* ਪਾਸਪੋਰਟ ਪੜਤਾਲ ਲਈ ਲੋਕਾਂ ਨੂੰ ਘਰਾਂ ’ਚ ਹੀ ਪਾਰਦਰਸ਼ੀ ਅਤੇ ਸਮਾਂਬੱਧ ਸੇਵਾਵਾਂ ਹੋਣਗੀਆਂ ਮੁਹੱਈਆ: ਚੌਹਾਨ * ਐਸ.ਐਸ.ਪੀ ਚੌਹਾਨ ਨੇ ਨਵੇਂ ਮੋਟਰਸਾਇਕਲਾਂ ਨੂੰ ਦਿਖਾਈ ਹਰੀ ਝੰਡੀ

0
1638

ਪਟਿਆਲਾ, 21 ਜੁਲਾਈ: (ਧਰਮਵੀਰ ਨਾਗਪਾਲ) ਪੰਜਾਬ ਸਰਕਾਰ ਨੇ ਪਾਸਪੋਰਟ ਦੀ ਪੜਤਾਲ ਦੇ ਕੰਮ ਨੂੰ ਪਾਰਦਰਸ਼ੀ ਅਤੇ ਸਮਾਂ ਬੱਧ ਬਣਾਉਣ ਲਈ ਇੱਕ ਨਿਵੇਕਲੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਪਟਿਆਲਾ ਜ਼ਿਲ੍ਹੇ ’ਚ ਸਾਂਝ ਪ੍ਰੋਜੈਕਟ ਅਧੀਨ ਆਰੰਭ ਹੋਈ ਇਸ ਮੁਹਿੰਮ ਦੇ ਤਹਿਤ ਪਾਸਪੋਰਟ ਦੀ ਪੜਤਾਲ ਲਈ ਜ਼ਿਲ੍ਹੇ ਦੇ 24 ਪੁਲਿਸ ਥਾਣਿਆਂ ’ਚ ਇੱਕ-ਇੱਕ ਪਾਸਪੋਰਟ ਪੜਤਾਲ ਅਧਿਕਾਰੀ (ਪੀ.ਵੀ.ਓ) ਨਿਯੁਕਤ ਕਰਕੇ ਇੱਕ-ਇੱਕ ਮੋਟਰਸਾਇਕਲ ਅਤੇ ਟੇਬਲੈਟ ਮੁਹੱਈਆ ਕਰਵਾਇਆ ਗਿਆ ਹੈ ਤਾਂ ਜੋ ਪਾਸਪੋਰਟ ਲਈ ਬਿਨੇ-ਪੱਤਰ ਦੇਣ ਵਾਲੇ ਪ੍ਰਾਰਥੀਆਂ ਨੂੰ ਉਨ੍ਹਾਂ ਦੇ ਘਰਾਂ ’ਚ ਹੀ ਪੜਤਾਲ ਸਬੰਧੀ ਸੇਵਾਵਾਂ ਮੌਕੇ ’ਤੇ ਮੁਹੱਈਆ ਕਰਵਾਈਆਂ ਜਾ ਸਕਣ। ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਪਟਿਆਲਾ ਵਿਖੇ ਐਸ.ਐਸ.