਤੇ ਸਮੱਸਿਆ ਹੱਲ ਹੋ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਕਾਂਗਰਸੀ ਆਗੂ ਸ੍ਰ. ਕਾਮਿਲ ਅਮਰ ਸਿੰਘ, ਸ੍ਰ. ਜਗਪ੍ਰੀਤ ਸਿੰਘ ਬੁੱਟਰ, ਕਾਰਜ ਸਾਧਕ ਅਫ਼ਸਰ ਸ੍ਰ. ਬਲਵੀਰ ਸਿੰਘ ਅਤੇ ਹੋਰ ਹਾਜ਼ਰ ਸਨ।