ਕਾਂਗਰਸ ਦੇ ਰਾਜ ‘ਚ ਬਾਦਲ ਦੀ ‘ਸਰਦਾਰੀ’! ਬਾਦਲ ਦੀ ਫੋਟੋ ਦੇਖ ਕੇ ਮਿਲਦਾ ਹੈ ਰਾਸ਼ਨ ਸਰਕਾਰੀ

0
1701

ਇਸ ਨੂੰ ਭਾਵੇਂ ਸਿਆਸੀ ਦੋਸਤਾਨਾ ਆਖੋ ਜਾਂ ਵਿਭਾਗ ਦੀ ਮਜਬੂਰੀ, ਚਾਹੇ ਸਿਆਸਤ ਤੋਂ ਉੱਪਰ ਉੱਠਣ ਦਾ ਵੱਡਾਪਣ ਸਮਝ ਲਵੋ ਪਰ ਕਾਂਗਰਸ ਸਰਕਾਰ ਦੇ ਖੁਰਾਕ ਸਪਲਾਈ ਵਿਭਾਗ ਵਲੋਂ ਬਾਦਲ ਦੀ ਫੋਟੋ ਵਾਲੇ ਨੀਲੇ ਕਾਰਡ ਦੇਖ਼ ਕੇ ਸਿਰਫ ਰਾਸ਼ਨ ਵੰਡਿਆ ਹੀ ਨਹੀਂ ਜਾ ਰਿਹਾ, ਸਗੋਂ ਸਰਕਾਰ ਦੇ ਮੰਤਰੀਆਂ, ਵਿਧਾਇਕਾਂ ਤੇ ਲੀਡਰਾਂ ਵਲੋਂ ਸਰਕਾਰੀ ਡਿਪੂਆਂ ‘ਤੇ ਰਾਸ਼ਨ ਵੰਡਣ ਦਾ ਉਦਘਾਟਨ ਵੀ ਆਪਣੇ ਹੱਥੀਂ ਕੀਤਾ ਜਾ ਰਿਹਾ ਹੈ।

ਜਾਣਕਾਰੀ ਅਨੁਸਾਰ ਪੰਜਾਬ ਵਿਚ ਗਰੀਬ ਵਰਗ ਲਈ ਸਸਤੇ ਰਾਸ਼ਨ ਦੀ ਸਪਲਾਈ ਲਈ ਸ਼ੁਰੂ ਕੀਤੀ ਨੀਲਾ ਕਾਰਡ ਯੋਜਨਾ ਅਧੀਨ 36 ਲੱਖ 31 ਹਜ਼ਾਰ 419 ਲਾਭਪਾਤਰੀ ਸਸਤੇ ਭਾਅ ਵਿਚ ਰਾਸ਼ਨ ਪ੍ਰਾਪਤ ਕਰ ਰਹੇ ਹਨ। ਇਸ ਸਕੀਮ ਅਧੀਨ ਪੰਜਾਬ ਦੇ ਤਿੰਨ ਕਰੋੜ 52 ਲੱਖ 5 ਹਜ਼ਾਰ 686 ਜੀਅ ਸਸਤੇ ਮੁੱਲ ਦੀ ਕਣਕ ਤੇ ਦਾਲਾਂ ਸਮੇਤ ਹੋਰ ਰਾਸ਼ਨ ਪ੍ਰਾਪਤ ਕਰਕੇ ਆਪਣਾ ਪੇਟ ਪਾਲ ਰਹੇ ਹਨ। ਨੀਲੇ ਕਾਰਡ ਦੀ ਇਹ ਸਕੀਮ ਅਕਾਲੀ-ਭਾਜਪਾ ਸਰਕਾਰ ਨੇ 10 ਸਾਲ ਪਹਿਲਾਂ ਹੀ ਪੰਜਾਬ ਵਿਚ ਲਾਗੂ ਕੀਤੀ ਸੀ। ਬਾਦਲ ਸਰਕਾਰ ਨੇ ਲਗਭਗ ਸਾਰੀਆਂ ਚੋਣਾਂ ਵਿਚ ਇਸ ਸਕੀਮ ਦਾ ਲਾਹਾ ਗੱਡ ਕੇ ਪ੍ਰਾਪਤ ਕੀਤਾ। ਸਮਾਂ ਬੀਤਣ ਦੇ ਨਾਲ ਕੈਪਟਨ ਸਰਕਾਰ ਨੇ ਆਟਾ-ਦਾਲ ਦੇ ਨਾਲ ਚਾਹਪੱਤੀ ਦੇਣ ਦਾ ਲਾਲਚ ਦੇ ਕੇ ਲੋਕਾਂ ਦਾ ਰੁਝਾਨ ਆਪਣੇ ਵੱਲ ਖਿੱਚਿਆ ਤੇ ਰਾਜਸੱਤਾ ਵਿਚ ਪਲਟ ਆਇਆ। ਅੱਜ ਸਰਕਾਰ ਬਦਲੀ ਨੂੰ ਅੱਧਾ ਸਾਲ ਹੋਣ ਜਾ ਰਿਹਾ ਹੈ ਪਰ ਲੋਕਾਂ ਨੂੰ ਸਹੂਲਤਾਂ ਦੇਣ ਦਾ ਜ਼ਰੀਆ ਪਹਿਲਾਂ ਵਾਲਾ ਹੀ ਹੈ, ਯਾਨਿ ਕਿ ਬਾਦਲ ਦੀ ਫੋਟੋ ਵਾਲਾ ਨੀਲਾ ਕਾਰਡ ਅੱਜ ਵੀ ਸਰਕਾਰੀ ਡਿਪੂਆਂ ਉਪਰ ਆਪਣੀ ਪੂਰੀ ਅਹਿਮੀਅਤ ਰੱਖਦਾ ਹੈ। ਇਸ ਕਾਰਡ ਨੂੰ ਵੇਖੇ ਬਿਨਾਂ ਰਾਸ਼ਨ ਦੀ ਪ੍ਰਾਪਤੀ ਸੰਭਵ ਨਹੀਂ ਹੈ।

ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰੀ ਡਿਪੂਆਂ ਉਪਰ ਕਾਂਗਰਸ ਸਰਕਾਰ ਦੇ ਮੰਤਰੀ, ਵਿਧਾਇਕ ਤੇ ਹੋਰ ਸਿਰਕੱਢ ਆਗੂ ਬਾਦਲ ਦੀ ਫੋਟੋ ਵਾਲੇ ਕਾਰਡਾਂ ਰਾਹੀਂ ਰਾਸ਼ਨ ਤਕਸੀਮ ਕਰਨ ਦਾ ਉਦਘਾਟਨ ਵੀ ਹੁਬ-ਹੁਬ ਕੇ ਕਰ ਰਹੇ ਹਨ। ਇਸ ਸਕੀਮ ਵਿਚ ਬਹੁਤੇ ਪੇਂਡੂ ਤੇ ਅਨਪੜ੍ਹ ਵਰਗ ਦੇ ਲੋਕ ਜੁੜੇ ਹੋਏ ਹਨ, ਜਿਨ੍ਹਾਂ ਨੂੰ ਪੁੱਛੇ ਜਾਣ ‘ਤੇ ਪਤਾ ਲਗਦਾ ਹੈ ਕਿ ਬਹੁਤੇ ਲੋਕਾਂ ਲਈ ਪੰਜਾਬ ਵਿਚ ਅੱਜ ਵੀ ਗਰੀਬਾਂ ਲਈ ਰਾਸ਼ਨ ਭੇਜਣ ਦਾ ਪ੍ਰਬੰਧ ਬਾਦਲ ਵਲੋਂ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਪ੍ਰਬੰਧ ਤੇ ਉਪਰਾਲੇ ਭਾਵੇਂ ਕੈਪਟਨ ਸਰਕਾਰ ਕਰ ਰਹੀ ਹੈ ਪਰ ਇਸਦਾ ਲਾਭ ਕਿਤੇ ਨਾ ਕਿਤੇ ਜਾਣੇ-ਅਣਜਾਣੇ ਫਿਰ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਾਪਤ ਹੋ ਰਿਹਾ ਹੈ।ਇਸ ਸਬੰਧੀ ਜਦੋਂ ਵਿਭਾਗ ਦੇ ਜੁਆਇੰਟ ਡਾਇਰੈਕਟਰ ਸਿਮਰਜੋਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨੀਲੇ ਕਾਰਡਾਂ ਸਬੰਧੀ ਗੱਲ ਕਰਨ ਦਾ ਉਨ੍ਹਾਂ ਕੋਲ ਕੋਈ ਅਧਿਕਾਰ ਨਹੀਂ, ਇਸ ਸਬੰਧੀ ਵਿਭਾਗ ਦੇ ਡਾਇਰੈਕਟਰ ਨਾਲ ਗੱਲ ਕੀਤੀ ਜਾਵੇ। ਵਿਭਾਗ ਦੇ ਡਾਇਰੈਕਟਰ ਦਫਤਰ ਵਲੋਂ ਫੋਨ ਨਹੀਂ ਚੁੱਕਿਆ ਗਿਆ।

