ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦਿਵਾਉਣ ਲਈ ਪੰਜਾਬ ਸਰਕਾਰ ਕੇਂਦਰ ਕੋਲ ਮਸਲਾ ਉਠਾਏਗੀ-ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ,ਸ਼ਹੀਦਾਂ ਦੇ ਸੁਪਨਿਆਂ ਦਾ ਸੂਬਾ ਸਿਰਜਣ ਲਈ ਯਤਨ ਜਾਰੀ

0
1522

ਸਰਾਭਾ/ਲੁਧਿਆਣਾ, 16 ਨਵੰਬਰ (ਸੀ ਐਨ ਆਈ )-ਸ੍ਰ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਕੈਬਨਿਟ ਮੰਤਰੀ, ਪੇਂਡੂ ਵਿਕਾਸ ਅਤੇ ਪੰਚਾਇਤਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ, ਪੰਜਾਬ ਨੇ ਕਿਹਾ ਹੈ ਕਿ ਦੇਸ਼ ਦੀ ਅਜ਼ਾਦੀ ਵਿੱਚ ਵਡਮੁੱਲਾ ਯੋਗਦਾਨ ਪਾਉਣ ਵਾਲੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ‘ਕੌਮੀ ਸ਼ਹੀਦ’ ਦਾ ਦਰਜਾ ਦਿਵਾਉਣ ਲਈ ਪੰਜਾਬ ਸਰਕਾਰ ਕੇਂਦਰ ਸਰਕਾਰ ਕੋਲ ਮਸਲਾ ਉਠਾਏਗੀ। ਉਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਦੇਸ਼ ਦੇ ਕੌਮੀ ਸ਼ਹੀਦ ਕਰਾਰ ਦਿੰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਉਨਾਂ ਦੇ ਸੰਘਰਸ਼ਮਈ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ।
ਅੱਜ ਪਿੰਡ ਸਰਾਭਾ ਵਿਖੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਸੰਬੰਧੀ ਪੰਜਾਬ ਸਰਕਾਰ ਵੱਲੋਂ ਆਯੋਜਿਤ ਕੀਤੇ ਗਏ ਰਾਜ ਪੱਧਰੀ ਸਮਾਗਮ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰ. ਬਾਜਵਾ ਨੇ ਕਿਹਾ ਕਿ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਕਈ ਦੇਸ਼ ਭਗਤਾਂ ਨੇ ਸ਼ਹੀਦੀ ਦੇ ਜਾਮ ਪੀਤੇ, ਜਿਨਾਂ ਵਿੱਚੋਂ ਸਭ ਤੋਂ ਛੋਟੀ ਉਮਰ ਵਿੱਚ ਸ਼ਹੀਦੀ ਪਾਉਣ ਦਾ ਮਾਣ ਕਰਤਾਰ ਸਿੰਘ ਸਰਾਭਾ ਨੂੰ ਜਾਂਦਾ ਹੈ। ਪੱਤਰਕਾਰਾਂ ਵੱਲੋਂ ਪੁੱਛੇ ਜਾਣ ‘ਤੇ ਸ੍ਰ. ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦਾ ਪੂਰੀ ਤਰਾਂ ਸਨਮਾਨ ਕਰਦੀ ਹੈ ਅਤੇ ਸ਼ਹੀਦਾਂ ਦੇ ਸੁਪਨਿਆਂ ਦਾ ਸੂਬਾ ਸਿਰਜਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਕੌਮੀ ਸ਼ਹੀਦ ਦਾ ਦਰਜਾ ਦਿਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਲਦ ਹੀ ਕੇਂਦਰ ਕੋਲ ਇਹ ਮਾਮਲਾ ਉਠਾਉਣਗੇ ਕਿਉਂਕਿ ਇਸ ਸੰਬੰਧੀ ਸਮੁੱਚੀ ਕਾਰਵਾਈ ਕੇਂਦਰ ਸਰਕਾਰ ਨੇ ਕਰਨੀ ਹੈ।
ਪਰਾਲੀ ਦੇ ਮੁੱਦੇ ‘ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਦੇਣ ਬਾਰੇ ਪੁੱਛੇ ਜਾਣ ‘ਤੇ ਸ੍ਰ. ਬਾਜਵਾ ਨੇ ਕਿਹਾ ਕਿ ਕੇਜਰੀਵਾਲ ਨੂੰ ਪਰਾਲੀ ਦੇ ਮੁੱਦੇ ‘ਤੇ ਪਹਿਲਾਂ ਆਪਣੀ ਪਾਰਟੀ ਦੀ ਇੱਕ ਰਾਇ ਬਣਾ ਲੈਣੀ ਚਾਹੀਦੀ ਹੈ। ਉਨਾਂ ਨੂੰ ਇਸ ਮੁੱਦੇ ਨਾਲ ਰਾਜਸੀ ਰੋਟੀਆਂ ਸੇਕਣ ਤੋਂ ਬਾਜ ਆਉਣਾ ਚਾਹੀਦਾ ਹੈ ਅਤੇ ਦੂਜੇ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨ ਤੋਂ ਪਹਿਲਾਂ ਆਪਣੀ ਪਾਰਟੀ ਦੇ ਅਹਿਮ ਨੇਤਾ ਸ੍ਰ. ਸੁਖਪਾਲ ਸਿੰਘ ਖਹਿਰਾ ਅਤੇ ਹੋਰਾਂ ਨੂੰ ਸਮਝਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕਿਸਾਨ ਨੂੰ ਇੱਕ ਏਕੜ ਦੀ ਪਰਾਲੀ ਸੰਭਾਲਣ ਲਈ 2 ਹਜ਼ਾਰ ਰੁਪਏ ਤੋਂ ਵਧੇਰੇ ਵਾਧੂ ਖਰਚਾ ਪੈਂਦਾ ਹੈ। ਜਿਸ ਬਾਰੇ ਕੇਂਦਰ ਸਰਕਾਰ ਨੂੰ ਹਮਦਰਦੀ ਨਾਲ ਵਿਚਾਰ ਕਰਨਾ ਚਾਹੀਦਾ ਹੈ। ਆਂਗਣਵਾੜੀ ਸਟਾਫ਼ ਵੱਲੋਂ ਅਖ਼ਤਿਆਰ ਰੋਹ ਦੇ ਰਸਤੇ ਬਾਰੇ ਪੁੱਛੇ ਜਾਣ ‘ਤੇ ਉਨ•ਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨਾਂ ਨੌਕਰੀ ਤੋਂ ਬਰਖ਼ਾਸਤ ਨਹੀਂ ਕੀਤਾ ਜਾ ਰਿਹਾ ਹੈ। ਉਨਾਂ ਤੋਂ ਆਂਗਣਵਾੜੀਆਂ ਦੇ ਨਾਲ-ਨਾਲ ਹੋਰ ਕਈ ਖੇਤਰਾਂ ਵਿੱਚ ਸੇਵਾਵਾਂ ਲਈਆਂ ਜਾਣਗੀਆਂ।
ਇਸ ਤੋਂ ਬਾਅਦ ਉਨਾਂ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ਹੀਦ ਕਰਤਾਰ ਸਿੰਘ ਸਰਾਭਾ ਵੱਲੋਂ ਦੇਸ਼ ਨੂੰ ਆਜ਼ਾਦ ਕਰਾਉਣ ਅਤੇ ਲੋਕਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਾਉਣ ਲਈ ਪਾਏ ਯੋਗਦਾਨ ਦਾ ਜ਼ਿਕਰ ਕੀਤਾ। ਉਨਾਂ ਕਿਹਾ ਕਿ ਇਹ ਕਰਤਾਰ ਸਿੰਘ ਸਰਾਭਾ ਵਰਗੇ ਸ਼ਹੀਦਾਂ ਦੀ ਲਾਸਾਨੀ ਸ਼ਹੀਦੀ ਦੀ ਕਰਕੇ ਹੀ ਅੱਜ ਅਸੀਂ ਆਜ਼ਾਦ ਦੇਸ਼ ਦੀਆਂ ਆਜ਼ਾਦ ਹਵਾਵਾਂ ਦਾ ਨਿੱਘ ਮਾਣ ਰਹੇ ਹਾਂ। ਉਨਾਂ ਪਿੰਡ ਸਰਾਭਾ ਦੀ ਧਰਤੀ ਨੂੰ ਨਮਸਕਾਰ ਕਰਦਿਆਂ ਐਲਾਨ ਕੀਤਾ ਕਿ ਸ਼ਹੀਦ ਦੇ ਜੱਦੀ ਪਿੰਡ ਦੀਆਂ ਮੰਗਾਂ ਨੂੰ ਇੱਕ ਸਾਲ ਵਿੱਚ ਹੱਲ ਕਰ ਦਿੱਤਾ ਜਾਵੇਗਾ ਤਾਂ ਜੋ ਇਸ ਪਿੰਡ ਨੂੰ ਨਮੂਨੇ ਦੇ ਪਿੰਡ ਵਜੋਂ ਜਾਣਿਆ ਜਾਵੇ। ਇਸ ਮੌਕੇ ਉਨਾਂ ਪਿੰਡ ਦੀ ਕਲੱਬ ਨੂੰ 5 ਲੱਖ ਰੁਪਏ ਦਾ ਚੈੱਕ ਵੀ ਭੇਟ ਕੀਤਾ। ਇਸ ਤੋਂ ਪਹਿਲਾਂ ਉਨਾਂ ਨੇ ਸ਼ਹੀਦ ਦੇ ਬੁੱਤ, ਸਮਾਰਕ ਅਤੇ ਜੱਦੀ ਘਰ ਵਿਖੇ ਉਨਾਂ ਨੂੰ ਫੁੱਲ ਮਾਲਾਵਾਂ ਨਾਲ ਸ਼ਰਧਾਂਜਲੀ ਭੇਟ ਕੀਤੀ। ਉਪਰੰਤ ਉਨਾਂ ਖੇਡ ਮੇਲੇ ਦੌਰਾਨ ਚੱਲ ਰਹੇ ਫਾਈਨਲ ਫੁੱਟਬਾਲ ਮੁਕਾਬਲੇ ਖ਼ਿਡਾਰੀਆਂ ਨਾਲ ਜਾਣ ਪਛਾਣ ਕੀਤੀ। ਇਸ ਮੁਕਾਬਲੇ ਵਿੱਚ ਏਅਰ ਫੋਰਸ ਦੀ ਟੀਮ ਨੇ ਪਿੰਡ ਖੇੜਾ ਦੀ ਟੀਮ ਨੂੰ 1-0 ਗੋਲ ਨਾਲ ਹਰਾ ਕੇ ਜੇਤੂ ਖ਼ਿਤਾਬ ‘ਤੇ ਕਬਜ਼ਾ ਕੀਤਾ। ਸ੍ਰ. ਬਾਜਵਾ ਨੇ ਇਨਾਮਾਂ ਦੀ ਵੀ ਵੰਡ ਕੀਤੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਂਬਰ ਲੋਕ ਸਭਾ ਸ੍ਰ. ਰਵਨੀਤ ਸਿੰਘ ਬਿੱਟੂ, ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ, ਸ੍ਰ. ਗੁਰਦੇਵ ਸਿੰਘ ਲਾਪਰਾਂ ਉਨਾਂ ਪ੍ਰਧਾਨ ਕਾਂਗਰਸ, ਸ੍ਰ. ਮੇਜਰ ਸਿੰਘ ਭੈਣੀ, ਸ੍ਰ. ਜਗਪਾਲ ਸਿੰਘ ਖੰਗੂੜਾ, ਸ੍ਰ. ਕਰਨ ਵੜਿੰਗ (ਸਾਰੇ ਸੀਨੀਅਰ ਕਾਂਗਰਸੀ ਆਗੂ), ਸ੍ਰ. ਅਮਰਜੀਤ ਸਿੰਘ ਟਿੱਕਾ ਜਨਰਲ ਸਕੱਤਰ ਪੰਜਾਬ ਕਾਂਗਰਸ, ਜਿਨਾਂ ਯੂਥ ਪ੍ਰਧਾਨ ਸ੍ਰੀ ਰਾਜੀਵ ਰਾਜਾ, ਪ੍ਰੋਫੈਸਰ ਗੁਰਭਜਨ ਸਿੰਘ ਗਿੱਲ ਸਾਬਕਾ ਪ੍ਰਧਾਨ ਪੰਜਾਬੀ ਸਾਹਿਤ ਅਕਾਦਮੀ, ਐਡਵੋਕੇਟ ਹਰਪ੍ਰੀਤ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਰੂ ਕਤਿਆਲ, ਐੱਸ. ਡੀ. ਐੱਮ. ਸ੍ਰ. ਪਰਮਜੀਤ ਸਿੰਘ, ਕਾਰਜਕਾਰੀ ਮੈਜਿਸਟ੍ਰੇਟ ਸ੍ਰੀਮਤੀ ਸਵਾਤੀ ਟਿਵਾਣਾ, ਲੋਕ ਸੰਪਰਕ ਅਧਿਕਾਰੀ ਸ੍ਰ. ਗੁਰਦਰਸ਼ਨ ਸਿੰਘ ਬਾਹੀਆ, ਸ੍ਰ. ਇੰਦਰ ਮੋਹਨ ਸਿੰਘ ਕਾਦੀਆਂ, ਸ੍ਰੀ ਰਾਮੇਸ਼ ਜੋਸ਼ੀ, ਸ੍ਰ. ਮੇਜਰ ਸਿੰਘ ਮੁੱਲਾਂਪੁਰ, ਸ੍ਰ. ਹਰਨੇਕ ਸਿੰਘ ਸਰਾਭਾ, ਸ੍ਰ. ਭੁਪਿੰਦਰ ਸਿੰਘ ਕਲੱਬ ਪ੍ਰਧਾਨ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।