ਸਰਕਾਰੀ ਦਫ਼ਤਰਾਂ ਦੀ ਅਚਾਨਕ ਚੈਕਿੰਗ ਦੌਰਾਨ 37 ਗੈਰ-ਹਾਜ਼ਰ

0
1458

ਲੁਧਿਆਣਾ, 6 ਸਤੰਬਰ (ਸੀ ਐਨ ਆਈ) -ਸਰਕਾਰੀ ਦਫ਼ਤਰਾਂ ਵਿੱਚ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀ ਦਫ਼ਤਰੀ ਸਮੇਂ ਦੌਰਾਨ ਹਾਜ਼ਰੀ ਨੂੰ ਯਕੀਨੀ ਬਣਾਉਣ ਲਈ ਜ਼ਿਲ•ਾ ਪ੍ਰਸਾਸ਼ਨ ਵੱਲੋਂ ਅਚਨਚੇਤ ਚੈਕਿੰਗਾਂ ਲਗਾਤਾਰ ਜਾਰੀ ਹਨ। ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਵੱਲੋਂ ਮਿਲੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਅੱਜ ਵੱਖ-ਵੱਖ ਸਬ ਡਵੀਜ਼ਨਾਂ ਦੇ ਦਫ਼ਤਰਾਂ ਵਿੱਚ ਕੀਤੀ ਗਈ ਅਚਨਚੇਤ ਚੈਕਿੰਗ ਦੌਰਾਨ 27ਅਧਿਕਾਰੀ/ਮੁਲਾਜ਼ਮ ਗੈਰ ਹਾਜ਼ਰ ਪਾਏ ਗਏ।

ਡਿਪਟੀ ਕਮਿਸ਼ਨਰ ਵੱਲੋਂ ਬਣਾਈਆਂ ਗਈਆਂ ਵੱਖ-ਵੱਖ ਚੈਕਿੰਗ ਟੀਮਾਂ ਵੱਲੋਂ ਸਵੇਰੇ 9.00 ਵਜੇ ਤੋਂ ਬਾਅਦ ਕੀਤੀ ਗਈ ਚੈਕਿੰਗ ਦੌਰਾਨ ਨਗਰ ਕੌਂਸਲ ਦਫ਼ਤਰ ਖੰਨਾ ਤੋਂ ਕਾਰਜਕਾਰੀ ਅਫ਼ਸਰ ਸਮੇਤ 20, ਸੀ. ਡੀ. ਪੀ. ਓ. ਦਫ਼ਤਰ ਡੇਹਲੋਂ ਤੋਂ 4, ਸੀ. ਡੀ. ਪੀ. ਓ. ਦਫ਼ਤਰ ਜਗਰਾਂਉ ਤੋਂ 2, ਸੀ. ਡੀ. ਪੀ. ਓ. ਦਫ਼ਤਰ ਅਰਬਨ-2 ਤੋਂ 1, ਸਬ ਡਵੀਜ਼ਨ ਭੂਮੀ ਰੱਖਿਆ ਅਫ਼ਸਰ ਜਗਰਾਂਉ ਦਫ਼ਤਰ ਤੋਂ 2, ਖ਼ਜ਼ਾਨਾ ਦਫ਼ਤਰ ਜਗਰਾਂਉ ਤੋਂ 1, ਜਲ ਸਪਲਾਈ ਅਤੇ ਸੈਨੀਟੇਸ਼ਨ ਦਫ਼ਤਰ ਜਗਰਾਂਉ ਤੋਂ 1, ਬੀ. ਡੀ. ਪੀ. ਓ. ਦਫ਼ਤਰ-1 ਤੋਂ 1 ਅਤੇ ਬੀ. ਡੀ. ਪੀ. ਓ. ਦਫ਼ਤਰ-2 ਤੋਂ 5 ਅਧਿਕਾਰੀ/ਮੁਲਾਜ਼ਮ ਗੈਰ ਹਾਜ਼ਰ ਪਾਏ ਗਏ। ਚੈਕਿੰਗ ਟੀਮਾਂ ਦੀ ਅਗਵਾਈ ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਸੰਬੰਧਤ ਐੱਸ. ਡੀ. ਐੱਮ. ਅਤੇ ਨਾਇਬ ਤਹਿਸੀਲਦਾਰਾਂ ਨੇ ਕੀਤੀ। 

ਇਸ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ ‘ਚ ਸਮੇਂ ਦੀ ਪਾਬੰਦੀ ਅਤੇ ਅਨੁਸ਼ਾਸਨ ਨੂੰ ਕਾਇਮ ਰੱਖਣ ਸਬੰਧੀ ਜਾਰੀ ਹਦਾਇਤਾਂ ਅਨੁਸਾਰ ਅੱਜ ਇਹ ਚੈਕਿੰਗ ਕੀਤੀ ਗਈ ਹੈ ਤਾਂ ਜੋ ਆਮ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਅਤੇ ਨਾਗਰਿਕ ਸੇਵਾਵਾਂ ਨੂੰ ਅਸਰਦਾਰ ਤਰੀਕੇ ਨਾਲ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਇਆ ਜਾ ਸਕੇ।
ਦੱਸਣਯੋਗ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਸਰਕਾਰੀ ਦਫ਼ਤਰਾਂ ਦੀ ਅਚਨਚੇਤ ਚੈਕਿੰਗ ਕੀਤੀ ਜਾ ਰਹੀ ਹੈ, ਜਿਸ ਦੌਰਾਨ ਹੁਣ ਤੱਕ ਸੈਂਕੜੇ ਅਧਿਕਾਰੀ/ਕਰਮਚਾਰੀ ਗੈਰ ਹਾਜ਼ਰ ਜਾਂ ਲੇਟ ਲਤੀਫ਼ ਪਾਏ ਗਏ ਸਨ ਪਰ ਕੁਝ ਦਿਨ ਪਹਿਲਾਂ ਬਾਅਦ ਦੁਪਹਿਰ ਵੀ ਚੈਕਿੰਗ ਕੀਤੀ ਗਈ ਸੀ, ਜਿਸ ਦੌਰਾਨ ਅਧਿਕਾਰੀਆਂ/ਕਰਮਚਾਰੀਆਂ ਵਿੱਚ ਇਹ ਸੁਨੇਹਾ ਗਿਆ ਸੀ ਕਿ ਉਹ ਦਫ਼ਤਰੀ ਸਮੇਂ 5 ਵਜੇ ਤੋਂ ਪਹਿਲਾਂ ਵੀ ਦਫ਼ਤਰ ਤੋਂ ਨਹੀਂ ਜਾ ਸਕਣਗੇ। 

ਸ੍ਰੀ ਅਗਰਵਾਲ ਨੇ ਕਿਹਾ ਕਿ ਗੈਰ ਹਾਜ਼ਰ ਪਾਏ ਗਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਆਉਂਦੇ ਸਮੇਂ ਵਿਚ ਸਰਕਾਰੀ ਦਫ਼ਤਰਾਂ ਦੀ ਅਚਨਚੇਤੀ ਚੈਕਿੰਗ ਜਾਰੀ ਰੱਖੀ ਜਾਵੇਗੀ। ਜ਼ਿਲ•ੇ ਅੰਦਰ ਸਰਕਾਰੀ ਦਫ਼ਤਰਾਂ ਅੰਦਰ ਡਿਊਟੀ ਸਬੰਧੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।