ਅਬੋਹਰ ’ਚ ਦਲਿਤ ਦੇ ਕਾਤਲਾਂ ਨੂੰ ਫੜਨ ਲਈ ਕਾਂਗਰਸ ਨੇ ਦਿੱਤਾ 4 ਦਿਨਾਂ ਦਾ ਅਲਟੀਮੇਟਮ ਅਬੋਹਰ ’ਚ ਭੀਮ ਟਾਂਕ ਤੇ ਚਾਨੂ ’ਚ ਅਰਸ਼ਦੀਪ ਕੌਰ ਦੇ ਪਰਿਵਾਰ ਨਾਲ ਮੁਲਾਕਾਤ

0
1395

ਅਬੋਹਰ/¦ਬੀ/ਬਠਿੰਡਾ, 16 ਦਸੰਬਰ: (ਧਰਮਵੀਰ ਨਾਗਪਾਲ) ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਲੀਡਰ ਚਰਨਜੀਤ ਸਿੰਘ ਚੰਨੀ ਨੇ ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੂੰ ਅਕਾਲੀ ਦਲ ਦੇ ਲੀਡਰ ਤੇ ਸ਼ਰਾਬ ਵਪਾਰੀ ਸ਼ਿਵ ਲਾਲ ਡੋਡਾ ਤੇ ਉਸਦੇ ਭਤੀਜੇ ਅਮਿਤ ਡੋਡਾ ਖਿਲਾਫ ਅਪਰਾਧਿਕ ਮਾਮਲਾ ਦਰਜ਼ ਕਰਨ ਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਲਈ 4 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ, ਜਿਨ੍ਹਾਂ ਦੇ ਫਾਰਮ ਹਾਊਸ ’ਤੇ ਇਕ ਦਲਿਤ ਭੀਮ ਟਾਂਕ ਦਾ ਉਸਦੇ ਹੱਥ ਪੈਰ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਦਕਿ ਉਸਦਾ ਸਾਥੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ ਸੀ।
ਉਨ੍ਹਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਸਰਕਾਰ ਦਿੱਤੇ ਸਮੇਂ ਦੌਰਾਨ ਕਾਰਵਾਈ ਕਰਨ ’ਚ ਅਸਫਲ ਰਹਿੰਦੀ ਹੈ, ਤਾਂ ਸੂਬੇ ਦੇ ਸਾਰੇ ਸਫਾਈ ਕਰਮਚਾਰੀ ਕੰਮ ਕਰਨਾ ਬੰਦ ਕਰ ਦੇਣਗੇ। ਇਹ ਸੂਬਾ ਪੱਧਰੀ ਹੜ੍ਹਤਾਲ ਹੋਵੇਗੀ ਤੇ ਕੋਈ ਵੀ ਸਫਾਈ ਕਰਮਚਾਰੀ ਆਪਣਾ ਕੰਮ ਨਹੀਂ ਕਰੇਗਾ।
ਚੰਨੀ ਨੇ ਦਲਿਤ ਪਰਿਵਾਰ ਦੇ ਮੁੱਦੇ ਨੂੰ ਸੁਲਝਾਉਣ ਲਈ ਸੂਬੇ ਦੀਆਂ ਸਾਰੀਆਂ ਹਮਖਿਆਲੀ ਪਾਰਟੀਆਂ ਨੂੰ ਇਕੋ ਮੰਚ ’ਤੇ ਆਉਣ ਦੀ ਅਪੀਲ ਕੀਤੀ ਹੈ।
ਇਸ ਮੌਕੇ ਚੰਨੀ ਨਾਲ ਸੀਨੀਅਰ ਕਾਂਗਰਸੀ ਆਗੂ ਤੇ ਅਬੋਹਰ ਤੋਂ ਵਿਧਾਇਕ ਸੁਨੀਲ ਜਾਖੜ ਵੀ ਸਨ, ਜਿਹੜੇ ਪਹਿਲਾਂ ਦਿਨ ’ਚ ਭੀਮ ਟਾਂਕ ਦੇ ਪਰਿਵਾਰ ਨੂੰ ਮਿਲਣ ਗਏ ਤੇ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ। ਅਕਾਲੀ ਆਗੂਆਂ ਦੀਆਂ ਵਧੀਕੀਆਂ ਦੇ ਸ਼ਿਕਾਰ ਹਰੇਕ ਦਲਿਤ ਪਰਿਵਾਰ ਨੂੰ ਸਹਾਇਤਾ ਦਿੱਤੀ ਜਾਵੇਗੀ।
ਉਨ੍ਹਾਂ ਨੇ ਪੀੜਤ ਪਰਿਵਾਰ ਨੂੰ ਕਿਹਾ ਕਿ ਉਹ ਖੁਦ ਇਕ ਦਲਿਤ ਪਰਿਵਾਰ ’ਚ ਪੈਦਾ ਹੋਏ ਹਨ ਤੇ ਉਨ੍ਹਾਂ ਦੇ ਦਰਦ ਨੂੰ ਸਮਝਦੇ ਹਨ। ਉਹ ਤੁਹਾਨੂੰ ਨਿਆਂ ਦਿਲਾਉਣ ਤੱਕ ਲੜਦੇ ਰਹਿਣਗੇ।
ਉਨ੍ਹਾਂ ਨੇ ਐਲਾਨ ਕੀਤਾ ਕਿ ਪਾਰਟੀ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹ ਕਰਕੇ ਵਿਧਾਇਕਾਂ ਦੀ ਇਕ 3 ਮੈਂਬਰੀ ਕਮੇਟੀ ਬਣਾਈ ਜਾਵੇਗੀ, ਜਿਹੜੀ ਸੂਬੇ ’ਚ ਦਲਿਤਾਂ ਖਿਲਾਫ ਵਧੀਕੀਆਂ ਦੇ ਕੇਸਾਂ ਦੀ ਜਾਂਚ ਕਰੇਗੀ ਤੇ ਉਨ੍ਹਾਂ ਦੀ ਸਹਾਇਤਾ ਕਰੇਗੀ।
ਉਨ੍ਹਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਭੀਮ ਟਾਂਕ ਤੇ ਉਸਦੇ ਸਾਥੀ ਦੇ ਹੱਥ ਪੈਰ ਵੱਢਣ ਦੇ ਇਕ ਗੰਭੀਰ ਅਪਰਾਧ ਦੀ ਜਾਂਚ ਕਰਨ ਲਈ ਬਣਾਈ ਗਈ ਐਸ.ਆਈ.ਟੀ ਸਿਰਫ ਅੱਖਾਂ ਦਾ ਧੋਖਾ ਹੈ, ਕਿਉਂਕਿ ਪੁਰਾਣੇ ਤਜ਼ੁਰਬੇ ਦੱਸਦੇ ਹਨ ਕਿ ਅਜਿਹੀਆਂ ਜਾਂਚਾਂ ਦੀ ਸਿਰਫ ਦੋਸ਼ੀਆਂ ਨੂੰ ਬਚਾਉਣ ਲਈ ਇਜ਼ਾਜਤ ਦਿੱਤੀ ਜਾਂਦੀ ਹੈ।
ਚੰਨੀ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਬੋਲਦਿਆਂ ਉਨ੍ਹਾਂ ’ਤੇ ਦੋਸ਼ੀਆਂ ਨੂੰ ਬਚਾਉਣ ਦਾ ਦੋਸ਼ ਲਗਾਇਆ, ਜਿਹੜੇ ਅਕਾਲੀ ਦਲ ਦਾ ਹਿੱਸਾ ਹਨ। ਉਨ੍ਹਾਂ ਨੇ ਕਮਜ਼ੋਰ ਵਰਗਾਂ ਨਾਲ ਵਧੀਕੀਆਂ ਕਰਨ ਵਾਲੇ ਅਕਾਲੀ ਭਾਜਪਾ ਸ਼ਾਸਕਾਂ ਨੂੰ ਨਤੀਜ਼ਾ ਭੁਗਤਣ ਦੀ ਚੇਤਾਵਨੀ ਦਿੱਤੀ।
ਉਨ੍ਹਾਂ ਨੇ ਇਹ ਵੀ ਭਰੋਸਾ ਦਿੱਤਾ ਕਿ ਅਕਾਲੀ ਭਾਜਪਾ ਗਠਜੋੜ ਤੋਂ ਦਲਿਤਾਂ ਤੇ ਆਮ ਤੌਰ ’ਤੇ ਸਮਾਜ ਦੇ ਕਮਜ਼ੋਰ ਵਰਗਾਂ ਦੇ ਹਿੱਤਾਂ ਦੀ ਰਾਖੀ ਕਰਨ ਲਈ ਕਾਂਗਰਸ ਹਰੇਕ ਪੱਧਰ ’ਤੇ ਲੜਾਈ ਲੜੇਗੀ। ਭੀਮ ਟਾਂਕ ਦੀ ਬੇਰਹਿਮੀ ਨਾਲ ਹੱਤਿਆ, ਗਰੀਬ ਤੇ ਦਲਿਤ ਵਿਰੋਧੀ ਬਾਦਲ ਸਰਕਾਰ ਦਾ ਖੌਫਨਾਕ ਚੇਹਰਾ ਪੇਸ਼ ਕਰਦੀ ਹੈ।