ਤਕਨੀਕੀ ਸੰਸਥਾਵਾਂ ਵਿੱਚ ਰੋਜ਼ਗਾਰ ਮੁੱਖੀ ਕੋਰਸ ਹੀ ਕਰਵਾਏ ਜਾਣਗੇ – ਸੂਬੇ ਚੋਂ ਅੱਤਵਾਦ ਦੀ ਤਰਾਂ ਗੈਂਗਸਟਰਾਂ ਨੂੰ ਵੀ ਖ਼ਤਮ ਕਰੇਗੀ ਪੰਜਾਬ ਸਰਕਾਰ, ਚਰਨਜੀਤ ਸਿੰਘ ਚੰਨੀ

0
1535

ਖੰਨਾ, 11 ਨਵੰਬਰ ( ਸੀ ਐਨ ਆਈ ) – ਪੰਜਾਬ ਸਰਕਾਰ ਦੇ ਤਕਨੀਕੀ ਸਿੱਖਿਆ ਬਾਰੇ ਵਿਭਾਗ ਦੇ ਕੈਬਿਨਟ ਮੰਤਰੀ ਸ. ਚਰਨਜੀਤ ਸਿਘ ਚੰਨੀ ਨੇ ਕਿਹਾ ਹੈ ਕਿ ਉਨਾ ਦੇ ਵਿਭਾਗ ਵਲੋਂ ਸਮੂਹ ਤਕਨੀਕੀ ਸੰਸਥਾਂਵਾਂ ਵਿੱਚ ਉਹੀ ਕੋਰਸ ਚਾਲੂ ਰੱਖੇ ਜਾਣਗੇ ਜਾਂ ਹੋਰ ਚਲਾਏ ਜਾਣਗੇ ਜਿਹੜੇ ਕੋਰਸਾਂ ਨੂੰ ਕਰਨ ਨਾਲ ਵਿਦਿਆਰਥੀਆਂ ਨੂੰ ਅੱਗੇ ਨੌਕਰੀ ਦੇ ਵਧੀਆ ਮੌਕੇ ਪ੍ਰਦਾਨ ਹੋਣਗੇ। ਅੱਜ ਸਥਾਨਕ ਗੁਲਜਾਰ ਇੰਸਟੀਚਿਊਟਸ ਵਿੱਚ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜਾ ਇੰਟਰਜੋਨਲ ਯੂਥ ਫੈਸਟੀਵਲ ਦੌਰਾਨ ਸਮਾਗਮ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਉੱਚ-ਪੱਧਰ ਦੀ ਤਕਨੀਕੀ ਸਿੱਖਿਆ ਮਹੱਈਆ ਕਰਵਾਉਣ ਲਈ ਦ੍ਰਿੜ ਯਤਨਸ਼ੀਲ ਹੈ ਤਾਂ ਜੋ ਨੌਜਵਾਨ ਤਕਨੀਕੀ ਸਿੱਖਿਆ ਪ੍ਰਾਪਤ ਕਰਨ ਉਪਰੰਤ ਆਪਣੇ ਪੈਰਾਂ ਤੇ ਖੜੇ ਹੋ ਸਕਣ ਇਸ ਲਈ ਉਨਾ ਦੇ ਵਿਭਾਗ ਵੱਲੋਂ ਤਕਨੀਕੀ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਉਹੀ ਕੋਰਸ ਕਰਵਾਏ ਜਾਣਗੇ ਜਿਨ੍ਹਾਂ ਨੂੰ ਕਰਨ ਨਾਲ ਵਿਦਿਆਰਥੀਆਂ ਨੂੰ ਰੋਜ਼ਗਾਰ ਦੇ ਜ਼ਿਆਦਾ ਮੌਕੇ ਮਿਲਣਗੇ।
ਸੂਬੇ ਵਿੱਚ ਗੈਂਗਸਟਰਾਂ ਦੀਆਂ ਸਰਗਰਮੀਆਂ ਬਾਰੇ ਪੁੱਛੇ ਜਾਣ ਤੇ ਉਨਾ ਕਿਹਾ ਕਿ ਇਨਾ ਗੈਂਗਸਟਰਾਂ ਨੂੰ ਪਿਛਲੇ ਦੱਸ ਸਾਲਾਂ ਦੌਰਾਨ ਅਕਾਲੀ – ਭਾਜਪਾ ਗੱਠਜੋੜ ਵੱਲੋਂ ਪਾਲਿਆ ਗਿਆ ਸੀ ਜਿਸ ਨੂੰ ਕਿ ਪੰਜਾਬ ਸਰਕਾਰ ਨੇ ਨੱਥ ਪਾਉਣ ਦੀ ਠਾਣੀ ਹੈ। ਉਨਾ ਕਿਹਾ ਕਿ ਜਿਵੇਂ ਕਾਂਗਰਸ ਪਾਰਟੀ ਨੇ ਅੱਤਵਾਦ ਦੇ ਦੌਰ ਵਿੱਚੋਂ ਸੂਬੇ ਨੂੰ ਕੱਢਿਆ ਸੀ ਓਵੇਂ ਹੀ ਹੁਣ ਸੂਬੇ ਨੂੰ ਗੈਂਗਸਟਰਾਂ ਦੇ ਪ੍ਰਭਾਵ ਵਿੱਚੋਂ ਵੀ ਕੱਢਿਆ ਜਾਵੇਗਾ। ਕਾਂਗਰਸ ਪਾਰਟੀ ਦੇ ਕਾਰਜਕਾਲ ਦੌਰਾਨ ਸੂਬੇ ਵਿੱਚ ਅਮਨ-ਕਾਨੂੰਨ ਅਤੇ ਲੋਕਾਂ ਦਾ ਰਾਜ ਰਹੇਗਾ।
