ਪੰਜਾਬ ਵਿਚ 5 ਨਵੇਂ ਮੈਡੀਕਲ ਕਾਲਜ ਖੋਲਣ ਲਈ ਪ੍ਰੀਕ੍ਰਿਆ ਸ਼ੁਰੂ- ਮੈਡੀਕਲ ਕਾਲਜ ਨੂੰ 70 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਐਲਾਨ, ਕੈਂਪਸ ਹੋਵੇਗਾ ਵਾਈ-ਫਾਈ ਬ੍ਰਹਮ ਮਹਿੰਦਰਾ

0
1388

ਅਮ੍ਰਿਤਸਰ 9 ਨਵੰਬਰ (ਧਰਮਵੀਰ ਗਿੱਲ) ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਐਲਾਨ ਕੀਤਾ ਕਿ ਪੰਜਾਬ ਵਿਚ 5 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾਣਗੇ ਅਤੇ ਮੁਹਾਲੀ ਵਿਚ ਛੇਤੀ ਹੀ ਮੈਡੀਕਲ ਕਾਲਜ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜੋ ਕਿ ਪੰਜਾਬ ਵਿਚ 60 ਸਾਲ ਦੇ ਅਰਸੇ ਬਾਅਦ ਬਣਨ ਵਾਲਾ ਪੰਜਾਬ ਦਾ ਪਹਿਲਾ ਸਰਕਾਰੀ ਮੈਡੀਕਲ ਕਾਲਜ ਹੋਵੇਗਾ। ਅੱਜ ਮੈਡੀਕਲ ਕਾਲਜ ਅੰਮ੍ਰਿਤਸਰ ਵਿਚ 115 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਟੇਟ ਕੈਂਸਰ ਇਸਟੀਚਿਊਟ ਦਾ ਨੀਂਹ ਪੱਥਰ ਅਤੇ ਗੁਰੂ ਨਾਨਕ ਹਸਪਤਾਲ ਦੇ ਪ੍ਰਬੰਧਕੀ ਬਲਾਕ ਅਤੇ ਅਤਿ ਆਧੁਨਿਕ ਐਡੀਟੋਰੀਅਮ ਦਾ ਉਦਘਾਟਨ ਕਰਨ ਮਗਰੋਂ ਡਾਕਟਰਾਂ ਅਤੇ ਵਿਦਿਆਰਥੀਆਂ ਦੇ ਇਕੱਠ ਨੂੰ ਸੰਬੋਧਨ ਕਰਦੇ ਸ੍ਰੀ ਮਹਿੰਦਰਾ ਨੇ ਐਲਾਨ ਕੀਤਾ ਕਿ ਪੰਜਾਬ ਦੇ ਮੈਡੀਕਲ ਕਾਲਜਾਂ ਵਿਚ ਪ੍ਰੋਫਸਰਾਂ ਦੀਆਂ ਸਾਰੀਆਂ ਸੀਟਾਂ ਛੇਤੀਆਂ ਪੁਰ ਕੀਤੀਆਂ ਜਾਣਗੀਆਂ ਅਤੇ ਇਸ ਲਈ ਮਾਹਿਰਾਂ ਦੀਆਂ ਸੇਵਾਵਾਂ ਲੈਣ ਲਈ ਪ੍ਰੋਫਸਰਾਂ ਦੇ ਤਨਖਾਹ ਸਕੇਲ ਵੀ ਸੋਧੇ ਜਾਣਗੇ, ਤਾਂ ਜੋ ਉਹ ਸਰਕਾਰੀ ਨੌਕਰੀ ਵੱਲ ਆਕਰਸ਼ਿਤ ਹੋਣ।
