ਰੱਖ਼ ਬਾਗ ਵਿਖੇ ਮਨਪ੍ਰਚਾਵੇ ਦੇ ਸਾਧਨਾਂ ਵਿੱਚ ਵਾਧਾ, ਡਿਪਟੀ ਕਮਿਸ਼ਨਰ ਅਤੇ ਪੰਕਜ ਮੁੰਜਾਲ ਵੱਲੋਂ ਨਵੀਂਆਂ ਸਹੂਲਤਾਂ ਦਾ ਉਦਘਾਟਨ

0
1501

ਲੁਧਿਆਣਾ, 23 ਜਨਵਰੀ (ਸੀ ਐਨ ਆਈ ) ਸ਼ਹਿਰ ਲੁਧਿਆਣਾ ਵਾਸੀਆਂ ਦੇ ਮਨਪ੍ਰਚਾਵੇ ਲਈ ਸਾਧਨਾਂ ਵਿੱਚ ਵਾਧਾ ਕਰਦਿਆਂ ਸਥਾਨਕ ਰੱਖ਼ ਬਾਗ ਵਿੱਚ ਝੂਲਿਆਂ ਅਤੇ ਹੋਰ ਸਹੂਲਤਾਂ ਦਾ ਵਿਸਤਾਰ ਕੀਤਾ ਗਿਆ ਹੈ। ਇਸ ਇਤਿਹਾਸਕ ਬਾਗ ਦੇ ਰੱਖ਼ ਰਖਾਵ ਦੀ ਜਿੰਮੇਵਾਰੀ ਨਿਭਾਅ ਰਹੀ ਪ੍ਰਸਿੱਧ ਸਾਈਕਲ ਨਿਰਮਾਤਾ ਕੰਪਨੀ ਹੀਰੋ ਸਾਈਕਲਜ਼ ਵੱਲੋਂ ਇਥੇ ਬੱਚਿਆਂ ਲਈ ਵਿਸ਼ੇਸ਼ ਜ਼ੋਨ ਤਿਆਰ ਕਰਕੇ ਉਥੇ ਤਰਾਂ ਤਰਾਂ ਦੇ ਨਵੇਂ ਝੂਲੇ ਲਗਾ ਦਿੱਤੇ ਹਨ। ਇਸ ਤੋਂ ਇਲਾਵਾ ਬੱਚਿਆਂ ਲਈ ਕਿਸ਼ਤੀਬਾਜ਼ੀ ਕਰਨ ਦੀ ਸਹੂਲਤ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਇਹਨਾਂ ਨਵੀਆਂ ਸਹੂਲਤਾਂ ਦਾ ਉਦਘਾਟਨ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤਾ ਅਤੇ ਹੀਰੋ ਸਾਈਕਲ ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧਕੀ ਨਿਰਦੇਸ਼ਕ ਸ੍ਰੀ ਪੰਕਜ ਮੁੰਜਾਲ ਇਸ ਮੌਕੇ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਉਦਘਾਟਨ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਅਗਰਵਾਲ ਨੇ ਕਿਹਾ ਕਿ ਕਰੀਬ ਤਿੰਨ ਕੁ ਸਾਲ ਪਹਿਲਾਂ ਲੁਧਿਆਣਾ ਵਰਗੇ ਸੰਘਣੀ ਆਬਾਦੀ ਵਾਲੇ ਸ਼ਹਿਰ ਵਿੱਚ ਚੰਗੀਆਂ ਪਾਰਕਾਂ ਦੀ ਵੱਡੀ ਅਣਹੋਂਦ ਸੀ। ਪਰ ਹੀਰੋ ਕੰਪਨੀ ਨੇ ਰੱਖ਼ ਬਾਗ ਦੇ ਰੱਖ਼ ਰਖਾਵ ਦੀ ਜਿੰਮੇਵਾਰੀ ਆਪਣੇ ਸਿਰ ਲੈ ਕੇ ਇਸ ਦਿਸ਼ਾ ਵਿੱਚ ਵੱਡਾ ਸਾਰਥਿਕ ਕਦਮ ਉਠਾਇਆ ਸੀ। ਜਿਸ ਦੀ ਜਿੱਲ੍ਹਾ ਪ੍ਰਸਾਸ਼ਨ ਅਤੇ ਇਥੋਂ ਦੇ ਲੋਕ ਸ਼ਲਾਘਾ ਕਰਦੇ ਹਨ। ਸ੍ਰੀ ਅਗਰਵਾਲ ਨੇ ਦੱਸਿਆ ਕਿ ਇਹਨਾਂ ਨਵੀਂਆਂ ਸਹੂਲਤਾਂ ਦੇ ਵਾਧੇ ਨਾਲ ਸ਼ਹਿਰ ਵਾਸੀਆਂ ਖਾਸ ਕਰਕੇ ਬੱਚਿਆਂ ਨੂੰ ਬਹੁਤ ਲਾਭ ਹੋਵੇਗਾ। ਓਹਨਾ ਹੋਰ ਵਪਾਰਕ ਘਰਾਣਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਦੀਆਂ ਦੂਜੀਆਂ ਪਾਰਕਾਂ ਦੀ ਸਾਂਭ ਸੰਭਾਲ ਲਈ ਅੱਗੇ ਆਉਣ। ਸ੍ਰੀ ਪੰਕਜ ਮੁੰਜਾਲ ਨੇ ਇਸ ਬਾਗ ਨਾਲ ਜੁੜਨ ਦੇ ਸਫ਼ਰ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਓਹਨਾ ਦੇ ਪਿਤਾ ਸਵਰਗੀ ਓ. ਪੀ. ਮੁੰਜਾਲ ਬੱਚਿਆਂ ਨੂੰ ਅਤੇ ਸ਼ੁੱਧ ਸਾਫ਼ ਵਾਤਾਵਰਨ ਨੂੰ ਬਹੁਤ ਪਿਆਰ ਕਰਦੇ ਸਨ। ਓਹਨਾ ਦੀ ਇੱਛਾ ਸੀ ਕਿ ਸ਼ਹਿਰ ਲੁਧਿਆਣਾ ਵਿੱਚ ਵੀ ਇੱਕ ਵਧੀਆ ਪਾਰਕ ਬਣਨਾ ਚਾਹੀਦਾ ਹੈ, ਜਿੱਥੇ ਕਿ ਲੋਕ ਆ ਕੇ ਆਪਣੇ ਆਪ ਨੂੰ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਰੱਖ ਸਕਣ। ਇਸ ਮਨਸ਼ਾ ਨੂੰ ਪੂਰਾ ਕਰਨ ਦੇ ਮੰਤਵ ਨਾਲ ਹੀ ਹੀਰੋ ਗਰੁੱਪ ਵੱਲੋਂ ਆਪਣੀ ਵਪਾਰਕ ਸਮਾਜਿਕ ਜਿੰਮੇਵਾਰੀ (ਸੀ. ਐੱਸ. ਆਰ.) ਗਤੀਵਿਧੀ ਤਹਿਤ ਇਸ ਬਾਗ ਦੀ ਰੱਖ ਰਖ਼ਾਵ ਦੀ ਜਿੰਮੇਵਾਰੀ ਆਪਣੇ ਸਿਰ ਲਈ ਗਈ ਸੀ। ਉਨ੍ਹਾਂਨੇ ਦੱਸਿਆ ਕਿ ਹੁਣ ਤੱਕ ਇਸ ਪਾਰਕ ‘ਤੇ 5.34 ਕਰੋੜ ਰੁਪਏ ਖਰਚੇ ਜਾ ਚੁੱਕੇ ਹਨ। ਭਵਿੱਖ ਵਿੱਚ ਵੀ ਇਸ ਬਾਗ ਦੀ ਸਾਂਭ ਸੰਭਾਲ ਗਰੁੱਪ ਵੱਲੋਂ ਵਧੀਆ ਤਰੀਕੇ ਨਾਲ ਕੀਤੀ ਜਾਵੇਗੀ। ਓਹਨਾ ਦੱਸਿਆ ਕਿ ਹੁਣ ਤੱਕ ਇਸ ਬਾਗ ਵਿੱਚ 8 ਤਰਾ ਦੇ ਝੂਲੇ, ਟੁਆਏ ਟਰੇਨ, ਸਾਈਕਲ ਟਰੈਕ, ਸਾਫ਼ ਸੁਥਰੀ ਕੰਟੀਨ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਚੁੱਕੀਆਂ ਹਨ। ਲੋਕਾਂ ਦੀ ਸਹੂਲਤ ਲਈ 80 ਤੋਂ ਵਧੇਰੇ ਸਾਈਕਲ ਉਪਲੱਬਧ ਹਨ। ਗਰੁੱਪ ਵੱਲੋਂ ਜਲਦ ਹੀ ਕਈ ਹੋਰ ਸਹੂਲਤਾਂ ਵੀ ਵਧਾਈਆਂ ਜਾਣਗੀਆਂ। ਓਹਨਾ ਇਸ ਮਹਾਨ ਕਾਰਜ ਵਿੱਚ ਜਿਲਾ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਵੱਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਉਨਾ ਨਾਲ ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ, ਕੰਪਨੀ ਦੇ ਵਾਈਸ ਚੇਅਰਮੈਨ ਸ੍ਰੀ ਐੱਸ. ਕੇ. ਰਾਏ ਅਤੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਹਾਜ਼ਰ ਸਨ।