ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਕੇਂਦਰੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ, ਸਾਊਦੀ ਅਰਬ ਤੋਂ ਕੁਲਦੀਪ ਕੌਰ ਦੀ ਵਾਪਸੀ ਅਤੇ ਪਿੰਡ ਗਿੱਲ ਦੇ ਰਵਨੀਤ ਸਿੰਘ ਦੀ ਆਸਟਰੇਲੀਆ ਤੋਂ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਕਦਮ ਉਠਾਉਣ ਦੀ ਮੰਗ,

0
1505

ਲੁਧਿਆਣਾ, 2 ਜਨਵਰੀ (ਸੀ ਐਨ ਆਈ )-ਲੁਧਿਆਣਾ ਤੋਂ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਅੱਜ ਨਵੀਂ ਦਿੱਲੀ ਵਿਖੇ ਕੇਂਦਰੀ ਵਿਦੇਸ਼ ਮੰਤਰੀ ਸ੍ਰੀਮਤੀ ਸੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਊਨਾ ਸਾਊਦੀ ਅਰਬ ਵਿਖੇ ਫਸੀ ਲੁਧਿਆਣਾ ਦੀ ਕੁਲਦੀਪ ਕੌਰ ਦੀ ਸੁਰੱਖਿਅਤ ਦੇਸ਼ ਵਾਪਸੀ ਅਤੇ ਪਿੰਡ ਗਿੱਲ ਦੇ ਸਵਰਗੀ ਰਵਨੀਤ ਸਿੰਘ ਦੀ ਮ੍ਰਿਤਕ ਦੇਹ ਅੰਤਿਮ ਰਸਮਾਂ ਲਈ ਆਸਟਰੇਲੀਆ ਤੋਂ ਵਾਪਸ ਲਿਆਉਣ ਸੰਬੰਧੀ ਢੁੱਕਵੇਂ ਕਦਮ ਉਠਾਉਣ ਦੀ ਅਪੀਲ ਕੀਤੀ।
ਸ੍ਰ. ਬਿੱਟੂ ਨੇ ਸ੍ਰੀਮਤੀ ਸਵਰਾਜ ਨੂੰ ਅਪੀਲ ਕੀਤੀ ਕਿ ਭਾਰਤ ਸਰਕਾਰ ਲੁਧਿਆਣਾ ਵਾਸੀ ਕੁਲਦੀਪ ਕੌਰ ਨੂੰ ਸੁਰੱਖਿਅਤ ਦੇਸ਼ ਵਾਪਸ ਲਿਆਉਣ ਲਈ ਤੁਰੰਤ ਕੂਟਨੀਤਕ ਪਹੁੰਚ ਅਪਣਾਵੇ। ਊਨਾ ਦੱਸਿਆ ਕਿ ਕੁਲਦੀਪ ਕੌਰ ਅਰਬ ਦੇਸ਼ ਵਿੱਚ ਰੋਜ਼ੀ ਰੋਟੀ ਕਮਾਉਣ ਲਈ ਗਈ ਸੀ ਪਰ ਦੁਰਭਾਗ ਵੱਸ ਆਪਣੇ ਮੌਜੂਦਾ ਮਾਲਕ ਵੱਲੋਂ ਤਸੀਹੇ ਝੱਲ ਰਹੀ ਹੈ। ਉਸਨੂੰ ਭਾਰੀ ਮਾਨਸਿਕ ਅਤੇ ਸਰੀਰਕ ਤਸੀਹਿਆਂ ਦੇ ਚੱਲਦਿਆਂ ਕਈ-ਕਈ ਘੰਟੇ ਕੰਮ ਕਰਨਾ ਪੈ ਰਿਹਾ ਹੈ। ਸ੍ਰ. ਬਿੱਟੂ ਨੇ ਦੱਸਿਆ ਕਿ ਕੁਲਦੀਪ ਕੌਰ ਕੋਲ ਆਪਣਾ ਪਾਸਪੋਰਟ ਨਹੀਂ ਹੈ ਅਤੇ ਨਾ ਹੀ ਉਹ ਆਪਣੇ ਪਰਿਵਾਰ ਨਾਲ ਸੰਪਰਕ ਕਰ ਸਕਦੀ ਹੈ। ਕੁਲਦੀਪ ਕੌਰ ਨੇ ਕੁਝ ਦਿਨ ਪਹਿਲਾਂ ਕਿਵੇਂ ਨਾ ਕਿਵੇਂ ਸੋਸ਼ਲ ਮੀਡੀਆ ਰਾਹੀਂ ਭਾਰਤ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਸੀ।
ਇੱਕ ਹੋਰ ਮਸਲਾ ਉਠਾਉਂਦਿਆਂ ਸ੍ਰ. ਬਿੱਟੂ ਨੇ ਕਿਹਾ ਕਿ ਪਿੰਡ ਗਿੱਲ (ਜਿਲਾ ਲੁਧਿਆਣਾ) ਵਾਸੀ ਰਵਨੀਤ ਸਿੰਘ, ਜੋ ਕਿ ਨਿਊ ਸਾਊਥ ਵੇਲਜ਼ ਆਸਟਰੇਲੀਆ ਵਿਖੇ ਕੰਮ ਕਰ ਰਿਹਾ ਸੀ ਤਾਂ ਉਸਦੀ 28 ਮਈ, 2017 ਨੂੰ ਮੌਤ ਹੋ ਗਈ ਸੀ। ਉਸਦੀ ਮ੍ਰਿਤਕ ਦੇਹ ਨਿਊ ਸਾਊਥ ਵੇਲਜ਼ ਦੇ ਨਿਊਕੈਸਲ ਹਸਪਤਾਲ ਵਿਖੇ ਰੱਖੀ ਹੋਈ ਹੈ। ਉਸ ਦੇ ਨਾਮ ਭਾਰਤੀ ਪਾਸਪੋਰਟ ਨੰਬਰ ਐੱਲ8967500 ਜਾਰੀ ਹੈ ਅਤੇ ਮੋਬਾਈਲ ਨੰਬਰ 0061414747013 ਉਸਦੇ ਨਾਮ ‘ਤੇ ਚੱਲ ਰਿਹਾ ਹੈ। ਪਰ ਉਸਦੇ ਪਰਿਵਾਰ ਨੂੰ ਉਸਦੀ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਆਉਣ ਵਿੱਚ ਬਹੁਤ ਪ੍ਰੇਸ਼ਾਨੀ ਪੇਸ਼ ਆ ਰਹੀ ਹੈ। ਸ੍ਰ. ਬਿੱਟੂ ਨੇ ਸ੍ਰੀਮਤੀ ਸਵਰਾਜ ਨੂੰ ਅਪੀਲ ਕੀਤੀ ਕਿ ਉਹ ਰਵਨੀਤ ਦੀ ਮ੍ਰਿਤਕ ਦੇਹ ਨੂੰ ਵੀ ਅੰਤਿਮ ਰਸਮਾਂ ਲਈ ਜਲਦ ਤੋਂ ਜਲਦ ਵਾਪਸ ਭਾਰਤ ਲਿਆਉਣ ਲਈ ਢੁੱਕਵੇਂ ਕਦਮ ਉਠਾਉਣ। ਇਸ ਮੌਕੇ ਊਨਾ ਨਾਲ ਸ੍ਰੀ ਸੁਨੀਲ ਜਾਖੜ ਅਤੇ ਸ੍ਰ. ਗੁਰਜੀਤ ਸਿੰਘ ਔਜਲਾ ਦੋਵੇਂ ਲੋਕ ਸਭਾ ਮੈਂਬਰ ਵੀ ਨਾਲ ਸਨ।