ਸੀਸੂ ਭਵਨ ਵਿਖੇ ਰੋਜ਼ਗਾਰ ਮੇਲੇ ਦਾ ਆਯੋਜਨ

0
1809

ਲੁਧਿਆਣਾ 29 ਨਵੰਬਰ (ਸੀ ਐਨ ਆਈ )-ਚੈਂਬਰ ਆਫ ਇੰਡਸਟਰੀਜ਼ ਐਂਡ ਕਮਰਸ਼ੀਅਲ ਅੰਡਰਟੇਕਿੰਗ, ਸਨਅਤਾਂ ਅਤੇ ਵਣਜ ਅਤੇ ਰੋਜ਼ਗਾਰ ਉੱਤਪਤੀ ਅਤੇ ਸਿਖਲਾਈ ਵਿਭਾਗ ਵੱਲੋ ਅੱਜ ਰੋਜ਼ਗਾਰ ਮੇਲੇ ਦਾ ਆਯੋਜਨ ਸਥਾਨਕ ਸੀਸੂ ਭਵਨ, ਫੋਕਲ ਪੁਆਇੰਟ ਵਿਖੇ ਕੀਤਾ ਗਿਆ ਜਿਸ ਵਿੱਚ 500 ਦੇ ਕਰੀਬ ਬੇਰੁਜ਼ਗਾਰ ਆਈ ਟੀ ਆਈ ਪਾਸ ਉਮੀਦਵਾਰਾਂ ਨੇ ਭਾਗ ਲਿਆ ਜਿਸ ਵਿੱਚੋਂ 150 ਦੇ ਕਰੀਬ ਨੌਜਵਾਨਾਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਮੌਕੇ ‘ਤੇ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਰੋਜ਼ਗਾਰ ਮੇਲੇ ਨੂੰ ਸੰਬੋਧਨ ਕਰਦਿਆਂ ਸੀਸੂ ਦੇ ਪ੍ਰਧਾਨ ਸ੍ਰ. ਉਪਕਾਰ ਸਿੰਘ ਆਹੂਜਾ ਨੇ ਇਸ ਮੇਲੇ ਵਿੱਚ ਭਾਗ ਲੈਣ ਵਾਲੀਆਂ ਕੰਪਨੀਆਂ ਅਤੇ ਬੇਰੋਜ਼ਗਾਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੇਲੇ ਦਾ ਵੱਧ ਤੋਂ ਵੱਧ ਲਾਭ ਲੈਣ ਉਨਾਂ ਕਿਹਾ ਕਿ ਸੀਸੂ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ ਜੋ ਕਿ ਭਵਿੱਖ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਉਨਾਂ ਨੇ ਜਿਲਾ ਉਦਯੋਗ ਕੇਂਦਰ ਦੇ ਜਨਰਲ ਮੈਨੇਜਰ ਸ੍ਰ. ਅਮਰਜੀਤ ਸਿੰਘ ਅਤੇ ਰੋਜ਼ਗਾਰ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਸਰਬਜੀਤ ਕੌਰ ਦਾ ਧੰਨਵਾਦ ਕੀਤਾ ਜਿਨਾਂ ਨੇ ਇਸ ਰੋਜ਼ਗਾਰ ਮੇਲੇ ਨੂੰ ਸਫਲ ਕਰਨ ਲਈ ਬਹੁਤ ਵੱਡਾ ਸਹਿਯੋਗ ਦਿੱਤਾ। ਉਨਾਂ ਦੱਸਿਆ ਕਿ ਇਸ ਮੇਲੇ ਦੌਰਾਨ 150 ਦੇ ਕਰੀਬ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਕੁੱਝ ਨੌਜਵਾਨਾਂ ਨੂੰ ਸ਼ਾਰਟ ਲਿਸਟ ਕੀਤਾ ਗਿਆ ਹੈ। ਉਨਾਂ ਨੂੰ ਜਲਦੀ ਹੀ ਨਿਯੁਕਤੀ ਪੱਤਰ ਦੇ ਦਿੱਤੇ ਜਾਣਗੇ।