ਉਨਾ ਸਪਸ਼ਟ ਕੀਤਾ ਕਿ ਸੂਬੇ ਵਿੱਚ ਚੱਲ ਰਹੇ ਆਂਗਨਵਾੜੀ ਦੇ ਸਟਾਫ ਨੂੰ ਨੌਕਰੀ ਤੋਂ ਬਰਖਾਸ਼ਤ ਨਹੀਂ ਕੀਤਾ ਜਾ ਰਿਹਾ ਹੈ ਇਸ ਲਈ ਉਨਾ ਨੂੰ ਰੋਹ-ਮੁਜਾਹਰਿਆਂ ਦਾ ਰਾਹ ਤਿਆਗ ਕੇ ਆਪਣੀ ਡਿਊਟੀ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨਾ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਰਵਪੱਖੀ ਵਿਕਾਸ ਲਈ ਯਤਨਸ਼ੀਲ ਹੈ।
ਇਸ ਤੋਂ ਬਾਅਦ ਉਨਾ ਯੂਥ ਫੈਸਟੀਵਲ ਵਿੱਚ ਭਾਗ ਲੈ ਰਹੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੂਥ ਫੈਸਟੀਵਲ ਇੱਕ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹੁੰਦੇ ਹਨ। ਪੜਾਈ ਦੇ ਨਾਲ-ਨਾਲ ਹੋਰ ਸਰਗਰਮੀਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਆਮ ਵਿਦਿਆਰਥੀਆਂ ਨਾਲੋਂ ਕਿਤੇ ਜ਼ਿਆਦਾ ਤਰੱਕੀ ਕਰਦੇ ਹਨ। ਉਨਾ ਇਸ ਫੈਸਟੀਵਲ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਸੁਨਿਹਿਰੀ ਭਵਿੱਖ ਲਈ ਸੁਵੀ ਦਿੱਤੀਆਂ।ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ, ਗੁਲਜਾਰ ਗਰੁੱਪ ਆਫ ਇੰਸਟੀਚਿਊਟਸ ਦੇ ਚੇਅਰਮੈਨ ਸ.ਗੁਰਚਰਨ ਸਿੰਘ, ਕਾਰਜਕਾਰੀ ਡਾਇਰੈਕਟਰ ਸ.ਗੁਰਕੀਰਤ ਸਿੰਘ, ਪ੍ਰਿੰਸੀਪਲ ਬਰਿੰਦਰ ਸਿੰਘ ਬੇਦੀ, ਨਗਰ ਕੌਸਿਲ ਦੇ ਪ੍ਰਧਾਨ ਸ਼੍ਰੀ ਵਿਕਾਸ ਮਹਿਤਾ, ਰਜਿੰਦਰ ਸਿੰਘ ਲੱਖਾ ਰੌਣੀ, ਜਤਿੰਦਰ ਪਾਠਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਅਤੇ ਹੋਰ ਹਾਜ਼ਰ ਸਨ।