ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ-2015

0
1306

ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸੰਮੇਲਨ-2015

ਆਈ.ਐਸ.ਬੀ, ਮੋਹਾਲੀ (ਐਸ.ਏ.ਐਸ.ਨਗਰ) 28 ਅਕਤੂਬਰ: (ਧਰਮਵੀਰ ਨਾਗਪਾਲ) ਪੰਜਾਬ ਵਿਚ ਨਿਵੇਸ਼ਕਾਂ ਵਲੋਂ ਨਿਵੇਸ਼ ਪ੍ਰਤੀ ਵੱਡੀ ਦਿਲਚਸਪੀ ਵਿਖਾਊਦਿਆਂ ਪ੍ਰੋਗਰੈਸਿਵ ਪੰਜਾਬ ਨਿਵੇਸ਼ਕ ਸਮੇਲਨ 2015 ਦੇ ਪਹਿਲੇ ਦਿਨ 1.12 ਲੱਖ ਕਰੋੜ ਰੁਪਏ ਦੇ ਨਿਵੇਸ਼ ਲਈ 376 ਸਮਝ ਯਾਦ ਪੱਤਰ ਦਸਤਖਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੂਬੇ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਇਨਪੁਟ ਟੈਕਸ ਤੋਂ ਮੁਕਤ ਕਰਨ ਦੇ ਨਾਲ ਨਾਲ ਉਦਯੋਗਾਂ ਨੂੰ 4.99 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਦੇਸ਼ ਭਰ ਵਿਚ ਸਭ ਤੋਂ ਸਸਤੀ ਬਿਜਲੀ ਮੁਹੱਈਆ ਕਰਵਾਉਣ ਦਾ ਐਲਾਨ ਕੀਤਾ ਹੈ।ਪੰਜਾਬ ਦੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਵਲਂੋ ਸੰਮੇਲਨ ਦੇ ਉਦਘਾਟਨ ਮਗਰੋਂ ਦੁਨੀਆਂ ਦੇ ਕੋਨੇ ਕੋਨੇ ਤੋਂ ਪੁੱਜੇ ਨਿਵੇਸ਼ਕਾਂ ਨੂੰ 35 ਮਿੰਟ ਦੀ ਇਕ ਪਾਵਰ ਪੁਆਇੰਟ ਪੇਸ਼ਕਾਰੀ ਦੌਰਾਨ ਉਪ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵਲੋਂ ਲੁਧਿਅਣਾ ਵਿਖੇ ਇੰਟੇਗ੍ਰੇਟਿਡ ਫੂਡ ਪਾਰਕ, ਫਗਵਾੜਾ ਵਿਖੇ ਗਰੀਨ ਟੈਕ ਵੈਲੀ ਅਤੇ ਮੁਹਾਲੀ ਵਿਖੇ ਅੰਤਰਾਸ਼ਟਰੀ ਹਵਾੲਂੀ ਅੱਡੇ ਦੇ ਸਹਿਯੋਗੀ ਉਦਯੋਗਾਂ ਵਜੋਂ ਐਮ.ਆਰ.ਓ (ਮੈਨਟੇਨੈਂਸ, ਰਿਪੇਅਰ ਅਤੇ ਓਵਰਆਲ) ਸਹੂਲਤ ਵੀ ਸਥਾਪਤ ਕਰਨ ਦਾ ਐਲਾਨ ਕੀਤਾ ਹੈ।
ਨਿਵੇਸ਼ਕਾਂ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਪੰਜਾਬ ਨੂੰ ਅਨਾਜ ਪੈਦਾ ਕਰਨ ਵਾਲੇ ਰਾਜ ਵਜੋਂ ਜਾਣਿਆ ਜਾਂਦਾ ਹੈ ਜਦਕਿ ਉਹ ਮਹਿਸੂਸ ਕਰਦੇ ਹਨ ਕਿ ਪੰਜਾਬ ਨੂੰ ਆਪਣੇ ਅਨਾਜ ਉਤਪਾਦਨ ਦਾ ਵਾਧੂ ਮੁੱਲ ਪੈਦਾ ਕਰਨ ਲਈ ਫੂਡ ਪ੍ਰੋਸੈਸਿੰਗ ਵਿਚ ਮੋਹਰੀ ਰਾਜ ਬਣਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਖੇਤੀ ਅਧਾਰਤ ਉਤਪਾਦਾਂ ਲਈ ਕੱਚਾ ਮਾਲ ਭਾਰੀ ਮਾਤਰਾ ਵਿਚ ਉਤਪਾਦਿਤ ਹੁੰਦਾ ਹੈ ਜਿਸ ਕਰਕੇ ਪੰਜਾਬ ਸਰਕਾਰ ਵਲੋਂ ਐਗਰੋ ਪ੍ਰੋਸੈਸਿੰਗ ਉਦਯੋਗਾਂ ਨੂੰ ਵੈਟ, ਕੇਂਦਰੀ ਸੇਲ ਟੈਕਸ ਅਤੇ ਖਰੀਦ ਟੈਕਸ ਤੋਂ ਮੁਕਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਪੰਜਾਬ ਸਰਕਾਰ ਵਲੋਂ ਨਿਵੇਸ਼ਕਾਂ ਦੀ ਸਹੂਲਤ ਲਈ ਚੁੱਕੇ ਗਏ ਹੋਰਨਾਂ ਕਦਮਾਂ ਬਾਰੇ ਜਾਣਕਾਰੀ ਦਿੰਦਿਆਂ ਸ. ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਸਲਾਨਾ 1.5 ਲੱਖ ਨੌਜਵਾਨਾਂ ਨੂੰ ਹੁਨਰ ਵਿਕਾਸ ਦੀ ਸਿਖਲਾਈ ਦੇਣ ਲਈ ਜਿੱਥੇ 2000 ਹੁਨਰ ਵਿਕਾਸ ਕੇਂਦਰ ਸਥਾਪਤ ਕੀਤੇ ਜਾ ਰਹੇ ਹਨ ਉਥੇ ਸਿਖਲਾਈ ਪ੍ਰਦਾਨ ਕਰਨ ਦੇ ਲਈ ਆਈ.ਸੀ.ਆਈ.ਸੀ.ਆਈ ਵਾਲਮਾਰਟ ਆਈ.ਟੀ.ਸੀ, ਟਾਟਾ ਮੋਟਰਜ ਅਤੇ ਮਾਰੂਤੀ ਨਾਲ ਸਮਝੌਤੇ ਸਹੀਬੱਧ ਕੀਤੇ ਗਏ ਹਨ।
ਸ. ਬਾਦਲ ਨੇ ਇਹ ਵੀ ਐਲਾਨ ਕੀਤਾ ਕਿ ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੋਵੇਗਾ ਜਿਸ ਵਿਚ ਅਗਲੇ ਸਾਲ ਜਨਵਰੀ ਤੱਕ ਸਾਰੇ ਪਿੰਡ, ਸਰਕਾਰੀ ਸਕੂਲ ਅਤੇ ਸਰਕਾਰੀ ਹਸਪਤਾਲ 4ਜੀ ਨਾਲ ਜੋੜ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸਹੂਲਤ ਦੇਸ਼ ਵਿਚ ਕਿਤੇ ਵੀ ਨਹੀਂ ਹੈ ਅਤੇ ਇਸ ਲਈ ਉਹ ਰਿਲਾਇੰਸ ਗਰੁੱਪ ਦੇ ਚੈਅਰਮੈਨ ਸ਼੍ਰੀ ਮੁਕੇਸ਼ ਅੰਬਾਨੀ ਦੇ ਧੰਨਵਾਦੀ ਹਨ।