ਉਨਾਂ ਡਾਕਟਰੀ ਅਮਲੇ ਨੂੰ ਭਰੋਸਾ ਦਿੱਤਾ ਕਿ ਡਾਕਟਰਾਂ ਦਾ ਪ੍ਰੋਮੋਸ਼ਨ ਚੈਨਲ ਬਾਕਾਇਦਾ ਕੰਮ ਕਰਗੇ ਅਤੇ ਕਿਸੋ ਨਾਲ ਪ੍ਰੋਮੋਸ਼ਨ ਵਿਚ ਬੇਇਨਸਾਫੀ ਨਹੀਂ ਹੋਵੇਗੀ ਅਤੇ ਨਾ ਹੀ ਕਿਸੇ ਦਾ ਹੱਕ ਮਾਰਿਆ ਜਾਵੇਗਾ। ਉਨਾਂ ਕਿਹਾ ਕਿ ਸਿਹਤ ਵਿਭਾਗ ਵਿਚ ਲੱਗਾ ਅਮਲਾ ਬੇਖੌਫ ਅਤੇ ਸੁਹਿਰਦਤਾ ਦੇ ਆਪਣੀ ਨੌਕਰੀ ਕਰੇ, ਤਾਂ ਕਿ ਡਾਕਟਰੀ ਪੇਸ਼ੇ ਦੇ ਕੰਮ-ਕਾਜ ‘ਤੇ ਬੀਤੇ ਸਮੇਂ ਤੋਂ ਉਠ ਰਹੇ ਸਵਾਲਾਂ ਨੂੰ ਦੂਰ ਕੀਤਾ ਜਾ ਸਕੇ। ਉਨਾਂ ਸਰਕਾਰ ਵੱਲੋਂ ਭਰੋਸਾ ਦਿੰਦੇ ਕਿਹਾ ਕਿ ਸਿਹਤ ਦੇ ਖੇਤਰ ਵਿਚ ਕਿਸੇ ਤਰਾਂ ਦੀ ਰਾਜਸੀ ਦਖਲਅੰਦਾਜੀ ਨਹੀਂ ਕੀਤੀ ਜਾਵੇਗੀ।
ਇਸ ਮੌਕੇ ਉਨਾਂ ਮੈਡੀਕਲ ਕਾਲਜ ਕੰਪਲੈਕਸ ਵਿਚ ਚੱਲ ਰਹੇ ਇਮਾਰਤੀ ਕੰਮਾਂ ਲਈ 70 ਕਰੋੜ ਰੁਪਏ ਦੇਣ ਅਤੇ ਗੁਰੂ ਨਾਨਕ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਕੰਪਲੈਕਸ ਨੂੰ ਵਾਈ-ਫਾਈ ਕਰਨ ਦਾ ਐਲਾਨ ਵੀ ਕੀਤਾ। 70 ਕਰੋੜ ਰੁਪਏ ਦੀ ਐਲਾਨੀ ਰਾਸ਼ੀ ਵਿਚੋਂ ਸ੍ਰੀ ਬ੍ਰਹਮ ਮਹਿੰਦਰਾ ਨੇ 32 ਕਰੋੜ ਰੁਪਏ ਚੱਲ ਰਹੇ ਵਿੱਤੀ ਵਰੇ ਲਈ ਜਾਰੀ ਵੀ ਕਰ ਦਿੱਤੇ। ਉਨਾਂ ਦੱਸਿਆ ਕਿ ਅੰਮ੍ਰਿਤਸਰ ਵਿਚ ਬਣਨ ਵਾਲੇ ਸਟੇਟ ਕੈਂਸਰ ਇੰਸਟੀਚਿਊਟ ਉਤੇ 115 ਕਰੋੜ ਦੀ ਲਾਗਤ ਆਵੇਗੀ ਅਤੇ ਇਸ ਵਿਚ ਕੈਂਸਰ ਦੇ ਮਰੀਜਾਂ ਲਈ 150 ਬੈਡ ਦਾ ਹਸਪਤਾਲ ਬਣਗੇ, ਜਿੱਥੇ ਰੇਡੀਓ ਥਰੈਪੀ ਦੇ ਅਤਿ ਆਧੁਨਿਕ ਉਪਕਰਨ ਨਾਲ ਮਰੀਜਾਂ ਦਾ ਇਲਾਜ ਕੀਤਾ ਜਾਵੇਗਾ। ਉਨਾਂ ਇਸ ਮੌਕੇ ਵਿਦਿਆਰਥੀਆਂ ਅਤੇ ਹਸਪਤਾਲ ਦੇ ਹੋਰ ਕਰਮਚਾਰੀਆਂ ਨਾਲ ਖੁੱਲ ਕੇ ਗੱਲਾਂ ਵੀ ਕੀਤੀਆਂ ਅਤੇ ਉਨਾਂ ਕੋਲੋਂ ਸਿਹਤ ਸੇਵਾਵਾਂ ਨੂੰ ਬਿਹਤਰ ਬਨਾਉਣ ਲਈ ਸੁਝਾਅ ਵੀ ਲਏ।