ਦਸੰਬਰ 2016 ਤੱਕ ਸਥਾਪਤ ਹੋਵੇਗਾ ਗੁਰੂ ਰਵਿਦਾਸ ਸਮਾਰਕ: ਠੰਡਲ

0
1603

੍ਹ ਸਮਾਰਕ ਦੇ ਕਾਰਜਾਂ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਕੀਤੀ ਸਮੀਖਿਆ ਮੀਟਿੰਗ
੍ਹ ‘ਮੀਨਾਰ-ਏ-ਬੇਗਮਪੁਰਾ’ ਹੋਵੇਗਾ ਵਿਸ਼ੇਸ਼ ਖਿੱਚ ਦਾ ਕੇਂਦਰ

ਚੰਡੀਗੜ੍ਹ, 15 ਮਈ (ਧਰਮਵੀਰ ਨਾਗਪਾਲ) ਗੁਰੂ ਰਵਿਦਾਸ ਜੀ ਦੀ ਚਰਨ ਛੋਹ ਪ੍ਰਾਪਤ ਹੁਸ਼ਿਆਰਪੁਰ ਦੇ ਪਿੰਡ ਖੁਰਾਲਗੜ੍ਹ ਵਿਖੇ ਪੰਜਾਬ ਸਰਕਾਰ ਵੱਲੋਂ ਉਸਾਰਿਆ ਜਾ ਰਿਹਾ ਗੁਰੂ ਰਵਿਦਾਸ ਸਮਾਰਕ ਦਸੰਬਰ 2016 ਤੱਕ ਮੁਕੰਮਲ ਹੋ ਜਾਵੇਗਾ। ਇਹ ਜਾਣਕਾਰੀ ਪੰਜਾਬ ਦੇ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਸ. ਸੋਹਣ ਸਿੰਘ ਠੰਡਲ ਨੇ ਦਿੱਤੀ। ਉਹ ਅੱਜ ਇਥੇ ਸੈਕਟਰ 38 ਸਥਿਤ ਸੱਭਿਆਚਾਰ ਵਿਭਾਗ ਦੇ ਮੁੱਖ ਦਫਤਰ ਵਿਖੇ ਗੁਰੂ ਰਵਿਦਾਸ ਸਮਾਰਕ ਦੀ ਸਥਾਪਨਾ ਅਤੇ ਚੱਲ ਰਹੇ ਕੰਮਾਂ ਦੀ ਸਮੀਖਿਆ ਲਈ ਕਾਰਜਕਾਰਨੀ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਸ.ਠੰਡਲ ਨੇ ਦੱਸਿਆ ਕਿ ਸਮਾਰਕ ਦੀ ਸਥਾਪਨਾ ਲਈ ਵਿਭਾਗ ਵੱਲੋਂ ਪਿੰਡ ਖੁਰਾਲਗੜ੍ਹ ਵਿਖੇ 12 ਏਕੜ ਜ਼ਮੀਨ ਐਕਵਾਇਰ ਕੀਤੀ ਜਾ ਚੁੱਕੀ ਹੈ। ਇਸ ਸਮਾਰਕ ਦਾ ਖਾਕਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕਟੀਟੈਕਟ ਵਿਭਾਗ ਪਾਸੋਂ ਉਲੀਕਿਆ ਗਿਆ ਹੈ। ਅੱਜ ਦੀ ਮੀਟਿੰਗ ਵਿੱਚ ਇਸ ਖਾਕੇ ਦੀ ਸਮੀਖਿਆ ਕੀਤੀ ਗਈ। ਸੱਭਿਆਚਾਰ ਮਾਮਲੇ ਦੇ ਮੰਤਰੀ ਨੇ ਦੱਸਿਆ ਕਿ ਇਸ ਸਮਾਰਕ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ‘ਮੀਨਾਰ-ਏ-ਬੇਗਮਪੁਰਾ’, 10 ਹਜ਼ਾਰ ਸ਼ਰਧਾਲੂਆਂ ਦੇ ਬੈਠਣ ਦੀ ਸਮਰੱਥਾ ਵਾਲਾ ਪੱਕਾ ਸੰਗਤ ਹਾਲ, ਮਿਊਜ਼ੀਅਮ, ਲਾਇਬ੍ਰੇਰੀ, ਫੂਡ ਕੋਰਟ ਤੋਂ ਇਲਾਵਾ 500 ਯਾਤਰੀਆਂ ਦੇ ਠਹਿਰਨ ਲਈ ਆਧੁਨਿਕ ਸਹੂਲਤਾਂ ਵਾਲੇ ਫਲੈਟਨੁਮਾ ਕਮਰੇ ਉਸਾਰੇ ਜਾਣਗੇ। ਉਨ੍ਹਾਂ ਕਿਹਾ ਕਿ ‘ਮੀਨਾਰ-ਏ-ਬੇਗਮਪੁਰਾ’ ਆਰਕੀਟੈਕਟ ਦਾ ਉਤਮ ਨਮੂਨਾ ਹੋਵੇਗੀ ਜਿਹੜੀ ਸਮਾਰਕ ਵਿੱਚ ਖਿੱਚ ਦਾ ਕੇਂਦਰ ਹੋਵੇਗੀ।
ਸ. ਠੰਡਲ ਨੇ ਕਿਹਾ ਕਿ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਖੁਦ ਨਿੱਜੀ ਤੌਰ ’ਤੇ ਇਸ ਪ੍ਰਾਜੈਕਟ ਵਿੱਚ ਦਿਲਚਸਪੀ ਰੱਖ ਰਹੇ ਹਨ ਜਿਸ ਤਹਿਤ ਉਨ੍ਹਾਂ ਸਮਾਰਕ ਦੇ ਤੈਅ ਸਮੇਂ ਅੰਦਰ ਉਸਾਰੀ ਮੁਕੰਮਲ ਕਰਵਾ ਕੇ ਡੇਢ ਸਾਲ ਦੇ ਅੰਦਰ ਇਸ ਨੂੰ ਸੰਗਤਾਂ ਨੂੰ ਸਮਰਪਿਤ ਕਰਨ ਦਾ ਟੀਚਾ ਮਿੱਥਿਆ ਹੈ। ਉਨ੍ਹਾਂ ਮੀਟਿੰਗ ਦੌਰਾਨ ਇਹ ਵੀ ਨਿਰਦੇਸ਼ ਦਿੱਤੇ ਕਿ ਜੁਲਾਈ ਮਹੀਨੇ ਤੱਕ ਇਸ ਦਾ ਕੰਮ ਹਰ ਹੀਲੇ ਸ਼ੁਰੂ ਹੋ ਜਾਣਾ ਚਾਹੀਦਾ ਹੈ ਤਾਂ ਜੋ ਤੈਅ ਸਮੇਂ ਇਸ ਦੀ ਉਸਾਰੀ ਮੁਕੰਮਲ ਕੀਤੀ ਜਾਵੇ।
ਮੀਟਿੰਗ ਵਿੱਚ ਕਾਰਜਕਾਰਨੀ ਕਮੇਟੀ ਦੇ ਮੈਂਬਰ ਵਿਧਾਇਕ ਸ. ਸਰਵਣ ਸਿੰਘ ਫਿਲੌਰ, ਪੰਜਾਬ ਪਛੜੀਆਂ ਸ਼੍ਰੇਣੀ ਭਲਾਈ ਕਮਿਸ਼ਨ ਦੇ ਚੇਅਰਮੈਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਪ੍ਰਮੁੱਖ ਸਕੱਤਰ/ਮੁੱਖ ਮੰਤਰੀ ਸ੍ਰੀ ਐਸ.ਕੇ.ਸੰਧੂ, ਪ੍ਰਮੁੱਖ ਸਕੱਤਰ, ਸੱਭਿਆਚਾਰਕ ਮਾਮਲੇ ਸ੍ਰੀਮਤੀ ਅੰਜਲੀ ਭਾਵੜਾ, ਡਾਇਰੈਕਟਰ, ਸੱਭਿਆਚਾਰਕ ਮਾਮਲੇ ਸ੍ਰੀ ਨਵੋਜਤ ਸਿੰਘ ਰੰਧਾਵਾ, ਸ੍ਰੀ ਜਸਵੀਰ ਸਿੰਘ ਸਾਬਰ, ਸ੍ਰੀ ਅਵਤਾਰ ਸਿੰਘ ਈਸੇਵਾਲ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਰਕਟੀਟੈਕਟ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।