ਲੁਧਿਆਣਾ, 4 ਨਵੰਬਰ (ਸੀ ਐਨ ਆਈ )-”ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ਨੂੰ ਆਰਥਿਕ ਪੱਖੋਂ ਪੈਰਾਂ ਸਿਰ ਕਰਨ ਲਈ ਯਤਨ ਕੀਤੇ ਜਾ ਰਹੇ ਹਨ, ਉਥੇ ਹੀ ਨੌਜਵਾਨਾਂ ਦਾ ਭਵਿੱਖ ਸੁਨਹਿਰੀ ਬਣਾਉਣ ਲਈ ਉਨਾ ਨੂੰ ਜਿੱਥੇ ਯੋਗਤਾ ਮੁਤਾਬਿਕ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ ਉਨਾ ਨੂੰ ਰੋਜ਼ਗਾਰ ਦੇ ਕਾਬਿਲ ਬਣਾ ਕੇ ਸਵੈ-ਕਿੱਤੇ ਜਾਂ ਸਹਾਇਕ ਕਿੱਤਿਆਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।” ਇਹ ਵਿਚਾਰ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਪਿੰਡ ਬੱਦੋਵਾਲ ਵਿਖੇ ਆਯੋਜਿਤ ਕੀਤੇ ਗਏ ਦੋ ਰੋਜ਼ਾ ਜਿਲਾ ਪੱਧਰੀ ਪਸ਼ੂ ਧੰਨ ਮੇਲਾ ਅਤੇ ਦੁੱਧ ਚੁਆਈ ਮੁਕਾਬਲਿਆਂ ਦੇ ਜੇਤੂਆਂ ਨੂੰ 7 ਲੱਖ ਦੇ ਇਨਾਮ ਵੰਡਣ ਤੋਂ ਪਹਿਲਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ।
ਉਨਾ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਜੋ ਨੌਜਵਾਨ ਚੰਗੇ ਕੰਮ ਕਰਨਗੇ ਉਨਾ ਨੂੰ ਹਰ ਤਰਾਂ ਦਾ ਸਨਮਾਨ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਉਨਾ ਤੋਂ ਹੋਰ ਨੌਜਵਾਨ ਵੀ ਸੇਧ ਲੈਣ। ਜਿੱਥੇ ਪੜੇ ਲਿਖੇ ਨੌਜਵਾਨਾਂ ਨੂੰ ਉਨਾ ਦੀ ਯੋਗਤਾ ਮੁਤਾਬਿਕ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਹੀ ਕਿੱਤਾਮੁੱਖੀ ਨੌਜਵਾਨਾਂ ਨੂੰ ਬੈਂਕਾਂ ਤੋਂ ਕਰਜ਼ੇ ਅਤੇ ਸਬਸਿਡੀਆਂ ਦਿਵਾ ਕੇ ਪੈਰਾਂ ‘ਤੇ ਖੜਾ ਕੀਤਾ ਜਾ ਰਿਹਾ ਹੈ। ਉਨਾ ਕਿਹਾ ਕਿ ਪੂਰੀ ਉਮੀਦ ਹੈ ਕਿ ਆਉਣ ਵਾਲੀ ਪੀੜੀ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਵੀ ਅਪਨਾਏਗੀ। ਉਨਾ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੀ ਕੋਸ਼ਿਸ਼ ਹੈ ਕਿ ਹਰੇਕ ਪਰਿਵਾਰ ਦੀ ਆਮਦਨ ਵਿੱਚ ਵਾਧਾ ਕੀਤਾ ਜਾਵੇ।
