ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਨਗਰ ਨਿਗਮ ਅਤੇ ਪੁਲਿਸ ਟੀਮਾਂ ਯਤਨਾਂ ਨਾਲ ਫੈਕਟਰੀ ਦਾ 100 ਪ੍ਰਤੀਸ਼ਤ ਮਲਬਾ ਚੁੱਕਿਆ, ਲੋਕ ਹਾਦਸੇ ਸਮੇਂ ਖੁਦ ਅਤੇ ਹੋਰਾਂ ਦੀ ਸੁਰੱਖਿਆ ਲਈ ਸਹੀ ਜਾਣਕਾਰੀ ਪ੍ਰਸ਼ਾਸ਼ਨ ਨੂੰ ਦੇਣੀ ਯਕੀਨੀ ਬਣਾਉਣ- ਕਮਿਸ਼ਨਰ

0
1710

ਲੁਧਿਆਣਾ 26 ਨਵੰਬਰ (ਸੀ ਐਨ ਆਈ )- ਬੀਤੇ ਦਿਨੀ ਸੂਫੀਆ ਚੌਂਕ ਵਿਖੇ ਪਲਾਸਟਿਕ ਉਤਪਾਦ ਬਣਾਉਣ ਵਾਲੀ ਪੰਜ ਮੰਜਿਲਾ ਫੈਕਟਰੀ ਅੱਗ ਲੱਗਣ ਤੋਂ ਬਾਅਦ ਢਹਿ-ਢੇਰੀ ਹੋ ਗਈ ਸੀ, ਇਸ ਹਾਦਸੇ ਵਿੱਚ 13 ਜਾਨਾਂ ਚਲੀਆਂ ਗਈਆਂ ਸਨ, 2 ਵਿਅਕਤੀਆਂ ਨੂੰ ਬਚਾਓ ਟੀਮਾਂ ਨੇ ਬਚਾਅ ਲਿਆ ਸੀ ਅਤੇ 3 ਫਾਇਰਮੈਨ ਅਜੇ ਵੀ ਲਾਪਤਾ ਹਨ। ਘਟਨਾ ਸਥਾਨ ‘ਤੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਨਗਰ ਨਿਗਮ ਅਤੇ ਪੁਲਿਸ ਟੀਮਾਂ ਦੇ ਲਗਾਤਾਰ ਯਤਨਾਂ ਨਾਲ ਪਲਾਸਟਿਕ ਉਤਪਾਦ ਫੈਕਟਰੀ ਦਾ 100 ਪ੍ਰਤੀਸ਼ਤ ਮਲਬਾ ਹਟਾ ਲਿਆ ਗਿਆ ਹੈ ਅਤੇ 3 ਫਾਇਰਮੈਨ ਅਜੇ ਵੀ ਲਾਪਤਾ ਹਨ। ਉਹਨਾਂ ਦੱਸਿਆ ਕਿ ਮਸ਼ੀਨਰੀ ਕੰਮ ਖਤਮ ਹੋ ਗਿਆ ਹੈ ਹੁਣ ਸਿਰਫ ਐਨ.ਡੀ.ਆਰ.ਐਫ ਅਤੇ ਨਗਰ-ਨਿਗਮ ਦੀਆਂ ਟੀਮਾਂ ਸਾਂਝੇ ਤੌਰ ‘ਤੇ ਮਲਵੇ ਦੀ ਮੁੜ ਜਾਂਚ ਕਰਨਗੀਆਂ ਤਾਂ ਜੋ ਲਾਪਤਾ ਫਾਇਰਮੈਨ ਦਾ ਪਤਾ ਲਗਾਇਆ ਜਾ ਸਕੇ। ਉਹਨਾਂ ਦੱਸਿਆ ਕਿ ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ, ਨਗਰ ਨਿਗਮ ਅਤੇ ਪੁਲਿਸ ਟੀਮਾਂ ਦੀ ਮਿਹਨਤ ਅਤੇ ਅਣਥੱਕ ਕੋਸ਼ਿਸਾਂ ਨਾਲ 2 ਵਿਅਕਤੀਆਂ ਦੀਆਂ ਜਾਨਾਂ ਬਚਾਈਆਂ ਜਾ ਸਕੀਆਂ ਹਨ ਅਤੇ ਅੱਗ ‘ਤੇ ਕਾਬੂ ਪਾਇਆ ਜਾ ਸਕਿਆ ਹੈ। ਉਹਨਾਂ ਪੱਤਰਕਾਰਾਂ ਦੇ ਸੁਆਲ ਦਾ ਜੁਆਬ ਦਿੰਦਿਆ ਦੱਸਿਆ ਕਿ ਅਗਲੇਰੀ ਪੜਤਾਲ ਲਈ ਇਸ ਹਾਦਸੇ ਦੀ ਜਾਂਚ ਦਾ ਕੰਮ ਕਮਿਸ਼ਨਰ ਪਟਿਆਲਾ ਡਵੀਜ਼ਨ ਨੂੰ ਸੌਂਪਿਆ ਜਾ ਚੁੱਕਾ ਹੈ ਅਤੇ ਟੀਮਾਂ ਵੱਲੋਂ ਮਲਬੇ ਦੇ ਨਮੂਨੇ ਲਏ ਗਏ ਹਨ, ਜਿਨਾਂ ਦੀ ਜਾਂਚ ਲਈ ਲੈਬ ਵਿੱਚ ਭੇਜਿਆ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਫੈਕਟਰੀ ਮਾਲਕ ‘ਤੇ ਪਰਚਾ ਦਰਜ਼ ਕਰਕੇ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਅਤੇ ਜਾਂਚ ਰਿਪੋਰਟ ਆਉਣ ਤੋਂ ਬਾਅਦ ਧਾਰਾਂਵਾਂ ਵਿੱਚ ਹੋਰ ਵੀ ਵਾਧਾ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮ੍ਰਿਤਕ ਵਿਅਕਤੀਆਂ ਨੂੰ ਰਲੀਫ਼ ਦੇਣ ਲਈ ਕੇਸ ਪੰਜਾਬ ਸਰਕਾਰ ਨੂੰ ਭੇਜੇ ਗਏ ਹਨ ਅਤੇ ਆਲੇ-ਦੁਆਲੇ ਮਕਾਨਾਂ ਦੇ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਨਗਰ-ਨਿਗਮ ਅਧਿਕਾਰੀਆਂ ਦੀ ਡਿਊਟੀ ਲਗਾਈ ਗਈ ਹੈ। ਉਹਨਾਂ ਪੱਤਰਕਾਰਾਂ ਦੇ ਇੱਕ ਸੁਆਲ ਦਾ ਜੁਆਬ ਦਿੰਦਿਆ ਦੱਸਿਆ ਕਿ ਸਰਕਾਰ ਵੱਲੋਂ ਬਿਲਡਿੰਗ ਨਿਰਮਾਣ ਲਈ ਬਹੁਤ ਸਖ਼ਤ ਹਦਾਇਤਾਂ ਹਨ, ਹਰ ਇੱਕ ਵਿਅਕਤੀ ਨੂੰ ਕਾਨੂੰਨਾਂ/ਰੂਲਾਂ/ਫਾਇਰ ਸੇਫਟੀ ਨਿਯਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ ਅਤੇ ਕੋਈ ਵੀ ਗਲਤ ਉਸਾਰੀ ਨਹੀਂ ਕਰਨੀ ਚਾਹੀਦੀ। ਉਹਨਾਂ ਦੱਸਿਆ ਕਿ ਸ਼ਹਿਰ ਦੀਆਂ ਹੋਰ ਬਿਲਡਿੰਗਾਂ ਦੀ ਜਾਂਚ ਲਈ ਵੀ ਕਾਰਪੋਰੇਸ਼ਨ ਅਧਿਕਾਰੀਆਂ ਦੀ ਡਿਊਟੀ ਲਗਾਈ ਜਾਵੇਗੀ ਅਤੇ ਖ਼ਤਰੇ ਵਾਲੀਆਂ ਬਿਲਡਿੰਗਾਂ ਨੂੰ ਢਾਹਿਆ ਜਾਵੇਗਾ।
ਕਮਿਸ਼ਨਰ ਨਗਰ-ਨਿਗਮ ਸ੍ਰੀ ਜਸਕਿਰਨ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਹਾਦਸਿਆਂ ਨੂੰ ਰੋਕਣ ਲਈ ਸਰਕਾਰ ਵੱਲੋਂ ਨਿਯਮਾਂ ਦੀ ਪਾਲਣਾ ਕਰਨ ਅਤੇ ਹਾਦਸੇ ਮੌਕੇ ਸਹੀ ਜਾਣਕਾਰੀ ਪ੍ਰਸ਼ਾਸ਼ਨ ਨੂੰ ਦੇਣ ਤਾਂ ਜੋ ਜਾਣਕਾਰੀ ਮੁਤਾਬਿਕ ਬਚਾਓ ਕਾਰਜ਼ ਬਿਨਾ
ਦੇਰੀ ਤੋਂ ਆਰੰਭ ਕੀਤੇ ਜਾ ਸਕਣ। ਉਹਨਾਂ ਦੱਸਿਆ ਕਿ ਇਸ ਹਾਦਸੇ ਵਿੱਚ ਵੀ ਫੈਕਟਰੀ ਮਾਲਕਾਂ ਵੱਲੋਂ ਵੱਡੀ ਮਾਤਰਾਂ ਵਿੱਚ ਕੈਮੀਕਲ ਸਟੋਰ ਕੀਤਾ ਗਿਆ ਸੀ, ਜਿਸ ਕਾਰਨ ਹੀ ਇਹ ਹਾਦਸਾ ਵਾਪਰਿਆ ਹੈ। ਇਸ ਮੌਕੇ ਉਹਨਾਂ ਨਾਲ ਵਿਧਾਇਕ ਸ੍ਰੀ ਸੁਰਿੰਦਰ ਡਾਬਰ, ਪੁਲਿਸ ਕਮਿਸ਼ਨਰ ਆਰ.ਐਨ.ਢੋਕੇ, ਐਨ.ਡੀ.ਆਰ.ਐਫ, ਐਸ.ਡੀ.ਆਰ.ਐਫ. ਅਤੇ ਨਗਰ-ਨਿਗਮ ਅਧਿਕਾਰੀ ਹਾਜ਼ਰ ਸਨ।