ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਦੇਸ਼ ਬਦੇਸ਼ ਚ ਗੁਰਗਿਆਨ ਪ੍ਰਕਾਸ਼ ਲਈ ਮਨਾਓ

0
1539

ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਦੇਸ਼ ਬਦੇਸ਼ ਚ ਗੁਰਗਿਆਨ ਪ੍ਰਕਾਸ਼ ਲਈ ਮਨਾਓ  -ਗੁਰਭਜਨ ਗਿੱਲ


ਲੁਧਿਆਣਾ: 3 ਜੁਲਾਈ

ਪੰਜਾਬ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਅੱਜ ਸੱਰੀ(ਕੈਨੇਡਾ ) ਵੱਸਦੇ ਉੱਘੇ ਟਰਾਂਸਪੋਰਟਰ ਕਰਮਜੀਤ ਸਿੰਘ ਗਰੇਵਾਲ ਨੂੰ ਸਨਮਾਨਿਤ ਕਰਦਿਆਂ  ਕਿਹਾ ਹੈ ਕਿ ਹਰ ਗੁਰੂ ਨਾਨਕ ਨਾਮ ਲੇਵਾ ਵਿਅਕਤੀ ਨੂੰ ਇਸ ਸਾਲ ਹਰਘਰ ਆਏ ਮਹਿਮਾਨ ਨੂੰ ਪਿਆਰ ਨਿਸ਼ਾਨੀ ਵਜੋਂ ਤੋਹਫੇ ਚ ਪੁਸਤਕ ਦੇਣੀ ਚਾਹੀਦੀ ਹੈ, ਤਾਂ ਜੋ ਵਿਸ਼ਵ ਚ ਵੱਸਦੇ ਲਗ ਪਗ 13 ਕਰੋੜ ਗੁਰੂ ਨਾਨਕ ਵਿਸ਼ਵਾਸੀ ਲੋਕ ਪੁਸਤਕ ਸਭਿਆਚਾਰ ਨਾਲ ਜੁੜਨ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਜੀ ਦਾ ਉਪਦੇਸ਼ ਵੀ ਇਹੀ ਹੈ ਕਿ ਜਦ ਤੀਕ ਸਵਾਸ ਚੱਲਦੇ ਨੇ ,ਸਾਨੂੰ ਕੁਝ ਨਾ ਕੁਝ ਕਹਿਣਾ ਤੇ ਸੁਣਨਾ ਚਾਹੀਦਾ ਹੈ। ਇਹ ਗੁਰੂ ਸ਼ਬਦ ਬਿਨ ਸੰਭਵ ਨਹੀਂ।
ਉਨ੍ਹਾਂ ਸ: ਕਰਮਜੀਤ ਸਿੰਘ ਗਰੇਵਾਲ ਨੂੰ ਪੰਜਾਬੀ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੁਸਤਕ ਰਾਗ ਰਤਨ ਦੀ ਕਾਪੀ ਭੇਂਟ ਕੀਤੀ। ਇਸ ਸਚਿੱਤਰ ਪੁਸਤਕ ਨੂੰ ਤੇਜ ਪ੍ਰਤਾਪ ਸਿੰਘ ਸੰਧੂ ਤੇ ਅਨੁਰਾਗ ਸਿੰਘ ਨੇ ਅੰਗਰੇਜ਼ੀ ਵਿੱਚ ਲਿਖਿਆ ਹੈ। ਗੁਰੂ ਗਰੰਥ ਸਾਹਿਬ ਵਿੱਚ ਸ਼ਾਮਿਲ 31 ਸ਼ੁੱਧ ਰਾਗਾਂ ਦੇ ਫੋਟੋ ਚਿਤਰਾਂ ਅਤੇ ਵਿਚਾਰ ਪ੍ਰਬੰਧ ਬਾਰੇ ਇਸ ਮੁੱਲਵਾਨ ਪੁਸਤਕ ਨੂੰ ਗੁਰਮਤਿ ਸੰਗੀਤ ਵਿਭਾਗ ਨੇ ਬਹੁਤ ਖੂਬਸੂਰਤ ਪਰਿੰਟਵੈੱਲ ਤੋਂ ਛਪਵਾਇਆ ਹੈ।
ਪੁਸਤਕ ਦੇ ਲੇਖਕ ਤੇਜ ਪ੍ਰਤਾਪ ਸਿੰਘ ਸੰਧੂ ਨੇ ਕਿਹਾ ਕਿ ਇਸ ਪੁਸਤਕ ਦਾ ਪੰਜਾਬੀ ਤੋਂ ਬਾਦ ਅੰਗਰੇਜ਼ੀ ਚ ਛਾਪਣ ਦਾ ਮਨੋਰਥ ਵੀ ਇਹੀ ਸੀ ਕਿ ਗੈਰ ਸਿੱਖ ਪਾਠਕਾਂ ਤੀਕ ਸਿੱਖ ਧਰਮ ਦੀ ਮਹਿਕ ਪਹੁੰਚੇ।