ਨੀਲੇ ਕਾਰਡਾਂ ਦੀ ‘ਸਰਦਾਰੀ’ ਖਤਮ ਕਰੇਗਾ ਸਮਾਰਟ ਕਾਰਡ
ਪੰਜਾਬ ਵਿਚ ਖੁਰਾਕ ਸਪਲਾਈ ਵਿਭਾਗ ਵਲੋਂ ਨੀਲੇ ਕਾਰਡਾਂ ਦੇ ਬਦਲ ਵਿਚ ਸਮਾਰਟ ਕਾਰਡ ਜਾਰੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ‘ਪਾਇਲਟ ਪ੍ਰੋਜੈਕਟ’ ਦੇ ਨਾਂ ਹੇਠ ਪੰਜਾਬ ‘ਚ ਨੀਲੇ ਕਾਰਡ ਖਤਮ ਕਰਕੇ ਸਮਾਰਟ ਕਾਰਡ ਬਣਾਏ ਜਾਣਗੇ। ਸਰਕਾਰੀ ਡਿਪੂਆਂ ਉਪਰ ਹੱਥਾਂ ਵਿਚ ਨੀਲੇ ਕਾਰਡ ਲੈ ਕੇ ਰਾਸ਼ਨ ਪ੍ਰਾਪਤ ਕਰਨ ਵਾਲੇ ਲੋਕਾਂ ਨੂੰ ਹੁਣ ਸਰਕਾਰ ਡਿਜੀਟਲ ਸਿਸਟਮ ਨਾਲ ਜੋੜਨ ਜਾ ਰਹੀ ਹੈ, ਜਿਸ ਤਹਿਤ ਨੀਲੇ ਕਾਰਡ ਧਾਰਕਾਂ ਨੂੰ ਸਮਾਰਟ ਕਾਰਡ ਜਾਰੀ ਕੀਤੇ ਜਾਣਗੇ ਤੇ ਇਹ ਸਮਾਰਟ ਕਾਰਡ ਆਧਾਰ ਕਾਰਡ ਨਾਲ ਜੁੜਨਗੇ। ਇਸ ਤਰ੍ਹਾਂ ਕੋਈ ਵੀ ਲਾਭਪਾਤਰੀ ਆਪਣੇ ਸਮਾਰਟ ਕਾਰਡ ਲੈ ਕੇ ਡਿਪੂਆਂ ‘ਤੇ ਜਾਵੇਗਾ ਅਤੇ ਡਿਪੂ ਹੋਲਡਰ ਪਾਸ ਕਾਰਡ ਨੂੰ ਸਵਾਈਪ ਕਰਨ ‘ਤੇ ਰਾਸ਼ਨ ‘ਤੇ ਮਿਲਣ ਵਾਲੀ ਸਬਸਿਡੀ ਲਾਭਪਾਤਰੀ ਦੇ ਬੈਂਕ ਖਾਤੇ ਵਿਚ ਜੁੜ ਜਾਵੇਗੀ।

ਫੋਟੋ ਲਾਉਣ ਦੇ ਮਾਮਲੇ ‘ਚ ਕਾਂਗਰਸ ਹਮੇਸ਼ਾ ਫਾਡੀ ਰਹੀ
ਅਕਾਲੀ-ਭਾਜਪਾ ਸਰਕਾਰ ਸਮੇਂ ਪੰਜਾਬ ਵਿਚ ਚੱਲਦੀਆਂ 108 ਐਂਬੂਲੈਂਸਾਂ ‘ਤੇ ਪੂਰਾ ਸਮਾਂ ਪ੍ਰਕਾਸ਼ ਸਿੰਘ ਬਾਦਲ ਦੀ ਫੋਟੋ ਲੱਗੀ ਰਹੀ, ਇਸ ਦਰਮਿਆਨ ਕਾਂਗਰਸ ਵਲੋਂ ਇਤਰਾਜ ਜ਼ਾਹਿਰ ਕੀਤਾ ਗਿਆ ਸੀ ਕਿ 108 ਐਂਬੂਲੈਂਸ ਸਕੀਮ ਕੇਂਦਰ ਸਰਕਾਰ, ਯਾਨਿ ਕਿ ਉਸ ਸਮੇਂ ਮਨਮੋਹਨ ਸਿੰਘ ਸਰਕਾਰ ਵਲੋਂ ਜਾਰੀ ਕੀਤੀ ਗਈ ਸੀ, ਇਸ ਲਈ ਐਂਬੂਲੈਂਸਾਂ ‘ਤੇ ਪ੍ਰਕਾਸ਼ ਸਿੰਘ ਬਾਦਲ ਦੀ ਥਾਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਫੋਟੋ ਲਾਈ ਜਾਣੀ ਚਾਹੀਦੀ ਹੈ। ਇਸ ਗੱਲ ਨੂੰ ਲੈ ਕੇ ਕਾਫੀ ਲੰਮਾ ਸਮਾਂ ਵਿਵਾਦ ਵੀ ਚੱਲਿਆ ਪਰ ਅਕਾਲੀ-ਭਾਜਪਾ ਸਰਕਾਰ ਵਲੋਂ ਐਂਬੂਲੈਂਸਾਂ ‘ਤੇ ਬਾਦਲ ਦੀ ਹੀ ਫੋਟੋ ਸਜਾ ਕੇ ਰੱਖੀ ਗਈ ਸੀ।