ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਲੁਧਿਆਣਾ ਦੌਰਾ 11 ਨੂੰ

0
1276
  • ਸੂਬਾ ਪੱਧਰੀ ਮਹਾਂ-ਰੋਜ਼ਗਾਰ ਮੇਲੇ ਵਿੱਚ ਨੌਜਵਾਨਾਂ ਨੂੰ ਵੰਡਣਗੇ ਨਿਯੁਕਤੀ ਪੱਤਰ
  • 159 ਕਰੋੜ ਦੇ ਵਿਕਾਸ ਕਾਰਜਾਂ ਦਾ ਰੱਖਣਗੇ ਨੀਂਹ ਪੱਥਰ, ਪ੍ਰਬੰਧ ਮੁਕੰਮਲ
  • ਡਿਪਟੀ ਕਮਿਸ਼ਨਰ ਵੱਲੋਂ ਤਿਆਰੀਆਂ ਦਾ ਜਾਇਜ਼ਾ ਅਤੇ ਸਮਾਗਮ ਸਫ਼ਲ ਬਣਾਉਣ ਸੰਬੰਧੀ ਹਦਾਇਤਾਂ ਜਾਰੀ
  • ਲੁਧਿਆਣਾ, 10 ਮਾਰਚ (ਸੀ ਐਨ ਆਈ )-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਤੀ 11 ਮਾਰਚ ਨੂੰ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸੂਬਾ ਪੱਧਰੀ ਮਹਾਂ ਰੋਜ਼ਗਾਰ ਮੇਲੇ ਦੌਰਾਨ ਹਜ਼ਾਰਾਂ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡਣ ਲਈ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਇਸ ਦਿਨ ਉਹ ਸ਼ਹਿਰ ਦੇ ਵਿਕਾਸ ਨੂੰ ਵੱਡਾ ਹੁਲਾਰਾ ਦੇਣ ਦੇ ਮੰਤਵ ਨਾਲ ਕਈ ਪ੍ਰੋਜੈਕਟਾਂ ਦਾ ਨੀਂਹ ਪੱਥਰ ਵੀ ਰੱਖਣਗੇ, ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸ਼ਹਿਰ ਦਾ ਮੁਹਾਂਦਰਾ ਹੀ ਬਦਲ ਜਾਵੇਗਾ।
    ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਡਿਪਟੀ ਕਮਿਸ਼ਨਰ ਨੇ ਵੇਰਵੇ ਸਹਿਤ ਦੱਸਿਆ ਕਿ ਸਮਾਗਮ ਸਵੇਰੇ 11 ਵਜੇ ਸ਼ੁਰੂ ਹੋਵੇਗਾ, ਜਿਸ ਵਿੱਚ ਸੂਬੇ ਭਰ ਤੋਂ ਹਜ਼ਾਰਾਂ ਉਹ ਨੌਜਵਾਨ ਸ਼ਾਮਿਲ ਹੋਣ ਲਈ ਪਹੁੰਚ ਰਹੇ ਹਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਵੱਖ-ਵੱਖ ਨੌਕਰੀਆਂ ਲਈ ਨਿਯੁਕਤੀ ਪੱਤਰ ਦਿੱਤੇ ਜਾਣੇ ਹਨ। ਸਮਾਗਮ ਵਿੱਚ ਨੌਕਰੀਆਂ ਦੇਣ ਵਾਲੀਆਂ ਵੱਖ-ਵੱਖ ਕੰਪਨੀਆਂ ਦੇ ਪ੍ਰਤੀਨਿਧ ਵੀ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ।
