240 ਬਾਇਓ-ਗੈਸ ਪਲਾਂਟ ਲਗਵਾਉਣ ‘ਤੇ ਲਾਭਪਾਤਰੀਆਂ ਨੂੰ ਪੇਡਾ ਵੱਲੋਂ 21.60 ਲੱਖ ਰੁਪਏ ਦੀ ਦਿੱਤੀ ਸਬਸਿਡੀ-ਡਿਪਟੀ ਕਮਿਸ਼ਨਰ, ਸਰਕਾਰ ਵੱਲੋਂ ਪੋਲਟਰੀ ਫਾਰਮਾਂ ‘ਤੇ ਵੀ ਬਾਇਓ-ਗੈਸ ਪਲਾਂਟ ਲਗਾਉਣ ਦੀ ਸਹੂਲਤ ਸ਼ੁਰੂ,

0
1619

ਲੁਧਿਆਣਾ, 10 ਜਨਵਰੀ (ਸੀ ਐਨ ਆਈ )-”ਬਾਇਓ-ਗੈਸ ਪਲਾਂਟਾਂ ਸਦਕਾ ਜਿੱਥੇ ਲੋਕਾਂ ਨੂੰ ਘਰੇਲੂ ਰਸੋਈ ‘ਚ ਵਰਤੋਂ ਲਈ ਐਲ.ਪੀ.ਜੀ. ਤੋਂ ਵੀ ਸਸਤੀ ਗੈਸ ਮਿਲੀ ਹੈ, ਉੱਥੇ ਬਾਇਓ-ਗੈਸ ਸੁਰੱਖਿਅਤ ਵੀ ਹੈ ਅਤੇ ਇਸ ਨੇ ਵਾਤਾਵਰਣ ਦੀ ਸ਼ੁੱਧਤਾ ਵਿੱਚ ਵੀ ਆਪਣਾ ਅਹਿਮ ਯੋਗਦਾਨ ਪਾਇਆ ਹੈ। ਇਸ ਲਈ ਸਾਨੂੰ ਐਲ.ਪੀ.ਜੀ. ਗੈਸ ਦੀ ਥਾਂ ‘ਤੇ ਬਾਇਓ-ਗੈਸ ਦੀ ਵਰਤੋਂ ਕਰਨੀ ਚਾਹੀਦੀ ਹੈ।”
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਪਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਜ਼ਿਲਾ ਲੁਧਿਆਣਾ ਵਿੱਚ ਇਸ ਚਾਲੂ ਵਿੱਤੀ ਸਾਲ ਦੌਰਾਨ 31 ਦਸੰਬਰ, 2017 ਤੱਕ 240 ਬਾਇਓ-ਗੈਸ ਪਲਾਂਟ ਸਥਾਪਤ ਕੀਤੇ ਗਏ ਹਨ ਅਤੇ ਸਰਕਾਰ ਵੱਲੋਂ ਇਨਾ ਬਾਇਓ-ਗੈਸ ਪਲਾਂਟਾਂ ‘ਤੇ 21,60,000 ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਗਈ ਹੈ। ਊਨਾ ਦੱਸਿਆ ਕਿ ਸਰਕਾਰ ਵੱਲੋਂ ਇੱਕ ਘਣ ਮੀਟਰ ਤੱਕ ਦੇ ਬਾਇਓ ਗੈਸ ਪਲਾਂਟ ਲਗਾਉਣ ‘ਤੇ 5500 ਰੁਪਏ ਸਬਸਿਡੀ ਦਿੱਤੀ ਜਾਂਦੀ ਹੈ, ਜਦ ਕਿ 2 ਘਣ ਮੀਟਰ ਤੋਂ 6 ਘਣ ਮੀਟਰ ਤੱਕ ਦੇ ਬਾਇਓ-ਗੈਸ ਪਲਾਂਟ ਸਥਾਪਤ ਕਰਨ ‘ਤੇ ਆਮ ਸ਼੍ਰੇਣੀ ਦੇ ਲੋਕਾਂ ਨੂੰ 9 ਹਜ਼ਾਰ ਰੁਪਏ, ਪੱਛੜੀਆਂ ਤੇ ਅਨੁਸੂਚਿਤ ਜਾਤੀਆਂ ਨੂੰ 11 ਹਜ਼ਾਰ ਰੁਪਏ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ। ਇਸ ਤੋਂ ਇਲਾਵਾ ਸਵੈ-ਰੋਜ਼ਗਾਰ ਕਰਨ ਵਾਲੇ ਨੌਜਵਾਨ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ 1500 ਰੁਪਏ ਦਿੱਤੇ ਜਾਂਦੇ ਹਨ।