ਨਿਵੇਸ਼ਕ ਸੰਮੇਲਨ ਵਿਚ 9 ਦੇਸ਼ਾਂ ਦੇ ਪ੍ਰਤੀਨਿਧੀਆਂ ਜਿਨ੍ਹਾਂ ਵਿਚ ਪੋਲੈਂਡ ਤੋਂ ਮੰਤਰੀ ਪੱਧਰ ਦੇ ਸਮੂਹ ਵਲੋਂ ਸ਼ਿਰਕਤ ਕੀਤੀ ਗਈ ਵਿਚ ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲਂੋ 2013 ਵਾਲੇ ਸੰਮੇਲਨ ਦੌਰਾਨ 63000 ਕਰੋੜ ਦੇ ਨਿਵੇਸ਼ਕ ਸਮਝੌਤੇ ਕੀਤੇ ਗਏ ਸਨ ਜਿਸ ਵਿਚੋ 41187 ਕਰੋੜ ਦਾ ਨਿਵੇਸ਼ ਹੋ ਚੁੱਕਾ ਹੈ। ਸੂਬੇ ਵਿਚ ਇੰਸਪੈਕਟਰੀ ਰਾਜ ਦਾ ਅੰਤ ਕਰਨ ਦਾ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਇਹ ਵਿਵਸਥਾ ਅੰਗਰੇਜਾਂ ਵਲੋਂ ਸਥਾਪਤ ਕੀਤੀ ਗਈ ਸੀ ਕਿਉਂਕਿ ਉਨ੍ਹਾਂ ਨੂੰ ਭਾਰਤੀਆਂ ’ਤੇ ਭਰੋਸਾ ਨਹੀਂ ਸੀ। ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਿਰਤ, ਬੁਆਇਲਰ ਤੇ ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਇੰਸਪੈਕਟਰ ਫੈਕਟਰੀਆਂ ਦੀ ਜਾਂਚ ਨਹੀਂ ਕਰ ਸਕਣਗੇ।
ਪੰਜਾਬ ਵਿਚ ਸਥਾਪਤ ਕੀਤੇ ਗਏ ਬੁਨੀਆਦੀ ਢਾਂਚੇ ਦਾ ਜਿਕਰ ਕਰਦਿਆਂ ਸ. ਬਾਦਲ ਨੇ ਕਿਹਾ ਕਿ ਸੂਬੇ ਵਿਚ ਜਿਥੇ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਹਨ ਉਥੇ ਤਿੰਨ ਘਰੇਲੂ ਹਵਾਈ ਅੱਡੇ ਵੀ ਮੌਜੂਦ ਹਨ। ਇਸ ਤੋਂ ਇਲਾਵਾ 21349 ਕਰੋੜ ਰੁਪਏ ਦੀ ਮਦਦ ਨਾਲ ਅਗਲੇ 1.5 ਸਾਲ ਵਿਚ ਸਾਰੇ ਸ਼ਹਿਰਾਂ ਨੂੰ ਚਾਰ-ਛੇ ਮਾਗਰੀ ਸੜਕਾਂ ਨਾਲ ਜੋੜ ਦਿੱਤਾ ਜਾਵੇਗਾ।
ਨਿਵੇਸ਼ਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਦੀ ਪਹੁੰਚ ਬਾਰੇ ਗੱਲਕਰਦਿਆਂ ਸ. ਬਾਦਲ ਨੇ ਕਿਹਾ ਕਿ ਜਦ ਅਸੀਂ ਨਿਵੇਸ਼ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਉਸ ਸਮੇਂ ਅਸੀਂ ਇਹ ਮਹਿਸੂਸ ਕੀਤਾ ਸੀ ਕਿ ਸਾਨੂੰ ਸਭ ਤੋਂ ਪਹਿਲਾਂ ਵਪਾਰ ਕਰਨਾ ਸੁਖਾਲਾ ਕਰਨਾ ਹੋਵੇਗਾ ਜਿਸ ਲਈ ਇਨਵੈਸਟ ਪੰਜਾਬ ਦੀ ਸਥਾਪਨਾ ਕਰਕੇ 23 ਵਿਭਾਗਾਂ ਦੀ ਸ਼ਕਤੀਆਂ ਉਸ ਨੂੰ ਸੌਪੀਆਂ ਗਈਆਂ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਕਿਸੇ ਵੀ ਉਦਯੋਗ ਦੀ ਸਥਾਪਨਾ ਲਈ ਸਭ ਤਰ੍ਹਾਂ ਦੀਆਂ ਮਨਜੂਰੀਆਂ ਇਕ ਮਹੀਨੇ ਦੇ ਅੰਦਰ-ਅੰਦਰ ਮਿਲਣ ਲੱਗੀਆਂ ਹਨ।
