ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਲਾਭ 3 ਲੱਖ ਤੋਂ ਵੱਧ ਐਸ.ਸੀ. ਬੱਚੇ ਹਾਸਲ ਕਰ ਰਹੇ ਹਨ: ਰਾਜੇਸ਼ ਬਾਘਾ

0
1350

 
ਪਟਿਆਲਾ, 30 ਮਈ: (ਧਰਮਵੀਰ ਨਾਗਪਾਲ) ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਜੇਸ਼ ਬਾਘਾ ਨੇ ਅੱਜ ਇਥੇ ਕਿਹਾ ਕਿ ਪੰਜਾਬ ਸਰਕਾਰ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਰਾਜ ਵਿੱਚ ਕਰੀਬ 3 ਲੱਖ ਐਸ.ਸੀ. ਬੱਚੇ ਲਾਭ ਉਠਾ ਰਹੇ ਹਨ ਜਦਕਿ ਪਿਛਲੇ ਸਾਲ ਕੇਵਲ 52 ਹਜ਼ਾਰ ਦੇ ਕਰੀਬ ਬੱਚਿਆਂ ਵੱਲੋਂ ਇਸ ਸਕੀਮ ਦਾ ਲਾਭ ਪ੍ਰਾਪਤ ਕੀਤਾ ਗਿਆ ਸੀ ਜਿਸ ਤੋਂ ਸਪੱਸ਼ਟ ਹੈ ਕਿ ਕਮਿਸ਼ਨ ਇਸ ਸਕੀਮ ਸਬੰਧੀ ਜਾਗਰੂਕਤਾ ਫੈਲਾਉਣ ਵਿੱਚ ਸਫ਼ਲ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀ ਹਾਲੇ ਵੀ ਇਸ ਸਕੀਮ ਦਾ ਲਾਭ ਹਾਸਿਲ ਕਰਨ ਤੋਂ ਵਾਂਝੇ ਹਨ ਉਹ ਇਸ ਸਬੰਧੀ ਐਸ.ਸੀ. ਕਮਿਸ਼ਨ ਕੋਲ ਸ਼ਿਕਾਇਤ ਕਰ ਸਕਦੇ ਹਨ। ਸ਼੍ਰੀ ਬਾਘਾ ਨੇ ਇਹ ਪ੍ਰਗਟਾਵਾ ਫੈਕਟਰੀ ਏਰੀਆ ਪਟਿਆਲਾ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੇ 124ਵੇਂ ਜਨਮ ਦਿਨ ਮੌਕੇ ਪੀ.ਐਸ.ਈ.ਬੀ ਸ਼ਡਿਊਲ ਕਾਸਟ ਪਾਵਰ ਇੰਜੀਨੀਅਰਜ਼ ਐਂਡ ਆਫੀਸਰਜ਼ ਐਸੋਸੀਏਸ਼ਨ ਪੰਜਾਬ ਵੱਲੋਂ ਆਯੋਜਿਤ ਸਮਾਗਮ ’ਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣ ਸਮੇਂ ਕੀਤਾ।ਚੇਅਰਮੈਨ ਸ਼੍ਰੀ ਬਾਘਾ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਇਸ ਸਕੀਮ ਦੇ ਵਿਆਪਕ ਪ੍ਰਚਾਰ ਲਈ ਜਾਗਰੂਕਤਾ ਕੈਂਪ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਮੋਗਾ, ਫਿਰੋਜ਼ਪੁਰ, ਜ¦ਧਰ ਦਿਹਾਤੀ ਅਤੇ ਕਪੂਰਥਲਾ ’ਚ ਬਲਾਕ ਪੱਧਰ ’ਤੇ ਕੈਂਪ ਲਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਜਿਸ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਆਉਂਦੇ ਸਮੇਂ ਵਿੱਚ ਰਾਜ ਦੇ ਹੋਰ ਜ਼ਿਲਿਆਂ ਵਿੱਚ ਵੀ ਅਜਿਹੇ ਕੈਂਪ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨਾ ਸਮੇਂ ਦੀ ਅਹਿਮ ਲੋੜ ਹੈ ਅਤੇ ਐਸ.ਸੀ. ਕਮਿਸ਼ਨ ਵੱਲੋਂ ਇਸ ਕਾਰਜ ਹਿੱਤ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਕੁੱਲ ਆਬਾਦੀ ਦਾ ਤੀਜਾ ਹਿੱਸਾ ਐਸ.ਸੀ. ਵਸੋਂ ਹੈ ਜਿਹੜੀ ਕਿ 35 ਫੀਸਦੀ ਹੈ। ਇਹ ਪੂਰੇ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਹੈ। ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਲਈ ਬਣਨ ਵਾਲੀ ਕਿਸੇ ਵੀ ਸਕੀਮ ਦਾ ਸਭ ਤੋਂ ਵੱਧ ਫਾਇਦਾ ਪੰਜਾਬ ਨੂੰ ਹੁੰਦਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਕਈ ਸਰਕਾਰੀ ਸਕੀਮਾਂ ਐਸ.ਸੀ ਬੱਚਿਆਂ ਲਈ ਸ਼ੁਰੂ ਕੀਤੀਆਂ ਜਾਣਗੀਆਂ।
ਸਮਾਗਮ ਦਾ ਆਗਾਜ਼ ਸ਼੍ਰੀ ਬਾਘਾ ਵੱਲੋਂ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ ਗਿਆ। ਉਨ੍ਹਾਂ ਸਮੇਤ ਹੋਰ ਸ਼ਖ਼ਸੀਅਤਾਂ ਵੱਲੋਂ ਭਾਰਤ ਰਤਨ ਡਾ. ਬਾਬਾ ਸਾਹਿਬ ਡਾ. ਬੀ.ਆਰ ਅੰਬੇਡਕਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਐਸੋਸੀਏਸ਼ਨ ਦੀ ਤਰਫੋਂ ਮੁੱਖ ਸ਼ਖ਼ਸੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਦੌਰਾਨ ਇੰਜੀ: ਸੁਰਿੰਦਰ ਪਾਲ ਡਾਇਰੈਕਟਰ ਕਮਰਸ਼ੀਅਲ ਪੀ.ਐਸ.ਪੀ.ਸੀ.ਐਲ, ਸ਼੍ਰੀ ਬੀ.ਐਸ. ਰਤਨ ਸਾਬਕਾ ਕਮਿਸ਼ਨਰ ਇਨਕਮ ਟੈਕਸ, ਐਸੋ: ਦੇ ਪ੍ਰਧਾਨ ਇੰਜੀ: ਐਫ.ਸੀ ਜੱਸਲ, ਭਾਜਪਾ ਦੇ ਸ਼ਹਿਰੀ ਪ੍ਰਧਾਨ ਸ਼੍ਰੀ ਅਨਿਲ ਬਜਾਜ, ਸੂਬਾ ਸਕੱਤਰ ਸ਼੍ਰੀ ਰਾਜ ਕੁਮਾਰ ਪਾਠੀ ਸਮੇਤ ਹੋਰ ਆਗੂ, ਅਧਿਕਾਰੀ ਤੇ ਕਰਮਚਾਰੀ ਵੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।