ਸ਼੍ਰੀ ਅਗਰਵਾਲ ਨੇ ਦੱਸਿਆ ਕਿ ਬਾਇਓ ਗੈਸ ਤੋਂ ਪੈਦਾ ਹੋਈ ਮੀਥੇਨ ਗੈਸ ਇੱਕ ਗਰੀਨ ਗੈਸ ਵਜੋਂ ਜਾਣੀ ਜਾਂਦੀ ਹੈ, ਜਿਸ ਦੀ ਵਰਤੋਂ ਨਾਲ ਵਾਤਾਵਰਣ ‘ਚ ਪ੍ਰਦੂਸ਼ਣ ਪੈਦਾ ਨਹੀਂ ਹੁੰਦਾ ਅਤੇ ਇਹ ਮਨੁੱਖੀ ਸਰੀਰ ਨੂੰ ਵੀ ਕੋਈ ਨੁਕਸਾਨ ਨਹੀਂ ਪਹੁੰਚਾਉਂਦੀ। ਬਾਇਓ-ਗੈਸ, ਰਵਾਇਤੀ ਰਸੋਈ ਗੈਸ ਦਾ ਬਹੁਤ ਹੀ ਢੁੱਕਵਾਂ ਬਦਲ ਹੈ ਅਤੇ ਬਾਇਓ-ਗੈਸ ਪਲਾਂਟ ‘ਤੇ ਖਰਚ ਕੀਤਾ ਪੈਸਾ ਊਰਜਾ ਦੀ ਬੱਚਤ ਦੇ ਰੂਪ ਵਿੱਚ ਸਿਰਫ ਦੋ ਸਾਲਾਂ ਵਿੱਚ ਹੀ ਪੂਰਾ ਹੋ ਜਾਂਦਾ ਹੈ। ਊਨਾ ਪੇਂਡੂ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਸ਼ੂ-ਧਨ ਦੇ ਨਾਲ ਬਾਇਓ-ਗੈਸ ਪਲਾਂਟ ਸਥਾਪਤ ਕਰਕੇ ਆਪਣੇ ਖਰਚੇ ਘਟਾਉਣ ਅਤੇ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ ‘ਚ ਸਹਿਯੋਗ ਦੇਣ।
ਊਨਾ ਕਿਹਾ ਕਿ ਜਿਲੇ ਦੇ ਹਰੇਕ ਪਿੰਡ ਵਿੱਚ ਜ਼ਿਆਦਾ ਤੋਂ ਜ਼ਿਆਦਾ ਬਾਇਓ-ਗੈਸ ਪਲਾਂਟ ਲਗਾਉਣੇ ਚਾਹੀਦੇ ਹਨ, ਕਿਉਂਕਿ ਇਸ ਤਰਾਂ ਕਰਨ ਨਾਲ ਜਿੱਥੇ ਬਿਜਲੀ ਦੀ ਬੱਚਤ ਹੁੰਦੀ ਹੈ, ਉੱਥੇ ਹੀ ਸਰਕਾਰ ਵੱਲੋਂ ਇਸ ‘ਤੇ ਵੱਡੀਆਂ ਸਬਸਿਡੀਆਂ ਦਿੱਤੀਆਂ ਜਾਂਦੀਆਂ ਹਨ। ਊਨਾ ਦੱਸਿਆ ਕਿ ਬਾਇਓ-ਗੈਸ ਪਲਾਂਟ ਦੀ ਰਹਿੰਦ-ਖੂੰਹਦ ਨਾਲ ਉੱਤਮ ਕੁਆਲਿਟੀ ਦੀ ਖਾਦ ਬਣਦੀ ਹੈ, ਜੋ ਕਿ ਖੇਤੀ ਲਈ ਵਧੇਰੇ ਲਾਭਦਾਇਕ ਸਾਬਤ ਹੁੰਦੀ ਹੈ।
ਜ਼ਿਲਾ ਮੈਨੇਜਰ ਪੇਡਾ ਸ਼੍ਰੀ ਅਨੁਪਮ ਨੰਦਾ ਨੇ ਦੱਸਿਆ ਕਿ ਵਿੱਦਿਅਕ ਅਦਾਰਿਆਂ, ਹਸਪਤਾਲਾਂ ਅਤੇ ਘਰਾਂ ਵਿੱਚ ਸੋਲਰ ਨੈੱਟ ਮੀਟਰਿੰਗ ਸਿਸਟਮ ਲਗਾਉਣ ‘ਤੇ ਬਿਜਲੀ ਦੀ ਬੱਚਤ ਹੁੰਦੀ ਹੈ। ਉਨਾ ਦੱਸਿਆ ਕਿ ਸਰਕਾਰ ਵੱਲੋਂ ਪੋਲਟਰੀ ਫਾਰਮਾਂ ‘ਤੇ ਵੀ ਬਾਇਓ-ਗੈਸ ਪਲਾਂਟ ਲਗਾਉਣ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ, ਕਿਉਂਕਿ ਮੁਰਗੀਆਂ ਦੀਆਂ ਬਿੱਠਾਂ ਨੂੰ ਵੀ ਬਾਇਓ-ਗੈਸ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨਾ ਕਿਹਾ ਕਿ ਲਾਭਪਾਤਰੀਆਂ ਨੂੰ ਇਨਾ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਨੰਬਰ 79869-98553 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।