ਪੋਸ਼ਣ ਅਭਿਆਨ ਤਹਿਤ ਖੇਡ ਵਿਭਾਗ ਵੱਲੋਂ ਜਾਗਰੂਕਤਾ ਰੈਲੀ ਦਾ ਆਯੋਜਨ

0
1877

ਖਿਡਾਰੀਆਂ ਨੂੰ ਖੇਡਾਂ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਲਈ ਸਹੀ ਪੋਸ਼ਣ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ
ਲੁਧਿਆਣਾ, 11 ਸਤੰਬਰ (000)-ਮਾਵਾਂ ਅਤੇ ਬੱਚਿਆਂ ਵਿੱਚੋਂ ਕੁਪੋਸ਼ਣ, ਅਨੀਮੀਆ ਅਤੇ ਹੋਰ ਸਿਹਤ ਨਾਲ ਸੰਬੰਧਤ ਸਮੱਸਿਆਵਾਂ ਨੂੰ ਜੜ੍ਹੋਂ ਖ਼ਤਮ ਕਰਨ ਦੇ ਮਕਸਦ ਨਾਲ ਸਤੰਬਰ ਮਹੀਨੇ ਨੂੰ ‘ਪੋਸ਼ਣ ਮਾਂਹ’ ਵਜੋਂ ਮਨਾਇਆ ਜਾ ਰਿਹਾ ਹੈ। ਇਸ ਮਹੀਨੇ ਦੌਰਾਨ ਜ਼ਿਲ੍ਹਾ ਲੁਧਿਆਣਾ ਅਧੀਨ ਆਉਂਦੇ ਸਾਰੇ ਬਲਾਕਾਂ ਵਿੱਚ ਵੱਖ-ਵੱਖ ਮਾਧਿਅਮਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਸੰਬੰਧੀ ਅੱਜ ਜਿਲ੍ਹਾ ਪ੍ਰਸਾਸਨ ਅਤੇ ਜ਼ਿਲ੍ਹਾ ਖੇਡ ਦਫਤਰ ਲੁਧਿਆਣਾ ਵੱਲੋਂ ਪੋਸ਼ਣ ਅਭਿਆਨ ਤਹਿਤ ਜਾਗਰੂਕ ਰੈਲੀ ਦਾ ਆਯੋਜਨ ਕੀਤਾ ਗਿਆ। ਇਸ ਰੈਲੀ ਵਿੱਚ ਵੱਖ-ਵੱਖ ਖੇਡਾਂ ਦੇ ਵੱਖ-ਵੱਖ ਕੋਚਿੰਗ ਸੈਂਟਰਾਂ ਦੇ ਤਕਰੀਬਨ 400 ਖਿਡਾਰੀਆਂ ਨੇ ਭਾਗ ਲਿਆ।
ਇਸ ਰੈਲੀ ਦੌਰਾਨ ਜ਼ਿਲ੍ਹਾ ਖੇਡ ਅਫਸਰ ਸ਼੍ਰੀ ਰਵਿੰਦਰ ਸਿੰਘ ਨੇ ਖਿਡਾਰੀਆਂ ਨੂੰ ਖੇਡਾਂ ਦੇ ਨਾਲ-ਨਾਲ ਸਰੀਰਕ ਤੰਦਰੁਸਤੀ ਲਈ ਸਹੀ ਪੋਸ਼ਣ ਦੇ ਫਾਇਦਿਆਂ ਤੋਂ ਜਾਣੂ ਕਰਵਾਇਆ। ਇਸ ਮੌਕੇ ਸ਼੍ਰੀਮਤੀ ਨਵਦੀਪ ਜਿੰਦਲ ਜੂਡੋ ਕੋਚ, ਸ਼੍ਰੀਮਤੀ ਅਰੁਨਜੀਤ ਕੌਰ ਹਾਕੀ ਕੋਚ, ਸ੍ਰੀ ਪ੍ਰੇਮ ਸਿੰਘ ਜਿਮਨਾਸਕਿਟ ਕੋਚ, ਸ੍ਰੀ ਪ੍ਰਵੀਨ ਠਾਕੁਰ ਜੂਡੋ ਕੋਚ, ਸ੍ਰੀ ਕੁਲਦੀਪ ਚੁੱਘ ਲਾਅਨ ਟੈਨਿਸ ਕੋਚ, ਸ੍ਰੀ ਸੰਜੀਵ ਸ਼ਰਮਾ ਐਥਲੈਟਿਕਸ ਕੋਚ, ਸ਼੍ਰੀਮਤੀ ਸਲੋਨੀ ਬਾਸਕਿਟਬਾਲ ਕੋਚ ਅਤੇ ਮਿਸ ਨਿਰਮਲਜੀਤ ਕੌਰ ਸਾਫਟਬਾਲ ਕੋਚ ਸ਼ਾਮਿਲ ਸਨ।
ਦੱਸਣਯੋਗ ਹੈ ਕਿ ਇਸ ਪੂਰੇ ਮਹੀਨੇ ਦੌਰਾਨ ਔਰਤਾਂ ਨੂੰ 1000 ਦਿਨ ਤੱਕ ਨਵਜਾਤ ਬੱਚਿਆਂ ਦੀ ਸੰਭਾਲ, ਪੌਸ਼ਟਿਕ ਆਹਾਰ, ਅਨੀਮੀਆ ਤੋਂ ਬਚਾਅ, ਡਾਇਰੀਆ ਤੋਂ ਬਚਾਅ, ਹੱਥ ਧੋਣ ਦੀ ਸਹੀ ਵਿਧੀ ਅਤੇ ਸਾਫ਼ ਸੁਥਰੇ ਆਲੇ-ਦੁਆਲੇ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਲਈ ਮਾਵਾਂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ, ਬੱਚਿਆਂ ਦਾ ਭਾਰ ਤੋਲਿਆ ਜਾ ਰਿਹਾ ਹੈ, ਪੌਸ਼ਟਿਕ ਆਹਾਰ ਬਾਰੇ ਸੈਮੀਨਾਰ ਵਰਕਸ਼ਾਪਾਂ ਕਰਵਾਈਆਂ ਜਾ ਰਹੀਆਂ ਹਨ, ਪੋਸ਼ਣ ਮੇਲੇ ਦਾ ਆਯੋਜਨ, ਸਾਈਕਲ ਰੈਲੀ, ਪੋਸ਼ਣ ਵਾਕ, ਗਰਾਮ ਸਭਾ, ਹੈਲਦੀ ਰੈਸਪੀ ਮੁਕਾਬਲੇ, ਪ੍ਰਭਾਤ ਫੇਰੀਆਂ, ਹੱਟ ਬਾਜ਼ਾਰ, ਘਰਾਂ ਦਾ ਦੌਰਾ, ਨਾਰੀ ਕੀ ਚੌਪਾਲ, ਓ. ਆਰ. ਐੱਸ. ਪੈਕੇਟਾਂ ਦੀ ਵੰਡ, ਜਾਗੋ, ਵਿਦਿਆਰਥੀਆਂ ਦੇ ਵੱਖ-ਵੱਖ ਮੁਕਾਬਲੇ, ਪੰਚਾਇਤਾਂ ਨਾਲ ਮੀਟਿੰਗਾਂ ਅਤੇ ਹੱਥ ਧੋਣ ਦੀਆਂ ਵਰਕਸ਼ਾਪਾਂ ਕਰਵਾਈਆਂ ਜਾ ਰਹੀਆਂ ਹਨ।
ਇਸ ਮੁਹਿੰਮ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ, ਸਕਿੱਲ ਡਿਵੈੱਲਪਮੈਂਟ ਵਿਭਾਗ, ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਯੁਵਕ ਸੇਵਾਵਾਂ ਵਿਭਾਗ, ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਅਹਿਮ ਯੋਗਦਾਨ ਪਾ ਰਹੇ ਹਨ।