    ਸ੍ਰੀ ਅਗਰਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਵੀ ਰੱਖੇ ਜਾਣੇ ਹਨ, ਜਿਨ੍ਹਾਂ ਵਿੱਚ ਸ਼ਹਿਰ ਵਿੱਚ 22.75 ਕਰੋੜ ਰੁਪਏ ਨਾਲ ਲੱਗਣ ਵਾਲੀਆਂ ਸਮਾਰਟ ਐੱਲ. ਈ. ਡੀ. ਲਾਈਟਾਂ ਦਾ ਪ੍ਰੋਜੈਕਟ, 46.50 ਕਰੋੜ ਰੁਪਏ ਦੀ ਲਾਗਤ ਨਾਲ 24 ਘੰਟੇ ਸਰਫੇਸ ਵਾਟਰ ਬੇਸਡ ਵਾਟਰ ਸਪਲਾਈ ਯੋਜਨਾ, 39.30 ਕਰੋੜ ਰੁਪਏ ਦੀ ਲਾਗਤ ਨਾਲ ਮੌਜੂਦਾ ਸੀਵਰੇਜ ਸਿਸਟਮ ਦੀ ਰੀਹੈਬੀਲੀਟੇਸ਼ਨ ਪ੍ਰੋਜੈਕਟ, 22.59 ਕਰੋੜ ਰੁਪਏ ਲਾਗਤ ਵਾਲੇ ਸਟੌਰਮ ਵਾਟਰ ਡਰੇਨੇਜ਼ ਸਿਸਟਮ ਦੀ ਰੀਹੈਬੀਲੀਟੇਸ਼ਨ ਅਤੇ ਵਿਕਾਸ ਪ੍ਰੋਜੈਕਟ, 22.75 ਕਰੋੜ ਰੁਪਏ ਨਾਲ ਮਲਹਾਰ ਸੜਕ ਨੂੰ ਸਮਾਰਟ ਸਟਰੀਟ ਵਜੋਂ ਵਿਕਸਤ ਕਰਨ ਦੇ ਪ੍ਰੋਜੈਕਟ ਸ਼ਾਮਿਲ ਹਨ।
    ਉਨ•ਾਂ ਕਿਹਾ ਕਿ ਇਹ ਸਾਰੇ ਪ੍ਰੋਜੈਕਟ 25 ਮਈ, 2018 ਨੂੰ ਬਕਾਇਦਾ ਸ਼ੁਰੂ ਹੋ ਜਾਣਗੇ ਅਤੇ ਜਿਨ੍ਹਾਂ ਨੂੰ ਅਗਲੇ 2 ਸਾਲਾਂ ਵਿੱਚ ਪੂਰੀ ਤਰਾਂ ਮੁਕੰਮਲ ਕਰ ਲਏ ਜਾਣ ਦਾ ਟੀਚਾ ਹੈ। ਜਿਸ ਲਈ ਬਕਾਇਦਾ ਸਮਾਂਬੱਧ ਪ੍ਰੋਜੈਕਟ ਰਿਪੋਰਟਾਂ ਤਿਆਰ ਹੋ ਗਈਆਂ ਹਨ। ਉਨਾਂ ਕਿਹਾ ਕਿ ਮੁੱਖ ਮੰਤਰੀ ਦੇ ਲੁਧਿਆਣਾ ਦੌਰੇ ਨਾਲ ਸ਼ਹਿਰ ਦੇ ਵਿਕਾਸ ਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਅਤੇ ਸ਼ਹਿਰ ਵਾਸੀਆਂ ਨੂੰ ਉਨਾਂ ਦੇ ਇਸ ਦੌਰੇ ਤੋਂ ਭਾਰੀ ਉਮੀਦਾਂ ਹਨ। ਇਸ ਤੋਂ ਪਹਿਲਾਂ ਉਨਾਂ ਮੁੱਖ ਮੰਤਰੀ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਅਤੇ ਮੁੱਖ ਮੰਤਰੀ ਦੇ ਸਕੱਤਰ (ਪ੍ਰੈੱਸ) ਸ੍ਰੀ ਵਿਮਲ ਸੁੰਬਲੀ ਨਾਲ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਮਾਗਮ ਨੂੰ ਸਫ਼ਲ ਬਣਾਉਣ ਲਈ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ।