ਸਿਖਿਆ ਮੰਤਰੀ ਨੇ ਮਾੜੇ ਨਤੀਜਿਆਂ ਦੀ ਪੜਤਾਲ ਲਈ ਬਣਾਈਆਂ ਟੀਮਾਂ ਨਾਲ ਕੀਤੀ ਵਿਚਾਰ ਚਰਚਾ ਕਮਜ਼ੋਰ ਵਿਦਿਆਰਥੀਆਂ ਵੱਲ ਵਿਸ਼ੇਸ਼ ਧਿਆਨ ਦੇਣ ਲਈ ਪੰਜਵੀਂ ਤੇ ਅੱਠਵੀਂ ਕਲਾਸਾਂ ਦਾ ਹੋਵੇਗਾਂ ਮੁਲਾਂਕਣ: ਡਾ.ਚੀਮਾ

0
1434

ਮੁਹਾਲੀ, 10 ਅਗਸਤ (ਧਰਮਵੀਰ ਨਾਗਪਾਲ) ਸਿਖਿਆ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਅੱਜ ਐਲਾਨ ਕਰਦਿਆਂ ਇਹ ਫੈਸਲਾ ਕੀਤਾ ਕਿ ਬਿਹਤਰ ਨਤੀਜਿਆਂ ਅਤੇ ਮਿਆਰੀ ਸਿਖਿਆ ਦੇ ਟੀਚਿਆਂ ਦੀ ਪ੍ਰਾਪਤੀ ਪੰਜਵੀਂ ਤੇ ਅੱਠਵੀਂ ਕਲਾਸਾਂ ਦੇ ਵਿਦਿਆਰਥੀਆਂ ਦੀ ਸਿੱਖਣ ਸ਼ਕਤੀ ਦੀ ਕਲਾ ਜਾਨਣ ਲਈ ਵਿਦਿਆਰਥੀਆਂ ਦਾ ਮੁਲਾਂਕਣ ਕੀਤਾ ਜਾਵੇਗਾ। ਸਿਖਿਆ ਮੰਤਰੀ ਨੇ ਕਿਹਾ ਕਿ ਮੁਲਾਂਕਣ ਦਾ ਮਨੋਰਥ ਕਮਜ਼ੋਰ ਵਿਦਿਆਰਥੀਆਂ ਦੀ ਸ਼ਨਾਖਤ ਕਰ ਕੇ ਉਨ•ਾਂ ਵੱਲ ਵਿਸ਼ੇਸ਼ ਧਿਆਨ ਦੇਣਾ ਹੋਵੇਗਾ। ਡਾ.ਚੀਮਾ ਨੇ ਵਿਭਾਗ ਨੂੰ ਇਹ ਵੀ ਨਿਰਦੇਸ਼ ਦਿੱਤੇ ਕਿ ਅਧਿਆਪਕਾਂ ਦੀ ਸਾਲਾਨਾ ਗੁਪਤ ਰਿਪੋਰਟ (ਏ.ਸੀ.ਆਰ.) ਨਤੀਜਿਆਂ ਅਨੁਸਾਰ ਲਿਖੀ ਜਾਵੇ। ਸਿਖਿਆ ਮੰਤਰੀ ਨੇ ਇਹ ਫੈਸਲਾ ਸੂਬੇ ਦੇ 220 ਸਕੂਲਾਂ ਦੇ ਆਏ ਸਭ ਤੋਂ ਮਾੜੇ ਨਤੀਜਿਆਂ ਕਾਰਨ ਜਾਣਨ ਲਈ ਬਣਾਈਆਂ ਕੁੱਲ 22 ਟੀਮਾਂ ਨਾਲ ਲੰਬੀ ਵਿਚਾਰ ਚਰਚਾ ਕਰਨ ਉਪਰੰਤ ਕੀਤਾ। ਇਹ ਮੀਟਿੰਗ ਮੁਹਾਲੀ ਸਥਿਤ ਪੰਜਾਬ ਸਕੂਲ ਸਿਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਹੋਈ। ਸਿਖਿਆ ਮੰਤਰੀ ਨੇ ਇਹ ਫੈਸਲਾ ਅੱਜ ਲੰਬੀ ਵਿਚਾਰ ਚਰਨਾ ਉਪਰੰਤ ਮੌਕੇ ’ਤੇ ਹੀ ਮੌਜੂਦ ਸਿਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਲਿਆ। ਸਿਖਿਆ ਮੰਤਰੀ ਨੇ ਦੱਸਿਆ ਕਿ ਅੱਜ ਸੂਬੇ ਦੀਆਂ ਸਮੂਹ ਜ਼ਿਲਾ ਵਾਰ 22 ਟੀਮਾਂ ਵੱਲੋਂ ਪੰਜਾਬੀ, ਹਿੰਦੀ, ਗਣਿਤ ਤੇ ਅੰਗਰੇਜ਼ੀ ਦੇ ਮਾੜੇ ਨਤੀਜੇ ਵਾਲੇ ਕੁੱਲ 220 ਸਕੂਲਾਂ (ਹਰ ਜ਼ਿਲੇ ਦੇ 10-10 ਸਕੂਲ) ਦੇ ਕਾਰਨਾਂ ਬਾਰੇ ਵਿਚਾਰ ਚਰਚਾ ਉਪਰੰਤ ਇਹ ਫੈਸਲਾ ਕੀਤਾ ਗਿਆ ਜਦੋਂ ਤੱਕ ਸਿਖਿਆ ਦੇ ਅਧਿਕਾਰ ਦੇ ਕਾਨੂੰਨ ਵਿੱਚ ਪੰਜਵੀਂ ਤੇ ਅੱਠਵੀਂ ਦੀ ਪ੍ਰੀਖਿਆ ਮੁੜ ਸ਼ੁਰੂ ਕਰਨ ਲਈ ਕੋਈ ਸੋਧ ਨਹੀਂ ਹੁੰਦੀ ਉਦੋਂ ਤੱਕ ਪੰਜਾਬ ਦਾ ਸਿਖਿਆ ਵਿਭਾਗ ਐਸ.ਸੀ.ਈ.ਆਰ.ਟੀ. ਰਾਹੀਂ ਪੰਜਵੀਂ ਤੇ ਅੱਠਵੀਂ ਦੇ ਵਿਦਿਆਰਥੀਆਂ ਦੀ ਸਿੱਖਣ ਸ਼ਕਤੀ ਜਾਨਣ ਲਈ ਉਨ•ਾਂ ਦਾ ਮੁਲਾਂਕਣ ਕਰੇਗਾ। ਇਸ ਮੁਲਾਂਕਣ ਦਾ ਮੁੱਖ ਮਨੋਰਥ ਕਮਜ਼ੋਰ ਵਿਦਿਆਰਥੀਆਂ ਦੀ ਸ਼ਨਾਖਤ ਕਰਨਾ ਹੈ। ਉਨ•ਾਂ ਕਿਹਾ ਕਿ ਮੁਲਾਂਕਣ ਦੀ ਵਿਧੀ ਨਾਲ ਪਤਾ ਲੱਗੇਗਾ ਕਿ ਕਿਹੜਾ ਵਿਦਿਆਰਥੀ ਕਿਸ ਵਿਸ਼ੇ ਵਿੱਚ ਕਮਜ਼ੋਰ ਹੈ ਅਤੇ ਬਾਅਦ ਵਿੱਚ ਅਜਿਹੇ ਵਿਦਿਆਰਥੀਆਂ ਵੱਲ ਵਿਸ਼ਾ ਅਨੁਸਾਰ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਤਾਂ ਜੋ ਉਹ ਅਗਲੀਆਂ 10ਵੀਂ ਤੇ 12ਵੀਂ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਬਿਹਤਰ ਨਤੀਜੇ ਦੇ ਸਕਣ। ਉਨ•ਾਂ ਇਹ ਵੀ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵੱਲੋਂ ਪਹਿਲਾਂ ਹੀ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸਿਖਿਆ ਦੇ ਅਧਿਕਾਰ ਕਾਨੂੰਨ ਵਿੱਚ ਸੋਧ ਕਰਨ ਦੀ ਤਜਵੀਜ਼ ਰੱਖਦਿਆਂ ਇਹ ਮੰਗ ਕੀਤੀ ਗਈ ਹੈ ਕਿ ਪੰਜਵੀਂ ਤੇ ਅੱਠਵੀਂ ਦੀ ਬੋਰਡ ਪ੍ਰੀਖਿਆ ਮੁੜ ਸ਼ੁਰੂ ਕੀਤੀ ਜਾਵੇ ਅਤੇ ਫੇਲ• ਵਿਦਿਆਰਥੀਆਂ ਨੂੰ ਅਗਲੀ ਜਮਾਤ ਵਿੱਚ ਨਾ ਕੀਤਾ ਜਾਵੇ। ਉਨ•ਾਂ ਕਿਹਾ ਕਿ ਜਦੋਂ ਤੱਕ ਇਸ ਕਾਨੂੰਨ ਵਿੱਚ ਕੋਈ ਸੋਧ ਨਹੀਂ ਹੁੰਦੀ ਉਦੋਂ ਤੱਕ ਐਸ.ਸੀ.ਈ.ਆਰ.ਟੀ. ਵੱਲੋਂ ਲਰਨਿੰਗ ਆਊਟ ਕਮ ਲਈ ਮੁਲਾਂਕਣ ਕੀਤਾ ਜਾਵੇਗਾ।
ਡਾ.ਚੀਮਾ ਨੇ ਦੱਸਿਆ ਇਕ ਅੱਜ ਦੀ ਵਿਚਾਰ ਚਰਚਾ ਵਿੱਚ ਇਹ ਵੀ ਫੈਸਲਾ ਹੋਇਆ ਕਿ ਸੂਬੇ ਦੇ ਸਮੂਹ ਅਧਿਆਪਕਾਂ ਤੋਂ ਪਿਛਲੇ ਪੰਜ ਸਾਲਾਂ ਦੌਰਾਨ ਦਸਵੀਂ ਤੇ ਬਾਰ•ਵੀਂ ਦੇ ਬੋਰਡ ਨਤੀਜਿਆਂ ਦਾ ਡਾਟਾ ਮੰਗਿਆ ਗਿਆ ਹੈ। ਸੂਬੇ ਦੇ ਸਮੂਹ ਅਧਿਆਪਕ ਇਹ ਡਾਟਾ ਸਕੂਲ ਜਾਂ ਘਰ ਬੈਠਿਆ ਹੀ ਆਨ ਲਾਈਨ ਵੈਬ ਪੋਰਟਲ ਉਪਰ ਅਪਲੋਡ ਕਰਨਗੇ। ਉਨ•ਾਂ ਕਿਹਾ ਕਿ ਪੰਜ ਸਾਲ ਦੇ ਨਤੀਜਿਆਂ ਦਾ ਮੁਲਾਂਕਣ ਕਰ ਕੇ ਸਭ ਤੋਂ ਮਾੜੇ ਨਤੀਜਿਆਂ ਵਾਲੇ ਅਧਿਆਪਕਾਂ ਨੂੰ ਵਿਸ਼ੇਸ਼ ਸਿਖਲਾਈ ਦੇਣ ਦਾ ਪ੍ਰੋਗਰਾਮ ਉਲੀਕਿਆ ਜਾਵੇਗਾ। ਉਨ•ਾਂ ਕਿਹਾ ਕਿ ਐਸ.ਸੀ.ਈ.ਆਰ.