ਹੈਲਪ ਕਮਿਊਨਿਟੀ ਵੈਲਫ਼ੇਅਰ ਸੁਸਾਇਟੀ ਕੋਟਕਪੂਰੇ ਦੀ ਸੁੰਦਰਤਾ ‘ਚ ਵਾਧਾ ਕਰਨ ਲਈ ਯਤਨਸ਼ੀਲ : ਡਾ.ਢਿੱਲੋਂ

0
1677

ਕੋਟਕਪੂਰਾ, 25 ਦਸੰਬਰ ( ਮਖਣ ਸਿੰਘ ) :- ਸਾਡਾ ਕੰਮ ਸਿਰਫ਼ ਫੋਟੋਆਂ ਖਿਚਵਾਉਣਾ ਜਾਂ ਫੋਕੀ ਸ਼ੋਹਰਤ ਹਾਸਲ ਕਰਨਾ ਨਹੀਂ, ਬਲਕਿ ਅਸੀਂ ਦਿਲੋਂ ਸ਼ਹਿਰ ਦੇ ਵਿਕਾਸ ਅਤੇ ਸੁੰਦਰਤਾ ‘ਚ ਵਾਧਾ ਕਰਨ ਲਈ ਯਤਨਸ਼ੀਲ ਹਾਂ। ਉਕਤ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਫਰੀਦ ਕਾਲਜ ਆਫ਼ ਨਰਸਿੰਗ ਕੋਟਕਪੂਰਾ ਦੇ ਮੈਨੇਜਿੰਗ ਡਾਇਰੈਕਟਰ ਤੇ ਹੈਲਪ ਕਮਿਊਨਿਟੀ ਵੈਲਫੇਅਰ ਸੁਸਾਇਟੀ ਪੰਜਾਬ ਦੇ ਪ੍ਰਧਾਨ ਡਾ.ਮਨਜੀਤ ਸਿੰਘ ਢਿੱਲੋਂ ਨੇ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਸਾਇਟੀ ਵੱਲੋਂ ਵਿੱਢੇ ਕਾਰਜਾਂ ਦੀ ਜਾਣਕਾਰੀ ਦੇਣ ਮੌਕੇ ਕੀਤਾ। ਉਨ੍ਹਾਂ ਦੱਸਿਆ ਕਿ ਸਥਾਨਕ ਬੱਤੀਆਂ ਵਾਲੇ ਚੌਂਕ ਦੀ ਟੋਇਆਂ ਵਾਲੀ ਨਾਕਸ ਸੜਕ ਤੋਂ ਲੰਘਣ ਵਾਲੇ ਰਾਹਗੀਰ, ਵਾਹਨ ਚਾਲਕ ਤੇ ਆਮ ਲੋਕ ਕੋਟਕਪੂਰੇ ਦੇ ਵਸਨੀਕਾਂ ਨੂੰ ਟਿੱਚਰਾਂ ਤੇ ਮਖੌਲ ਕਰਕੇ ਨਹੀਂ ਸਨ ਲੰਘਦੇ, ਬਲਕਿ ਗਾਲ੍ਹਾਂ ਤੱਕ ਵੀ ਕੱਢ ਦਿੰਦੇ ਸਨ ਪਰ ਉਨ੍ਹਾਂ ਨਿੱਜੀ ਦਿਲਚਸਪੀ ਲੈਂਦਿਆਂ ਲੱਖਾਂ ਰੁਪਿਆ ਖਰਚ ਕਰਕੇ ਚੌਂਕ ਨੂੰ ਨਵੀਂ ਤੇ ਸੁੰਦਰ ਦਿੱਖ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ। ਡਾ.ਢਿੱਲੋਂ ਨੇ ਦੱਸਿਆ ਕਿ ਸਿਵਲ ਹਸਪਤਾਲ ਕੋਟਕਪੂਰਾ ‘ਚ ਪਾਰਕਿੰਗ ਦੀ ਸੁੰਦਰਤਾ, ਫਰੀਦਕੋਟ ਸੜਕ ‘ਤੇ ਸਥਿਤ ਡਿਵਾਈਡਰ ਦੀ ਮੁਰੰਮਤ, ਰੇਲਵੇ ਫ਼ਾਟਕ ਨੇੜਲੇ ਇਲਾਕੇ ‘ਚ ਸੁਧਾਰ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ‘ਸਵੱਛ ਭਾਰਤ ਮੁਹਿੰਮ’ ਤਹਿਤ ਸਫ਼ਾਈ ਕਰਵਾਉਣ ਦਾ ਕੰਮ ਵਿੱਢਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਸੁਸਾਇਟੀ ਨੇ ਲੱਖਾਂ ਰੁਪਿਆ ਖਰਚ ਕੇ ਇਕ ਅਜਿਹੀ ਮਸ਼ੀਨ ਲਿਆਂਦੀ ਹੈ, ਜੋ ਸ਼ਹਿਰ ਦੀਆਂ ਸੜਕਾਂ ਤੇ ਗਲੀ-ਮੁਹੱਲਿਆਂ ‘ਚੋਂ ਮਿੱਟੀ ਹੂੰਝ ਕੇ ਸ਼ਹਿਰੋਂ ਬਾਹਰ ਸੁੱਟੇਗੀ ਤੇ ਸ਼ਹਿਰ ਦੀ ਸੁੰਦਰਤਾ ‘ਚ ਵਾਧਾ ਹੋਣਾ ਸੁਭਾਵਿਕ ਹੈ। ਇਸ ਮੌਕੇ ਉਨ੍ਹਾਂ ਨਾਲ ਡਾ.ਪ੍ਰੀਤਮ ਸਿੰਘ ਛੋਕਰ ਡਿਪਟੀ ਡਾਇਰੈਕਟਰ, ਰਾਜ ਸਿੰਘ ਢਿੱਲੋਂ ਆਦਿ ਵੀ ਹਾਜ਼ਰ ਸਨ।