ਨਿਮਰਤਾ ਨਾਲ ਸਾਰੇ ਕੰਕਰ, ਦੁਸ਼ਮਣੀ ਤੇ ਕ੍ਰੋਧ ਸਭ ਕੁਝ ਖ਼ਤਮ ਹੋ ਜਾਂਦੇ ਨੇ : ਜਤਿੰਦਰਪਾਲ ਸਿੰਘ

0
1753

ਕੋਟਕਪੂਰਾ, 26 ਦਸੰਬਰ ( ਮਖਣ ਸਿੰਘ ) :- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਫ਼ਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵੱਲੋਂ ਸਥਾਨਕ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਵਿਖੇ 11ਵਾਂ ਜ਼ੋਨਲ ਪੱਧਰੀ ਦੋ ਰੋਜ਼ਾ ਆਤਮ ਪ੍ਰਬੋਧ ਸਮਾਗਮ ਆਰੰਭ ਹੋ ਗਿਆ। ਜਿਸਦੀ ਸ਼ੁਰੂਆਤ ਭਾਈ ਅਮਰਜੀਤ ਸਿੰਘ ਦੁਆਰਾ ‘ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ’ ਤੇ ਹਰਮਨਦੀਪ ਸਿੰਘ ਦੇ ਜੱਥੇ ਦੇ ਸ਼ਬਦ ਗਾਇਣ ਨਾਲ ਹੋਈ। ਸਮਾਗਮ ‘ਚ ਕੇਂਦਰੀ ਦਫਤਰ ਸਟੱਡੀ ਸਰਕਲ ਦੇ ਚੇਅਰਮੈਨ ਪ੍ਰਤਾਪ ਸਿੰਘ, ਸਕੱਤਰ ਜਨਰਲ ਜਤਿੰਦਰਪਾਲ ਸਿੰਘ, ਚੀਫ ਆਰਗੇਨਾਈਜ਼ਰ ਬਰਜਿੰਦਰਪਾਲ ਸਿੰਘ ਲਖਨਊ, ਇੰਦਰਪਾਲ ਸਿੰਘ ਚੀਫ ਕਲੈਬੋਰੇਟਰ ਲੁਧਿਆਣਾ, ਰਣਜੀਤ ਸਿੰਘ ਵਾਈਸ ਚੇਅਰਮੈਨ ਟਰੱਸਟ, ਜਸਪਾਲ ਸਿੰਘ ਭਾਈ ਸਮੁੰਦ ਸਿੰਘ ਸੰਗੀਤ ਐਕਡਮੀ ਲੁਧਿਆਣਾ ਦੇ ਕੋਆਰਡੀਨੇਟਰ, ਡਾ.ਅਵੀਨਿੰਦਰਪਾਲ ਸਿੰਘ ਐਡੀਸ਼ਨਲ ਚੀਫ ਆਰਗੇਨਾਈਜ਼ਰ ਅਕਾਦਮਿਕ, ਹਰਪ੍ਰੀਤ ਸਿੰਘ ਵਿੱਤ ਵਿਭਾਗ ਲੁਧਿਆਣਾ ਤੇ ਜ਼ੋਨਲ ਪ੍ਰਧਾਨ ਸ਼ਿਵਰਾਜ ਸਿੰਘ ਗਿੱਦੜਬਾਹਾ ਮੰਚ ‘ਤੇ ਬਿਰਾਜਮਾਨ ਸਨ। ਉਪਰੰਤ ਸ਼ਿਵਰਾਜ ਸਿੰਘ ਨੇ ਚੇਅਰਮੈਨ ਤੇ ਕੇਂਦਰੀ ਟੀਮ ਸਮੇਤ ਜ਼ੋਨਲ ਕਾਰਜਕਾਰਨੀ ਦੇ ਵੀਰਾਂ/ਭੈਣਾਂ ਨੂੰ ਜੀ ਆਇਆਂ ਆਖ਼ਿਆ। ਇਸ 11ਵੇਂ ਸਲਾਨਾ ਸਮਾਗਮ ‘ਚ ਜ਼ੋਨਲ ਸਕੱਤਰ ਇੰਜ.ਗੁਰਪ੍ਰੀਤ ਸਿੰਘ ਨੇ ਸਮਾਜਿਕ ਤੇ ਵਿੱਦਿਅਕ ਖੇਤਰ ‘ਚ ਕੀਤੇ ਗਏ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ। ਜਿਸ ‘ਚ ਤਿੰਨਾਂ ਜ਼ਿਲ੍ਹਿਆਂ ਤੇ 12 ਖੇਤਰਾਂ ਦੇ 240 ਪ੍ਰਤੀਨਿਧ ਵੀਰਾਂ/ਭੈਣਾਂ ਨੇ ਸ਼ਿਰਕਤ ਕੀਤੀ। ਆਰੰਭਕ ਸ਼ੈਸ਼ਨ ‘ਚ ਪ੍ਰਸਿੱਧ ਕਥਾਵਾਚਕ ਗੁਰਨੇਕ ਸਿੰਘ ਸੰਗਰਾਹੁਰ ਨੇ ‘ਹੁਕਮੁ ਪਛਾਣਿ ਤਾ ਖਸਮੈ ਮਿਲਣਾ’ ਵਿਸ਼ੇ ‘ਤੇ ਬੋਲਦਿਆਂ ਕਿਹਾ ਕਿ ਹੁਕਮ ਸਬੰਧੀ ਜਿਨੀਂ ਕਿਸੇ ਕੋਲ ਸਮਰੱਥਾ ਹੈ, ਉਨ੍ਹਾਂ ਹੀ ਉਹ ਸਮਝ ਸਕਦਾ ਹੈ। ਦੂਜਾ ਹੁਕਮ ਉਹ ਸ਼ਕਤੀ ਹੈ, ਜਿਹੜੀ ਪ੍ਰਮਾਤਮਾ ਤੱਕ ਲੈ ਜਾ ਸਕਦੀ ਹੈ। ਡਾ.ਅਵੀਨਿੰਦਰਪਾਲ ਸਿੰਘ ਨੇ ਹਫਤਾਵਾਰੀ ਸ਼ਖਸ਼ੀਅਤ ਉਸਾਰੀ ਕਲਾਸਾਂ ਦੇ ਸਿਲੇਬਸ ਪ੍ਰਤੀ ਸੰਖੇਪ ਰੂਪ ‘ਚ ਜਾਣਕਾਰੀ ਦਿੱਤੀ। ਸਕੱਤਰ ਜਨਰਲ ਜਤਿੰਦਰਪਾਲ ਸਿੰਘ ਨੇ ਬੋਲਦਿਆਂ ਕਿਹਾ ਕਿ ਮਿਹਨਤ ਤੇ ਨਿਮਰਤਾ ਨਾਲ ਹੀ ਇਨਕਲਾਬ ਆਉਂਦਾ ਹੈ, ਜਿਸ ਨਾਲ ਸਮਾਜ ‘ਚ ਤਬਦੀਲੀ ਲਿਆਂਦੀ ਜਾ ਸਕਦੀ ਹੈ। ਨਿਮਰਤਾ ਨਾਲ ਸਾਰੇ ਕੰਕਰ, ਦੁਸ਼ਮਣੀ ਤੇ ਕ੍ਰੋਧ ਸਭ ਕੁਝ ਖਤਮ ਹੋ ਜਾਂਦੇ ਹਨ। ਦੂਜੇ ਸ਼ੈਸ਼ਨ ‘ਚ ਕਰਨਵੀਰ ਸਿੰਘ ਇੰਦੌਰ ਨੇ ‘ਸਵੈ ਰੁਜ਼ਗਾਰ ਤੇ ਸੰਭਾਵਨਾਵਾਂ’ ਵਿਸ਼ੇ ‘ਤੇ ਵਿਸਥਾਰ ਨਾਲ ਪ੍ਰੋਜੈਕਟ ਰਾਹੀਂ ਦੱਸਿਆ। ਬਰਜਿੰਦਰਪਾਲ ਸਿੰਘ ਨੇ ‘ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ’ ਪ੍ਰੇਰਣਾ ਵਾਕ ਉੱਪਰ ਕਈ ਤਰ੍ਹਾਂ ਦੀਆਂ ਉਦਾਹਰਣਾਂ ਰਾਹੀਂ ਲਗਭਗ ਇੱਕ ਘੰਟੇ ਦੇ ਸੰਬੋਧਨ ‘ਚ ਵਿਚਾਰਾਂ ਸਾਂਝੀਆਂ ਕੀਤੀਆਂ। ਹਫਤਾਵਾਰੀ ਕਲਾਸਾਂ ਦੇ ਰਿਵੀਊ ਸ਼ੈਸ਼ਨ ‘ਚ ਰਣਜੀਤ ਸਿੰਘ ਟੋਨੀ, ਹਰਵਿੰਦਰ ਸਿੰਘ ਬਾਘਾਪੁਰਾਣਾ, ਕੀਰਤੀਪਾਲ ਸਿੰਘ ਫਰੀਦਕੋਟ, ਰਮਿੰਦਰ ਸਿੰਘ ਖੱਚੜਾਂ, ਰਣਜੀਤ ਸਿੰਘ, ਇਕਬਾਲ ਸਿੰਘ, ਕੁਲਦੀਪ ਸਿੰਘ ਮੁਕਤਸਰ, ਨਵਨੀਤ ਸਿੰਘ ਤੇ ਰਾਜਪ੍ਰੀਤ ਸਿੰਘ ਨੇ ਆਪਣੇ ਤਜ਼ਰਬੇ ਸਾਂਝੇ ਕੀਤੇ। ਸਟੇਜ ਦਾ ਸੰਚਾਲਨ ਜ਼ੋਨਲ ਸਕੱਤਰ ਪ੍ਰੋ.ਗੁਰਪ੍ਰੀਤ ਸਿੰਘ ਮੁਕਤਸਰ, ਪਰਮਿੰਦਰ ਸਿੰਘ ਅਤੇ ਇੰਜ.ਜਸਪ੍ਰੀਤ ਸਿੰਘ ਰੁਪਾਣਾ ਆਦਿ ਨੇ ਸਮੇਂ-ਸਮੇਂ ‘ਤੇ ਕੀਤਾ। ਇਸ ਸਮੇਂ ਇਤਿਹਾਸ ਨੂੰ ਘਰ-ਘਰ ਪਹੁੰਚਾਉਣ ਦੇ ਮੰਤਵ ਨਾਲ ਪੁਸਤਕ ਪ੍ਰਦਰਸ਼ਨੀ ਵੀ ਲਾਈ ਗਈ, ਜਿਥੋਂ ਭਾਰੀ ਗਿਣਤੀ ‘ਚ ਸੰਗਤਾਂ ਨੇ ਧਾਰਮਿਕ ਸਾਹਿਤ ਖਰੀਦਿਆ।