ਅਕਾਲੀਆਂ ਵਲੋਂ ਕੀਤੀ ਜਾ ਰਹੀ ਗੁੰਡਾਗਰਦੀ ਕਦਾਚਿਤ ਬਰਦਾਸ਼ਤ ਨਹੀਂ ਕਰਾਂਗੇ — ਯਾਦਵਿੰਦਰ ਬੁੱਟਰ

0
1554

ਅਕਾਲੀਆਂ ਵਲੋਂ ਕੀਤੀ ਜਾ ਰਹੀ ਗੁੰਡਾਗਰਦੀ ਕਦਾਚਿਤ ਬਰਦਾਸ਼ਤ ਨਹੀਂ ਕਰਾਂਗੇ — ਯਾਦਵਿੰਦਰ ਬੁੱਟਰ

ਭਾਜਪਾ ਵਰਕਰ ਵੀ ਕੋਈ ਵੱਡਾ ਫੈਸਲਾ ਲੈਣ ਲਈ ਹੋ ਸਕਦੈ ਮਜਬੂਰ

ਬਟਾਲਾ, 8 ਅਗਸਤ (ਯੂਵੀ ਸਿੰਘ ਮਾਲਟੂ ) – ਬਿਤੇ ਦਿਨ ਅਕਾਲੀ ਦਲ ਬਾਦਲ ਦੇ ਆਗੂਆਂ ਵਲੋਂ ਬਟਾਲਾ ਨਗਰ ਕੌਂਸਲ ਦੇ ਹਾਊਸ ਤੇ ਸੜਕ ‘ਤੇ ਸ਼ਰੇਆਮ ਕੀਤੀ ਗਈ ਗੁੰਡਾਗਰਦੀ ਨੂੰ ਲੈ ਕੇ ਭਾਜਪਾ ਦੇ ਸੀਨੀਅਰ ਆਗੂ ਯਾਦਵਿੰਦਰ ਸਿੰਘ ਬੁੱਟਰ ਨੇ ਆਪਣਾ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ । ਭਾਜਪਾ ਦੇ ਦਿਗੱਜ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ‘ਤੇ ਆਪਣੇ ਸ਼ਬਦਾਂ ਦਾ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਕ ਪਾਸੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਠਿੰਡਾ ਵਿਖੇ ਕੇਂਦਰੀ ਮੰਤਰੀ ਸਮਰਿਤੀ ਇਰਾਨੀ ਤੇ ਹਰਸਿਮਰਤ ਕੌਰ ਬਾਦਲ ਕੋਲੋਂ ਕੇਂਦਰੀ ਯੂਨੀਵਰਸਿਟੀ ਪੰਜਾਬ ਦਾ ਉਦਘਾਟਨ ਕਰਵਾ ਕੇ ਇਹ ਸਾਬਤ ਕਰ ਰਹੇ ਹਨ ਕਿ ਸੂਬੇ ਵਿਚ ਅਕਾਲੀ ਭਾਜਪਾ ਗਠਜੋੜ ਦੇ ਰਿਸ਼ਤੇ ਵਿਚ ਕਿਸੇ ਕਿਸਮ ਦੀ ਕੋਈ ਤਰੇੜ ਨਹੀ ਹੈ ਅਤੇ ਦੋਵੇਂ ਪਾਰਟੀਆਂ ਆਪਸੀ ਪਿਆਰ ਦੀ ਸਾਂਝ ਨਾਲ ਗਠਜੋੜ ਧਰਮ ਨੂੰ ਨਿਭਾ ਰਹੀਆਂ ਹਨ ਪਰ ਦੂਜੇ ਪਾਸੇ ਬਟਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਗੁੰਡਿਆਂ ਵਲੋਂ ਜੋ ਹਿੰਸਕ ਪ੍ਰਦਰਸ਼ਨ ਕਰ ਕੇ ਭਾਜਪਾ ਕਾਰਜਕਰਤਾਵਾਂ ‘ਤੇ ਜਾਨਲੇਵਾ ਹਮਲਾ ਕੀਤਾ ਤੇ ਇਥੋਂ ਤੱਕ ਕਿ ਹਲਕਾ ਇੰਚਾਰਜ ਲਖਬੀਰ ਸਿੰਘ ਲੋਧੀਨੰਗਲ ਦੇ ਇਸ਼ਾਰੇ ‘ਤੇ ਅਕਾਲੀ ਦਲ ਦੀ ਸਰਪ੍ਰਸਤੀ ਹੇਠ ਪਲ ਰਹੇ ਗੁੰਡਾ ਅਨਸਰਾਂ ਵਲੋਂ ਭਾਜਪਾ ਦੇ ਸਾਬਕਾ ਸਾਂਸਦੀ ਸਕੱਤਰ ਪੰਜਾਬ ਤੇ ਬਟਾਲਾ ਦੇ ਸਾਬਕਾ ਵਿਧਾਇਕ ਜਗਦੀਸ਼ ਰਾਜ ਸਾਹਨੀ ‘ਤੇ ਮਿਰਚਾਂ ਸੁਟ ਕੇ ਆਪਣੀ ਸੋੜੀ ਸੋਚ ਦਾ ਪ੍ਰਗਟਾਵਾ ਕੀਤਾ ਹੈ ਅਤੇ ਇਸ ਤੋਂ ਕੁੱਝ ਦਿਨ ਪਹਿਲਾਂ ਵੀ ਬਟਾਲਾ ਵਿਖੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੂੰ ਵੀ ਬੇਲਗਾਮ ਹੋਏ ਅਕਾਲੀਆਂ ਵਲੋਂ ਕਾਲੀਆਂ ਝੰਡੀਆਂ ਦਿਖਾਉਣਾ ਵੀ ਬਟਾਲਾ ਵਿਖੇ ਅਕਾਲੀ ਦਲ ਬਾਦਲ ਦੇ ਆਗੂਆਂ ਦੀ ਸੌੜੀ ਸੋਚ ਦਾ ਸਬੂਤ ਹੈ । ਇਸ ਮੌਕੇ ਭਾਜਪਾ ਆਗੂ ਬੁੱਟਰ ਨੇ ਕਿਹਾ ਕਿ ਜੇਕਰ ਅਕਾਲੀ ਦਲ ਵਲੋਂ ਇਸ ਤਰ੍ਹਾਂ ਹੀ ਗੁੰਡਾਗਰਦੀ ਕਰਕੇ ਭਾਜਪਾ ਆਗੂਆਂ ਤੇ ਕਾਰਜਕਰਤਾਵਾਂ ਨੂੰ ਭੇਅਭੀਤ ਕਰਨਾ ਜਾਰੀ ਰਖਿਆ ਤਾਂ ਭਾਜਪਾ ਦੇ ਵਰਕਰ ਵੀ ਆਉਣ ਵਾਲੇ ਸਮੇਂ ਵਿੱਚ ਕੋਈ ਵੱਡਾ ਫੈਸਲਾ ਲੈਣ ਲਈ ਮਜਬੂਰ ਹੋ ਸਕਦੇ ਹਨ ।