ਸ. ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਪਹਿਲੇ ਨਿਵੇਸ਼ਕ ਸੰਮੇਲਨ ਦੌਰਾਨ 5 ਮੁੱਖ ਵਾਅਦੇ ਕੀਤੇ ਗਏ ਸਨ, ਜਿਸ ਵਿਚ ਉਦਯੋਗ ਸਥਾਪਨਾ ਦੀ ਪ੍ਰਕ੍ਰਿਆ ਨੂੰ ਸੁਖਾਲਾ ਕਰਨਾ, ਬਿਹਤਰੀਨ ਹਵਾਈ ਤੇ ਸੜਕੀ ਸੰਪਰਕ, ਉਦਯੋਗਿਕ ਪਾਰਕਾਂ ਦੀ ਸਥਾਪਨਾ, ਵਾਧੂ ਬਿਜਲੀ ਅਤੇ ਸ਼ਹਿਰੀ ਵਿਕਾਸ ਲਈ ਬੁਨਿਆਦੀ ਢਾਂਚੇ ਦਾ ਵਿਕਾਸ ਸ਼ਾਮਿਲ ਸੀ ਅਤੇ ਉਹ ਮਾਣ ਨਾਲ ਕਹਿ ਸਕਦੇ ਹਨ ਕਿ ਇਹ ਵਾਅਦੇ ਪੂਰੇ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਨਿਵੇਸ਼ਕਾਂ ਲਈ ਚੁੱਕੇ ਕਦਮਾਂ ਦਾ ਹੀ ਨਤੀਜਾ ਹੈ ਕਿ ਵਿਸ਼ਵ ਬੈਂਕ ਤੇ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਵਪਾਰ ਸ਼ੁਰੂ ਕਰਨ ਲਈ ਸਭ ਤੋਂ ਢੁੱਕਵਾਂ ਰਾਜ ਕਰਾਰ ਦਿੱਤਾ ਗਿਆ ਹੈ ।
ਸੂਬਾ ਸਰਕਾਰ ਦੀਆਂ ਹੋਰ ਪ੍ਰਾਪਤੀਆਂ ਬਾਰੇ ਬੋਲਦੇ ਹੋਏ ਸ. ਬਾਦਲ ਨੇ ਕਿਹਾ ਕਿ ਸੂਬੇ ਦਾ ਬਿਜਲੀ ਬੋਰਡ 2007 ਵਿਚ 17 ਵੇਂ ਸਥਾਨ ’ਤੇ ਸੀ ਜਦਕਿ ਹੁਣ 2015 ਵਿਚ ਉਸਨੂੰ ਕੇਂਦਰ ਸਰਕਾਰ ਵਲੋਂ ਬਿਹਤਰੀਨ ਬਿਜਲੀ ਵਰਤੋਂ ਦਾ ਐਵਾਰਡ ਦਿੱਤਾ ਗਿਆ ਹੈ।ਮੁਹਾਲੀ ਨੂੰ ਦੇਸ਼ ਦੀ ਅਗਲੀ ਆਈ.ਟੀ. ਹੱਬ ਵਜੋਂ ਵਿਕਸਤ ਕਰਨ ਦਾ ਐਲਾਨ ਕਰਦਿਆਂ ਸ. ਬਾਦਲ ਨੇ ਕਿਹਾ ਕਿ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਸੂਬੇ ਭਰ ਵਿਚ ਵਪਾਰਕ ਗਤੀਵਿਧੀਆਂ ਨੂੰ ਵੱਡਾ ਹੁਲਾਰਾ ਮਿਲੇਗਾ। ਇਸ ਤੋਂ ਇਲਾਵਾ 2147 ਸੇਵਾ ਕੇਂਦਰਾਂ ਦੀ ਸਥਾਪਨਾ ਨਾਲ ਜਿੱਥੇ ਆਮ ਲੋਕਾਂ ਦਾ ਸ਼ਸ਼ਕਤੀਕਰਨ ਹੋਵੇਗਾ ਉ¤ਥੇ ਹੀ ਰਿਸ਼ਵਤਖੋਰੀ ਨੂੰ ਜੜ੍ਹ ਤੋਂ ਮੁਕਾਉਣ ਵਿਚ ਇਹ ਕੇਂਦਰ ਮੀਲ ਦਾ ਪੱਥਰ ਸਾਬਿਤ ਹੋਣਗੇ।