ਸ: ਕਰਮਜੀਤ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਤਿਕਾਰਯੋਗ ਪਿਤਾ ਜੀ ਸ: ਸੰਤੋਖ ਸਿੰਘ ਗਰੇਵਾਲ(ਰਾਇਕੋਟ) ਹਰ ਸਾਲ ਗੁਰੂ ਆਸ਼ੇ ਤੇ ਉਪਦੇਸ਼ ਲਈ ਦਸਵੰਧ ਕੱਢਦੇ ਸਨ। ਉਨ੍ਹਾਂ ਦੀ ਯਾਦ ਚ ਸਾਡਾ ਪਰਿਵਾਰ ਇਸ ਸਾਲ ਬਲਿਹਾਰੀ ਕੁਦਰਤਿ ਵੱਸਿਆ ਸੰਸਥਾ ਨਾਲ ਮਿਲ ਕੇ ਪਿੰਡਾਂ ਚ 550 ਬੂਟਿਆਂ ਨੂੰ ਸੁਰੱਖਿਆ ਗਾਰਡ ਮੁਹੱਈਆ ਕਰਵਾਏਗਾ ਅਤੇ ਲਗ ਪਗ 50 ਹਜ਼ਾਰ ਰੁਪਏ ਕੀਮਤ ਦੀਆਂ ਕਿਤਾਬਾਂ ਇਥੋਂ ਲਿਜਾ ਕੇ ਕੈਨੇਡਾ ਚ ਵੰਡੇਗਾ। ਰਾਗ ਰਤਨ ਪੁਸਤਕ ਦਾ ਅੰਗਰੇਜ਼ੀ ਐਡੀਸ਼ਨ ਵੀ ਮੰਗਵਾ ਕੇ ਆਪਣੇ ਸੰਪਰਕ ਵਾਲੇ ਗੈਰ ਸਿੱਖ ਪਰਿਵਾਰਾਂ ਨੂੰ ਗੁਰੂ ਨਾਨਕ 550 ਸਾਲ ਨਾਲ ਸਬੰਧਿਤ ਸਮਾਰੋਹ ਵਿੱਚ ਵੰਡਿਆ ਜਾਵੇਗਾ।
ਇਸ ਮੌਕੇ ਸੰਤ ਬਾਬਾ ਸੋਹਨ ਸਿੰਘ  ਬਾਬਾ ਸੁੱਚਾ ਸਿੰਘ ਅਕਾਡਮੀ ਜੰਡਿਆਲਾ ਗੁਰੂ, ਸ: ਪਿਰਥੀਪਾਲ ਸਿੰਘ ਹੇਅਰ ਐੱਸ ਪੀ ਪੰਜਾਬ ਪੁਲੀਸ , ਹਰਪ੍ਰੀਤ ਸਿੰਘ ਸੰਧੂ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਸਰਕਾਰ ਤੇ ਕਈ ਹੋਰ ਸਿਰਕੱਢ ਵਿਅਕਤੀ ਹਾਜ਼ਰ ਸਨ।
ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਉਹ ਅਜ ਸਵੇਰੇ ਹੀ ਗੁਰਦਵਾਰਾ ਸਾਹਿਬ ਕੋਟਾਂ(ਲੁਧਿਆਣਾ ) ਚ 21 ਪਿੱਪਲ ਬੂਟੇ ਲਗਵਾ ਕੇ ਆਏ ਹਨ ਜਦ ਕਿ ਜੁਸਾਈ ਮਹੀਨੇ ਚ ਉਨ੍ਹਾਂ ਦਾ ਟੀਚਾ ਪੂਰੇ ਪੰਜਾਬ ਚ 1100 ਬੂਟੇ ਲਗਵਾਉਣ ਦਾ ਹੈ।
ਪਿਰਥੀਪਾਲ ਸਿੰਘ ਨੇ ਕਿਹਾ ਕਿ ਭਾਈ ਹਰਜਿੰਦਰ ਸਿੰਘ ਜੀ ਦੀ ਪ੍ਰੇਰਨਾ ਨਾਲ ਦੋ ਸਾਲ ਪਹਿਲਾਂ ਪਿੰਡ ਕੋਟਲਾ ਸ਼ਾਹੀਆ ਤੋਂ ਬਲਿਹਾਰੀ ਕੁਦਰਤਿ ਵੱਸਿਆ ਲਹਿਰ ਦਾ ਆਰੰਭ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੀ ਸਰਪ੍ਰਸਤੀ ਹੇਠ ਸ਼ੁਰੂ ਕੀਤੀ ਸੀ। ਸਾਡਾ ਮੰਨਣਾ ਹੈ ਕਿ ਰੂਟੁੱਖ ਲਾਉਣ ਦੇ ਨਾਲ ਪਾਲਣ ਤੇ ਸੁਰੱਖਿਆ ਗਾਰਡ ਲਾਉਣੇ ਜ਼ਰੂਰੀ ਹਨ।