ਪੀ ਸ਼੍ਰੀ ਗੁਰਮੀਤ ਸਿੰਘ ਚੌਹਾਨ ਨੇ 24 ਨਵੇਂ ਮੋਟਰਸਾਇਕਲਾਂ ਨੂੰ ਹਰੀ ਝੰਡੀ ਵਿਖਾਈ। ਉਨ੍ਹਾਂ ਦੱਸਿਆ ਕਿ ਲੋਕਾਂ ਅਤੇ ਪੁਲਿਸ ਵਿਚਾਲੇ ਤਾਲਮੇਲ ਵਧਾਉਣ ਅਤੇ ਸਾਂਝ ਨੂੰ ਹੋਰ ਮਜ਼ਬੂਤ ਕਰਨ ਵਿੱਚ ਇਹ ਉਪਰਾਲਾ ਨਵਾਂ ਮੀਲ ਪੱਥਰ ਸਾਬਤ ਹੋਵੇਗਾ। ਸ਼੍ਰੀ ਚੌਹਾਨ ਨੇ ਦੱਸਿਆ ਕਿ ਜਦੋਂ ਵੀ ਥਾਣੇ ਨੂੰ ਪਾਸਪੋਰਟ ਦੀ ਪੜਤਾਲ ਸਬੰਧੀ ਕੋਈ ਬਿਨੇ ਪੱਤਰ ਪ੍ਰਾਪਤ ਹੋਵੇਗਾ ਤਾਂ ਸਬੰਧਤ ਥਾਣੇ ਦਾ ਪੁਲਿਸ ਪੜਤਾਲ ਅਧਿਕਾਰੀ ਬਿਨੇਪਾਤਰੀ ਨਾਲ ਤਾਲਮੇਲ ਕਰਕੇ ਉਸਦੀ ਸੁਵਿਧਾ ਮੁਤਾਬਕ ਸਰਕਾਰੀ ਮੋਟਰਸਾਇਕਲ ਰਾਹੀਂ ਬਿਨੇਪਾਤਰੀ ਦੇ ਘਰ ਪੜਤਾਲ ਲਈ ਜਾਵੇਗਾ। ਐਸ.ਐਸ.ਪੀ ਨੇ ਦੱਸਿਆ ਕਿ ਸਬੰਧਤ ਅਧਿਕਾਰੀ ਵੱਲੋਂ ਬਿਨੇਕਾਰ ਅਤੇ ਗਵਾਹਾਂ ਦੀਆਂ ਤਸਵੀਰਾਂ ਸਰਕਾਰੀ ਟੇਬਲੈਟ ਰਾਹੀਂ ਖਿੱਚ ਕੇ ਰਿਕਾਰਡ ਵਿੱਚ ਰੱਖੀਆਂ ਜਾਣਗੀਆਂ।
ਐਸ.ਐਸ.ਪੀ ਨੇ ਦੱਸਿਆ ਕਿ ਬਿਨੇ-ਪਾਤਰੀ ਵੱਲੋਂ ਪਾਸਪੋਰਟ ਲਈ ਬਿਨੇ ਕਰਨ ਤੋਂ ਲੈ ਕੇ ਪੜਤਾਲ ਉਪਰੰਤ ਪਾਸਪੋਰਟ ਦਫ਼ਤਰ ਭੇਜਣ ਤੱਕ ਦੀ ਸਾਰੀ ਪ੍ਰਕਿਰਿਆ ਸਬੰਧੀ ਕਮਿਊਨਿਟੀ ਪੁਲਿਸਿੰਗ ਰਿਸੋਰਸ ਸੈਂਟਰ (ਸੀ.ਪੀ.ਆਰ.ਸੀ) ਵੱਲੋਂ ਬਿਨੇ ਪਾਤਰੀ ਨੂੰ ਐਸ.ਐਮ.ਸੀ ਰਾਹੀਂ ਸੂਚਿਤ ਕੀਤਾ ਜਾਵੇਗਾ ਤਾਂ ਜੋ ਬਿਨੇ ਪਾਤਰੀ ਦੇ ਕੀਮਤੀ ਸਮੇਂ ਦੀ ਬੱਚਤ ਹੋ ਸਕੇ। ਮੋਟਰਸਾਇਕਲਾਂ ਨੂੰ ਰਵਾਨਾ ਕਰਨ ਮੌਕੇ ਐਸ.ਪੀ ਕਮਿਊਨਿਟੀ ਪੁਲਿਸ ਸ੍ਰੀ ਕੁਲਦੀਪ ਸ਼ਰਮਾ, ਐਸ.ਪੀ ਹੈਡਕੁਆਟਰ ਸ. ਸ਼ਰਨਜੀਤ ਸਿੰਘ, ਐਸ.ਪੀ ਸਿਟੀ ਸ਼੍ਰੀ ਪ੍ਰਿਤਪਾਲ ਸਿੰਘ ਥਿੰਦ ਵੀ ਹਾਜ਼ਰ ਸਨ।