ਟੀ. ਨੂੰ ਨਿਰੇਦਸ਼ ਦਿੱਤੇ ਗਏ ਹਨ ਕਿ ਅਧਿਆਪਕਾਂ ਨੂੰ ਸਿਖਲਾਈ ਦੇਣ ਲਈ ਮਾਸਟਰ ਟਰੇਨਰਾਂ ਦੇ ਗਰੁੱਪ ਤਿਆਰ ਕੀਤੇ ਜਾਣ ਅਤੇ ਰਿਸੋਰਸ ਪਰਸਨਜ਼ ਵਿੱਚ ਵਿਸ਼ਾ ਤੇ ਸਿਖਿਆ ਮਾਹਿਰਾਂ ਤੋਂ ਇਲਾਵਾ ਆਪਣੀ ਇੱਛਾ ਨਾਲ ਸਿਖਲਾਈ ਦੇਣ ਦੇ ਇਛੁਕ ਸੇਵਾ ਮੁਕਤ ਅਧਿਆਪਕਾਂ ਨੂੰ ਵੀ ਸ਼ਾਮਲ ਕੀਤਾ ਜਾਵੇ। ਇਸ ਤੋਂ ਪਹਿਲਾਂ ਅੱਜ ਸਾਰੀਆਂ 22 ਟੀਮਾਂ ਨੇ ਵਾਰੋ-ਵਾਰੀ ਪਾਵਰ ਪੁਆਇੰਟ ਪੇਸ਼ਕਾਰੀ ਰਾਹੀਂ ਹਰ ਜ਼ਿਲੇ ਦੇ ਮਾੜੇ ਨਤੀਜੇ ਵਾਲੇ 10-10 ਸਕੂਲਾਂ ਦੇ ਮਾੜੇ ਨਤੀਜਿਆਂ ਦੇ ਕਾਰਨ ਅਤੇ ਇਨ•ਾਂ ਦੇ ਹੱਲ ਲਈ ਸੁਝਾਅ ਦਿੱਤੇ। ਸਿਖਿਆ ਮੰਤਰੀ ਸਮੇਤ ਹੋਰਨਾਂ ਸਿਖਿਆ ਅਧਿਕਾਰੀਆਂ ਨੇ ਹਰ ਪੇਸ਼ਕਾਰੀ ਵਿੱਚ ਕਾਰਨਾਂ ਅਤੇ ਸੁਝਾਵਾਂ ਬਾਰੇ ਨਾਲੋ-ਨਾਲ ਚਰਚਾ ਵੀ ਕੀਤੀ। ਅੱਜ ਦੀ ਮੀਟਿੰਗ ਵਿੱਚ ਪ੍ਰਮੁੱਖ ਸਕੱਤਰ ਸ੍ਰੀ ਸੀ ਰਾਊਲ, ਡੀ.ਜੀ.ਐਸ.ਈ. ਸ੍ਰੀ ਪ੍ਰਦੀਪ ਅੱਗਰਵਾਲ, ਵਿਸ਼ੇਸ਼ ਸਕੱਤਰ ਸ੍ਰੀ ਗੁਰਦੀਪ ਸਿੰਘ, ਡੀ.ਪੀ.ਆਈ. (ਸੈਕੰਡਰੀ ਸਿਖਿਆ) ਸ੍ਰੀ ਬਲਬੀਰ ਸਿੰਘ ਢੋਲ, ਡੀ.ਪੀ.ਆਈ. (ਐਲੀਮੈਂਟਰੀ ਸਿਖਿਆ) ਸ੍ਰੀ ਹਰਬੰਸ ਸਿੰਘ ਸੰਧੂ, ਐਸ.ਸੀ.ਈ.ਆਰ.ਟੀ. ਦੇ ਡਾਇਰੈਕਟਰ ਸ੍ਰੀ ਸੁਖਦੇਵ ਸਿੰਘ ਕਾਹਲੋਂ, ਡਿਪਟੀ ਡਾਇਰੈਕਟਰ ਡਾ.ਗਿੰਨੀ ਦੁੱਗਲ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦੀ ਡਾਇਰੈਕਟਰ (ਅਕਾਦਮਿਕ) ਅੰਮ੍ਰਿਤਾ ਗਿੱਲ ਤੋਂ ਇਲਾਵਾ ਸਮੂਹ 22 ਟੀਮਾਂ ਵਿੱਚ ਸ਼ਾਮਲ ਜ਼ਿਲਾ ਸਿਖਿਆ ਅਧਿਕਾਰੀ, ਡਾਇਟ ਅਤੇ ਇਨ ਸਰਵਿਸ ਕੇਂਦਰਾਂ ਦੇ ਪ੍ਰਿੰਸੀਪਲ ਅਤੇ ਸਬੰਧਤ ਵਿਸ਼ਿਆਂ ਦੇ ਸੀਨੀਅਰ ਲੈਕਚਰਾਰ ਸ਼ਾਮਲ ਹੋਏ।