26 ਜਨਵਰੀ ਨੂੰ ਮਨਪ੍ਰੀਤ ਸਿੰਘ ਬਾਦਲ ਲਹਿਰਾਉਣਗੇ ਕੌਮੀ ਤਿਰੰਗਾ , ਡਿਪਟੀ ਕਮਿਸ਼ਨਰ ਵੱਲੋਂ ਸੁਚੱਜੇ ਪ੍ਰਬੰਧਾਂ ਸੰਬੰਧੀ ਹਦਾਇਤਾਂ ਜਾਰੀ,

0
1395

ਲੁਧਿਆਣਾ, 19 ਜਨਵਰੀ (ਸੀ ਐਨ ਆਈ ) 26 ਜਨਵਰੀ ਨੂੰ ਗਣਤੰਤਰ ਦਿਵਸ ਸੰਬੰਧੀ ਜਿੱਲ੍ਹਾ ਪੱਧਰੀ ਸਮਾਗਮ ਹਰ ਸਾਲ ਦੀ ਤਰਾਂ ਗੁਰੂ ਨਾਨਕ ਸਟੇਡੀਅਮ ਵਿਖੇ ਮਨਾਇਆ ਜਾਵੇਗਾ, ਜਿਸ ਵਿੱਚ ਜਿੱਥੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ, ਉਥੇ ਹੀ ਫੌਜ ਦਾ ‘ਮਾਸ ਬੈਂਡ ਡਿਸਪਲੇਅ’ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗਾ। ਇਹ ਜਾਣਕਾਰੀ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਇਸ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਕੀਤੀ ਮੀਟਿੰਗ ਦੌਰਾਨ ਦਿੱਤੀ।
ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ 10-12 ਮਿੰਟ ਦੀ ‘ਮਾਸ ਬੈਂਡ ਡਿਸਪਲੇਅ’ ਪੇਸ਼ਕਾਰੀ ਵਿੱਚ ਬੈਂਡ ਕਰਮੀਆਂ ਵੱਲੋਂ ਕਈ ਕੌਤਕ ਦਿਖਾਏ ਜਾਣਗੇ, ਜੋ ਕਿ ਇਸ ਸਮਾਰੋਹ ਨੂੰ ਪਿਛਲੇ ਸਮਾਰੋਹਾਂ ਨਾਲੋਂ ਵਿਲੱਖਣਤਾ ਦੇਵੇਗਾ। ਉਨਾਨੇ ਕਿਹਾ ਕਿ ਇਸ ਸਮਾਗਮ ਵਿੱਚ ਪੰਜਾਬ ਦੇ ਵਿੱਤ ਅਤੇ ਯੋਜਨਾ ਮੰਤਰੀ ਸ੍ਰ. ਮਨਪ੍ਰੀਤ ਸਿੰਘ ਬਾਦਲ ਮੁੱਖ ਮਹਿਮਾਨ ਵਜੋਂ ਪੁੱਜਣਗੇ ਅਤੇ ਕੌਮੀ ਤਿਰੰਗੇ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕਰਨਗੇ।
ਰੰਗਾਰੰਗ ਪ੍ਰੋਗਰਾਮ, ਪੀ. ਟੀ. ਸ਼ੋਅ ਅਤੇ ਲੇਜ਼ੀਅਮ ਵਿੱਚ ਵੱਖ-ਵੱਖ ਸਕੂਲਾਂ ਦੇ 2000 ਤੋਂ ਵਧੇਰੇ ਵਿਦਿਆਰਥੀ ਭਾਗ ਲੈਣਗੇ। ਇਸ ਤੋਂ ਇਲਾਵਾ ਆਜ਼ਾਦੀ ਘੁਲਾਟੀਏ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਸਮਾਗਮ ਸਵੇਰੇ 9.58 ਮਿੰਟ ‘ਤੇ ਮੁੱਖ ਮਹਿਮਾਨ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਾਲ ਸ਼ੁਰੂ ਹੋਵੇਗਾ। ਸਮਾਗਮ ਤੋਂ ਪਹਿਲਾਂ 24 ਜਨਵਰੀ ਨੂੰ ਫੁੱਲ ਡਰੈੱਸ ਰਿਹਰਸਲ ਕਰਵਾਈ ਜਾਵੇਗੀ।
ਵੱਖ-ਵੱਖ ਵਿਭਾਗਾਂ ਨੂੰ ਡਿਪਟੀ ਕਮਿਸ਼ਨਰ ਸ੍ਰੀ ਅਗਰਵਾਲ ਨੇ ਕਿਹਾ ਕਿ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ ਸਮਾਗਮ ਦੋ ਰਾਸ਼ਟਰੀ ਸਮਾਗਮ ਹੁੰਦੇ ਹਨ, ਜਿੰਨਾ ਨੂੰ ਹਰੇਕ ਦੇਸ਼ ਵਾਸੀ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਉਨਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ। ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਮਾਗਮ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਦੀ ਪੂਰੀ ਤਰਾਂ ਸਫਾਈ ਕਰਵਾਈ ਜਾਵੇ। ਉਨਾ ਜਿੱਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਵਧ ਚੜ• ਕੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ।
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸੁਰਭੀ ਮਲਿਕ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਸੰਦੀਪ ਗਰਗ, ਜ਼ੋਨਲ ਕਮਿਸ਼ਨਰ ਨਗਰ ਨਿਗਮ ਡਾ. ਪੂਨਮ ਪ੍ਰੀਤ ਕੌਰ, ਸ੍ਰ. ਦਮਨਜੀਤ ਸਿੰਘ ਅਤੇ ਸ੍ਰ. ਅਮਰਜੀਤ ਸਿੰਘ ਬੈਂਸ ਦੋਵੇਂ ਉੱਪ ਮੰਡਲ ਮੈਜਿਸਟ੍ਰੇਟ ਅਤੇ ਹੋਰ ਅਧਿਕਾਰੀ ਹਾਜ਼ਰ ਸਨ।