ਬਾਰਸ਼ ਨਾਲ ਮੁੰਬਈ ‘ਚ ਹਾਹਾਕਾਰ, ਸ਼ਿਵ ਸੈਨਾ ਨੇ ਕੀਤੀ ਬੀ.ਐੱਮ.ਸੀ. ਦੀ ਤਾਰੀਫ

0
1413

ਦੇਸ਼ ਦੀ ਵਿੱਤੀ ਰਾਜਧਾਨੀ ਦੇ ਭਾਰੀ ਬਾਰਸ਼ ਦੀ ਲਪੇਟ ‘ਚ ਆਉਣ ਦਰਮਿਆਨ ਸ਼ਿਵ ਸੈਨਾ ਨੇ ਬੁੱਧਵਾਰ ਨੂੰ ਬ੍ਰਹਿਮੁੰਬਈ ਨਗਰ ਨਿਗਮ (ਬੀ.ਐੱਮ.ਸੀ.) ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਨੇ ਸਥਿਤੀ ਨੂੰ ‘ਹੱਥੋਂ ਬਾਹਰ’ ਨਹੀਂ ਜਾਣ ਦਿੱਤਾ। ਬ੍ਰਹਿਮੁੰਬਈ ਨਗਰ ਨਿਗਮ ‘ਚ 2 ਦਹਾਕਿਆਂ ਤੋਂ ਵਧ ਸਮੇਂ ਤੋਂ ਸ਼ਿਵ ਸੈਨਾ ਦਾ ਸ਼ਾਸਨ ਹੈ। ਸ਼ਿਵ ਸੈਨਾ ਨੇ ਪਾਰਟੀ ਦੇ ਅਖਬਾਰ ‘ਸਾਮਨਾ’ ‘ਚ ਇਕ ਸੰਪਾਦਕੀ ‘ਚ ਕਿਹਾ,”ਕੁਦਰਤੀ ਆਫਤ ਨਾਲ ਨਜਿੱਠਣ ਦੀ ਬੀ.ਐੱਮ.ਸੀ. ਦੀ ਤਿਆਰੀ ਨੇ ਸਥਿਤੀ ਨੂੰ ਹੱਥੋਂ ਬਾਹਰ ਨਹੀਂ ਜਾਣ ਦਿੱਤਾ। ਨਗਰ ਬਾਡੀ ਦੀ ਇਸ ਲਈ ਤਾਰੀਫ ਕੀਤੀ ਜਾਣੀ ਚਾਹੀਦੀ ਹੈ। ਭਾਰੀ ਬਾਰਸ਼ ਦੇ ਬਾਵਜੂਦ ਕੋਈ ਅਣਸੁਖਾਵੀਂ ਘਟਨਾ ਨਹੀਂ ਹੋਈ ਹੈ।” ਊਧਵ ਠਾਕਰੇ ਦੀ ਅਗਵਾਈ ਵਾਲੀ ਪਾਰਟੀ ਨੇ ਕਿਹਾ,”ਮੁੰਬਈ ਅਤੇ ਮਹਾਰਾਸ਼ਟਰ ਨੂੰ ਹਮੇਸ਼ਾ ਗਣਪਤੀ ਦਾ ਆਸ਼ੀਰਵਾਦ ਮਿਲਿਆ ਹੈ। ਸਾਡਾ ਮੰਨਣਾ ਹੈ ਕਿ ਈਸ਼ਵਰ ਇਸ ਸਮੱਸਿਆ ਦਾ ਵੀ ਹੱਲ ਕਰਨਗੇ।”

ਸ਼ਿਵ ਸੈਨਾ ਨੇ ਕਿਹਾ ਕਿ ਭਾਰੀ ਬਾਰਸ਼ ਨੇ ਮਹਾਨਗਰ ‘ਚ 26 ਜੁਲਾਈ 2005 ਨੂੰ ਬੱਦਲ ਫਟਣ ਦੀ ਘਟਨਾ ਦੀ ਯਾਦ ਦਿਵਾ ਦਿੱਤੀ ਹੈ, ਜਦੋਂ 24 ਘੰਟਿਆਂ ‘ਚ ਕਰੀਬ 950 ਮਿਲੀਮੀਟਰ ਬਾਰਸ਼ ਹੋਈ ਸੀ। ਮੰਗਲਵਾਰ ਨੂੰ ਪੂਰੇ ਦਿਨ ਮੁੰਬਈ ‘ਚ ਬਾਰਸ਼ ਹੁੰਦੀ ਰਹੀ। ਸ਼ਹਿਰ ‘ਚ 298 ਮਿਲੀਮੀਟਰ ਬਾਰਸ਼ ਹੋਈ ਜੋ 1997 ਦੇ ਬਾਅਦ ਤੋਂ ਅਗਸਤ ਮਹੀਨੇ ‘ਚ ਇਕ ਦਿਨ ‘ਚ ਹੋਈ ਜ਼ਿਆਦਾ ਬਾਰਸ਼ ਹੈ। ਪਾਰਟੀ ਨੇ ਕਿਹਾ,”ਇੱਥੋਂ ਤੱਕ ਕਿ ਭਾਰਤੀ ਮੌਸਮ ਵਿਭਾਗ ਨੇ ਵੀ ਸੋਮਵਾਰ ਨੂੰ ਕਿਹਾ ਕਿ ਬਾਰਸ਼ ਉਮੀਦ ਤੋਂ ਵਧ ਹੋਈ ਹੈ। ਪੂਰੇ ਦਿਨ ਸੂਰਜ ਨਹੀਂ ਦਿੱਸਿਆ ਅਤੇ ਸਮੁੰਦਰ ‘ਚ ਉੱਚੀਆਂ ਲਹਿਰਾਂ ਕਾਰਨ ਸ਼ਹਿਰ ਦੀ ਪਰੇਸ਼ਾਨੀ ਹੋਰ ਵਧ ਗਈ। ਫਿਰ ਵੀ ਕੁਦਰਤੀ ਆਫ਼ਤ ‘ਤੇ ਮੁੰਬਈ ਦੀ ਭਾਵਨਾ ਜਿੱਤ ਗਈ।” ਪੁਲਸ ਅਨੁਸਾਰ ਮੰਗਲਵਾਰ ਨੂੰ ਭਾਰੀ ਬਾਰਸ਼ ਕਾਰਨ ਮਹਾਨਗਰ ਦੇ ਵਿਕਰੋਲੀ ਉਪਨਗਰ ‘ਚ ਮਕਾਨ ਡਿੱਗਣ ਦੀਆਂ ਵੱਖ-ਵੱਖ ਘਟਨਾਵਾਂ ‘ਚ 2 ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਸ਼ਹਿਰ ਅਤੇ ਉਪਨਗਰਾਂ ‘ਚ ਦਰਅਸਲ ਬੁੱਧਵਾਰ ਨੂੰ ਜਨਤਕ ਛੁੱਟੀ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਲੋਕਾਂ ਨੂੰ ਕਿਹਾ ਹੈ ਕਿ ਉਹ ਐਮਰਜੈਂਸੀ ਸਥਿਤੀ ਜਾਰੀ ਰਹਿਣ ਤੱਕ ਘਰਾਂ ‘ਚ ਰਹਿਣ।