ਮਾਂਹਵਾਰੀ ਸਮੇਂ ਦੌਰਾਨ ਸਫਾਈ ਸਬੰਧੀ ਜਾਗਰੂਕਤਾ ਮੁਹਿੰਮ ”ਪੰਖ ਮਾਰ ਉਡਾਰੀ” ਸ਼ੁਰੂ

0
1631

ਲੁਧਿਆਣਾ 8 ਮਾਰਚ (ਸੀ ਐਨ ਆਈ )- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਅੱਜ ਇੱਥੇ ਅੰਤਰ-ਰਾਸ਼ਟਰੀ ਮਹਿਲਾ ਦਿਵਸ ਮੌਕੇ ਔਰਤਾਂ ਦੇ ਮਾਂਹਮਾਰੀ ਸਮੇਂ ਦੌਰਾਨ ਸਫਾਈ ਸਬੰਧੀ ਜਾਗਰੂਕਤਾ ਮੁਹਿੰਮ ”ਪੰਖ ਮਾਰ ਉਡਾਰੀ” ਦੀ ਸ਼ੁਰੂਆਤ ਕੀਤੀ। ਸਥਾਨਕ ਬਚਤ ਭਵਨ ਵਿਖੇ ਹੋਏ ਸਮਾਗਮ ਮੌਕੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਰੁਪਿੰਦਰ ਕੌਰ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਨੁਮਾਇੰਦੇ ਹਾਜ਼ਰ ਸਨ।
ਇਸ ਪ੍ਰੋਗਰਾਮ ਦਾ ਮੁੱਖ ਮੰਤਵ ਮਾਂਹਵਾਰੀ ਪ੍ਰਤੀ ਔਰਤਾਂ ਨੂੰ ਜਾਗਰੂਕ ਕਰਨਾ, ਸਦੀਆਂ ਪੁਰਾਣੀਆਂ ਮਿੱਥਾਂ ਨੂੰ ਤੋੜਨਾ ਅਤੇ ਸੈਨਟਰੀ ਨੈਪਕਿਨ ਦੀ ਵਰਤੋਂ ਉਪਰੰਤ ਠੀਕ ਢੰਗ ਨਾਲ ਨਸ਼ਟ ਕਰਨਾ ਸੀ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਸਿੱਖਿਆ ਵਿਭਾਗ, ਸਮਾਜਿਕ ਸੁਰੱਖਿਆ ਤੇ ਔਰਤਾਂ ਅਤੇ ਬੱਚਿਆਂ ਦੇ ਵਿਕਾਸ ਵਿਭਾਗ, ਪੇਂਡੂ ਵਿਕਾਸ ਅਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਸਕੂਲਾਂ-ਕਾਲਜਾਂ, ਸਲੱਮ ਅਤੇ ਪੇਂਡੂ ਇਲਾਕਿਆਂ ਵਿੱਚ ਜਾਗਰੂਕਤਾ ਮੁਹਿੰਮ ਚਲਾ ਕੇ ਔਰਤਾਂ ਨੂੰ ਸਿੱਖਿਅਤ ਕਰਨ ਦੇ ਨਿਰਦੇਸ਼ ਦਿੱਤੇ। ਉਹਨਾਂ ਕਿਹਾ ਕਿ ਔਰਤਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਜਾਵੇ ਤਾਂ ਕਿ ਉਹ ਮਾਹਵਾਰੀ ਸਮੇਂ ਦੌਰਾਨ ਸੁਰੱਖਿਅਤ ਰਹਿ ਸਕਣ। ਉਹਨਾਂ ਜ਼ਿਲ੍ਹੇ ਵਿੱਚ ਇਸ ਮੁਹਿੰਮ ਨੂੰ ਵੱਧ ਤੋਂ ਵੱਧ ਸਫ਼ਲ ਬਣਾਉਣ ਲਈ ਗੈਰ-ਸਰਕਾਰੀ ਸੰਗਠਨਾਂ ਤੋਂ ਵੀ ਸਹਾਇਤਾ ਦੀ ਮੰਗ ਕੀਤੀ।
ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀਮਤੀ ਰੁਪਿੰਦਰ ਕੌਰ ਨੇ ਕਿਹਾ ਕਿ ਮਾਹਵਾਰੀ ਸਮੇਂ ਦੌਰਾਨ ਸਫਾਈ ਜਾਗਰੂਕਤਾ ਮੁਹਿੰਮ ਜਿੱਥੇ ਔਰਤਾਂ ਦੇ ਨਿਜੱਤਾ ਅਧਿਕਾਰ ਦੀ ਰੱਖਿਆ ਕਰੇਗਾ, ਉਥੇ ਸਵੈ-ਮਾਣ ਵਿੱਚ ਵੀ ਵਾਧਾ ਕਰੇਗਾ, ਕਿਉਕਿ ਹੁਣ ਸਮਾਂ ਚੁੱਪ ਰਹਿਣ ਦਾ ਨਹੀਂ ਹੈ। ਉਹਨਾਂ ਦੱਸਿਆ ਕਿ ਪਹਿਲੇ ਗੇੜ ਦੇ ਪ੍ਰੋਗਰਾਮ ਵਿੱਚ ਦੋ ਮਹੀਨੇ ਦੌਰਾਨ ਜ਼ਿਲ੍ਹੇ ਦੇ ਸਾਰੇ 16 ਬਲਾਕਾਂ ਵਿੱਚ ਇਹ ਮੁਹਿੰਮ ਚਲਾਈ ਜਾਵੇਗੀ ਅਤੇ ਔਰਤਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਔਰਤਾਂ ਨੂੰ ਵਧੀਆ ਕੁਆਲਟੀ ਦੇ ਸੈਨਟਰੀ ਨੈਪਕਿਨ ਵਰਤਣ ਲਈ ਜਾਗਰੂਕ ਕੀਤਾ ਜਾਵੇ।