ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਪੰਜਾਬ ਵਿਚ ਰਾਸ਼ਟਰਪਤੀ ਰਾਜ ਦੀ ਮੰਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਲਈ ਪੰਜਾਬ ਦੀਆਂ ਏਜੰਸੀਆਂ ਜ਼ਿੰਮੇਵਾਰ-ਬਾਜਵਾ

0
1612

ਕੋਟਕਪੂਰਾ – 16 ਅਕਤੂਬਰ (ਮਖਣ ਸਿੰਘ) ਪੰਜਾਬ ਕਾਂਗਰਸ ਦੇ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਕੱਲ੍ਹ ਕੋਟਕਪੂਰਾ ਵਿਖੇ ਹੋਏ ਲਾਠੀਚਾਰਜ/ਗੋਲੀਬਾਰੀ ਦੌਰਾਨ ਜਖਮੀ  ਸਿੰਘਾਂ ਦਾ ਪਤਾ ਲੈਣ ਲਈ ਸਥਾਨਕ ਬਾਬਾ ਦਿਆਲ ਸਿੰਘ ਸਿਵਲ ਹਸਪਤਾਲ ਕੋਟਕਪੂਰਾ ਵਿਖੇ ਪਹੁੰਚੇ । ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਲਈ ਪੰਜਾਬ ਦੀਆਂ ਏਜੰਸੀਆਂ ਜਿੰਮੇਵਾਰ ਹਨ । ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤ੍ਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤ੍ਰੀ  ਸੁਖਬੀਰ ਸਿੰਘ ਬਾਦਲ ਤੋਂ ਅਸਤੀਫਾ ਲੈਕੇ ਉਨ੍ਹਾਂ ਵਿਰੁੱਧ ਮੁਕੱਦਮਾ ਦਰਜ ਹੋਣਾ ਚਾਹੀਦਾ ਹੈ ਕਿ ਉਹ ਇਸ ਹੋਏ ਦੁਖਾਂਤ ਦੇ ਜ਼ਿੰਮੇਵਾਰ ਹਨ ਅਤੇ ਉੱਪ ਮੁੱਖ ਮੰਤ੍ਰੀ  ਸੂਬੇ ਦੇ ਗ੍ਰਹਿ ਮੰਤ੍ਰੀ  ਵੀ ਹਨ । ਉਨ੍ਹਾਂ ਕਿਹਾ ਇਸ ਘਟਨਾ ਵਿਚ ਗੋਲੀ ਚਲਾਉਣ ਦਾ ਇਸ਼ਾਰਾ ਦੇਣ ਵਾਲੇ  ਪੁਲਿਸ ਅਧਿਕਾਰੀਆਂ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਕਾਨੂੰਨ ਅਨੁਸਾਰ ਪਹਿਲਾਂ ਪੁਲਿਸ ਨੂੰ ਵਾਰਨਿੰਗ ਦੇਣੀ ਚਾਹੀਦੀ ਸੀ ਅਤੇ ਉਸਤੋਂ ਬਾਅਦ ਹਵਾਈ ਫਾਇਰਿੰਗ ਕਰਨੀ ਚਾਹੀਦੀ ਅਤੇ ਜੇਕਰ ਫਿਰ ਵੀ ਧਰਨਾਕਾਰੀ ਨਾ ਮੰਨਦੇ ਤਾਂ ਉਨ੍ਹਾਂ ਤੇ ਜਖਮੀ ਕਰਨ ਵਾਲੀਆਂ ਗੋਲੀਆਂ ਚਲਾਉਣੀਆਂ ਚਾਹੀਦੀਆਂ ਸਨ ਅਤੇ ਜੇਕਰ ਫਿਰ ਵੀ ਸਥਿਤੀ ਕਾਬੂ ਵਿਚ ਨਹੀਂ ਸੀ  ਆਉਂਦੀ ਸੀ ਤਾਂ ਉਨ੍ਹਾਂ ਦੀਆਂ ਲੱਤਾਂ ਵਿਚ ਫਾਇਰਿੰਗ ਕਰਨੀ ਚਾਹੀਦੀ ਸੀ ਪਰ ਪੁਲਿਸ ਨੇ ਅਜਿਹਾ ਨਾ ਕਰਕੇ ਸਿੱਧੀਆਂ ਗੋਲੀਆਂ ਚਲਾਈਆਂ ਜਿਸ ਨਾਲ 2 ਨੌਜੁਆਨਾਂ ਦੀ ਮੌਤ ਹੋ ਗਈ ਅਤੇ ਕਈ ਗੰਭੀਰ ਜਖਮੀ  ਹੋ ਗਏ । ਉਨ੍ਹਾਂ ਕਿ ਜਿਨਾ ਚਿਰ ਜ਼ਿਲਾ ਮੈਜਿਸਟਰੇਟ ਇਜ਼ਾਜਤ ਨਹੀਂ ਸੀ ਦਿੰਦਾ ਉਨਾ ਚਿਰ ਫਾਇਰਿੰਗ ਨਹੀਂ ਕੀਤੀ ਜਾ ਸਕਦੀ ਜਿਸ ਲਈ ਜ਼ਿਲਾ ਮੈਜਿਸਟਰੇਟ ਵਿਰੁੱਧ ਵੀ ਬਣਦੀ ਕਾਰਵਾਈ ਕੀਤੀ ਜਾਵੇ, ਜੋ ਫਾਇਰਿੰਗ ਪੁਲਿਸ ਵੱਲੋਂ ਕੀਤੀ ਗਈ ਹੈ ਉਹ ਸਰਕਾਰ ਦੀ ਸ਼ਹਿ ਤੇ ਕੀਤੀ  ਗਈ  ਹੈ । ਉਨ੍ਹਾਂ ਰਾਸ਼ਟਰਪਤੀ ਤੋਂ ਮੰਗ ਕਰਕੇ ਕਿਹਾ ਕਿ ਪੰਜਾਬ ਵਿਚ ਗੁੰਡਾਰਾਜ ਕਰਨ ਵਾਲੀ ਅੰਨੀ, ਬੋਲੀ ਸਰਕਾਰ ਨੂੰ ਇੱਥੋਂ ਫਾਰਗ ਕਰਕੇ ਰਾਸ਼ਟਰਪਤੀ ਰਾਜ ਲਾਇਆ ਜਾਵੇ ਤਾਂ ਕਿ ਪੰਜਾਬ ਦਾ ਮਾਹੌਲ ਸ਼ਾਂਤ ਹੋ ਸਕੇ । ਉਨ੍ਹਾਂ ਪੰਜਾਬ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਬਾਦਲਾਂ ਦੇ ਅਤੇ ਅੋਰੰਗਜੇਬ ਦੇ ਰਾਜ ਵਿਚ ਕੋਈ ਫਰਕ ਨਹੀਂ ਰਿਹਾ । ਉਨ੍ਹਾਂ ਮਜ਼ੀਦ ਦੱਸਿਆ ਕਿ ਪੰਜਾਬ ਨੂੰ 2 ਚਿੱਟਿਆਂ ਨੇ ਝੰਜੋੜ ਦਿੱਤਾ ਹੈ ਜਿਨ੍ਹਾਂ ਇਕ ਚਿੱਟਾ ਬਿਕਰਮਜੀਤ ਸਿੰਘ ਮਜੀਠੀਆ ਅਤੇ ਦੂਜਾ ਚਿੱਟਾ ਤੋਤਾ ਸਿੰਘ ਹੈ ਕਿਓਂ ਕਿ ਮਜੀਠੀਏ ਨੇ ਪੰਜਾਬ ਦੀ ਨੌਜੁਆਨੀ  ਨੂੰ ਖਤਮ ਕਰ ਦਿੱਤਾ ਹੈ ਅਤੇ ਤੋਤਾ ਸਿੰਘ ਨੇ ਪੰਜਾਬ ਦੀ ਕਿਸਾਨੀ ਨੂੰ ਖਤਮ ਕਰ ਦਿੱਤਾ ਹੈ ਜਿਸ ਕਰਕੇ ਕਿਸਾਨ ਸੜਕਾਂ ਤੇ ਉਤਰ ਆਏ ਹਨ ਅਤੇ ਕੀਟਨਾਸ਼ਕ ਦਵਾਈਆਂ ਵਿਚ ਕਰੋੜਾਂ ਰੂਪੈ ਦੀ ਰਿਸ਼ਵਤ ਪ੍ਰਾਪਤ ਕੀਤੀ ਗਈ ਜਿਨ੍ਹਾਂ ਦੀ ਅਗਵਾਈ ਸ: ਪ੍ਰਕਾਸ਼ ਸਿੰਘ ਬਾਦਲ ਕਰ ਰਹੇ ਹਨ । ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਵਿਰੁੱਧ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਕਾਂਗਰਸ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗੀ । ਇਸਤੋਂ ਬਾਅਦ ਉਨ੍ਹਾਂ ਨੇ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ ਅਤੇ ਡਾਕਟਰਾਂ ਤੋਂ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ  ਹਾਸਲ ਕੀਤੀ । ਇਸ ਮੌਕੇ ਉਨ੍ਹਾਂ ਨਾਲ ਹੋਰਾਂ ਤੋਂ ਇਲਾਵਾ ਸਰਵਸ਼੍ਰੀ ਐਡਵੋਕੇਟ ਵਿਨੋਦ ਮੈਨੀ, ਮਹਾਸ਼ਾ ਲਖਵੰਤ ਸਿੰਘ ਬਰਾੜ, ਇੰਦਰਜੀਤ ਸਿੰਘ ਜੀਰਾ, ਗੁਰਾਂਦਿੱਤਾ ਸਿੰਘ, ਜੰਗੀਰ ਸਿੰਘ ਕਟੋਰਾ, ਬੇਅੰਤ ਸਿੰਘ, ਸਤਨਾਮ ਸਿੰਘ, ਦਰਸ਼ਨ ਸਿੰਘ ਕਾਮਰੇਡ ਢਿੱਲਵਾਂ, ਪਵਨ ਗੋਇਲ, ਯੂਥ ਆਗੂ ਧਨਜੀਤ ਸਿੰਘ ਧਨੀ, ਪ੍ਰਦੀਪ ਕੁਮਾਰ ਚੇਪੜਾ ਬਲਾਕ ਪ੍ਰਧਾਨ ਆਦਿ ਹਾਜ਼ਰ ਸਨ ।