ਉਨਾ ਕਿਹਾ ਕਿ ਚਾਲੂ ਝੋਨੇ ਦੇ ਸੀਜਨ ਮੌਕੇ ਹਰ ਕਿਸਾਨ ਦਾ ਇੱਕ-ਇੱਕ ਦਾਣਾ ਮੰਡੀਆਂ ‘ਚੋਂ ਚੁੱਕਿਆ ਜਾ ਰਿਹਾ ਹੈ ਅਤੇ ਹਰ ਕਿਸਾਨ ਦੀ ਫਸਲ ਦਾ ਭੁਗਤਾਨ ਸਮੇਂ ਸਿਰ ਕੀਤਾ ਜਾ ਰਿਹਾ ਹੈ। ਕਿਸਾਨ ਪੱਖੀ ਫੈਸਲੇ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਨੇ ਕਿਸਾਨਾਂ ਨੂੰ ਆਰਥਿਕ ਤੌਰ ‘ਤੇ ਮਜਬੂਤ ਕਰਨ ਦਾ ਕੰਮ ਕੀਤਾ ਹੈ ਅਤੇ ਇਹ ਭਵਿੱਖ ਵਿੱਚ ਵੀ ਜਾਰੀ ਰਹੇਗਾ। ਇਸੇ ਤਰਾਂ ਆਉਣ ਵਾਲੇ ਕਣਕ ਦੇ ਸੀਜਨ ਜਾਂ ਹਾੜੀ ਲਈ ਖਾਦ ਅਤੇ ਬੀਜਾਂ ਦੀ ਤਿਆਰੀ ਮੁਕੰਮਲ ਕਰ ਲਈ ਹੈ। ਉਹਨਾਂ ਕਿਹਾ ਕਿ ਅਜਿਹੇ ਪ੍ਰਬੰਧ ਪਿਛਲੇ 10 ਸਾਲਾਂ ਵਿੱਚ ਕਦੀ ਨਹੀਂ ਹੋ ਸਕੇ।
ਸ੍ਰ. ਬਿੱਟੂ ਨੇ ਕਿਹਾ ਕਿ ਕਿਸਾਨੀ ਤੋਂ ਇਲਾਵਾ ਪੰਜਾਬ ਦੇ ਪਸ਼ੂ ਪਾਲਕਾਂ ਨੂੰ ਸਰਕਾਰ ਵਧੀਆ ਨਸਲ ਦੇ ਪਸ਼ੂ ਤਿਆਰ ਕਰਕੇ ਦੇਵੇਗੀ, ਇਸ ਲਈ ਗੁਜਰਾਤ ਤੋਂ ਗਿਰ ਨਸਲ ਦੀਆਂ ਗਾਵਾਂ ਮੰਗਾਈਆਂ ਗਈਆਂ ਹਨ ਅਤੇ ਪੰਜਾਬ ਵਿੱਚ ਸਾਹੀਵਾਲ ਵਰਗੀ ਦੇਸੀ ਨਸਲ ਨੂੰ ਹੋਰ ਬੇਹਤਰ ਕਰਕੇ ਕਿਸਾਨਾਂ ਦੇ ਸਪੁਰਦ ਕੀਤਾ ਜਾਵੇਗਾ। ਜਿਸ ਨਾਲ ਦੁੱਧ ਵਧੀਆ ਕੁਆਲਟੀ ਦਾ ਹੋਵੇਗਾ ਅਤੇ ਵੱਧ ਵੀ ਹੋਵੇਗਾ। ਇਸ ਸਹਾਇਕ ਧੰਦੇ ਨਾਲ ਕਿਸਾਨਾਂ ਦੀ ਆਮਦਨ ਵੀ ਵਧੇਗੀ। ਉਨਾ ਦੱਸਿਆ ਕਿ ਸਰਕਾਰ ਵੱਲੋਂ ਇਸ ਪਸ਼ੂ ਮੇਲੇ ਦੀ ਸਫਲਤਾ ਨੂੰ ਦੇਖਦੇ ਹੋਏ ਪਟਿਆਲਾ ਜਿਲੇ ‘ਚ ਰਾਜ ਪੱਧਰੀ ਮੇਲਾ 1 ਦਸੰਬਰ ਤੋਂ 5 ਦਸੰਬਰ ਤੱਕ ਲਾਇਆ ਜਾ ਰਿਹਾ ਹੈ। ਇਸ ਮੇਲੇ ਵਿੱਚ ਸਵਾ ਕਰੋੜ ਰੁਪਏ ਦੇ ਨਗਦ ਇਨਾਮ ਵਧੀਆ ਕਿਸਮ ਦੇ ਪਸ਼ੂ ਰੱਖਣ ਵਾਲੇ ਕਿਸਾਨਾਂ ਨੂੰ ਦਿੱਤੇ ਜਾਣਗੇ।
ਇਸ ਮੌਕੇ ਸ੍ਰ. ਬਿੱਟੂ ਨੇ ਮੇਲੇ ਦਾ ਦੌਰਾ ਕਰਕੇ ਪਸ਼ੂ ਪਾਲਕਾਂ ਨੂੰ ਉਤਸ਼ਾਹਿਤ ਕੀਤਾ। ਉਹਨਾਂ ਨਾਲ ਸਾਬਕਾ ਮੰਤਰੀ ਸ੍ਰ. ਮਲਕੀਤ ਸਿੰਘ ਦਾਖਾ, ਸੀਨੀਅਰ ਆਗੂ ਸ੍ਰੀ ਕੇ. ਕੇ. ਬਾਵਾ, ਜਿਲਾ ਪ੍ਰਧਾਨ ਸ੍ਰ. ਗੁਰਦੇਵ ਸਿੰਘ ਲਾਪਰਾਂ, ਜਿਲਾ ਯੂਥ ਪ੍ਰਧਾਨ ਸ੍ਰੀ ਰਾਜੀਵ ਰਾਜਾ, ਸੀਨੀਅਰ ਕਾਂਗਰਸੀ ਆਗੂ ਸ੍ਰ. ਮੇਜਰ ਸਿੰਘ ਭੈਣੀ, ਸ੍ਰ. ਮੇਜਰ ਸਿੰਘ ਮੁੱਲਾਂਪੁਰ, ਸ੍ਰ. ਅਮਰਜੋਤ ਸਿੰਘ ਸਰਪੰਚ ਬੱਦੋਵਾਲ, ਪਸ਼ੂ ਪਾਲਣ ਵਿਭਾਗ ਵੱਲੋਂ ਡਿਪਟੀ ਡਾਇਰੈਕਟਰ ਡਾ. ਗੁਰਚਰਨ ਸਿੰਘ ਤੂਰ ਅਤੇ ਹੋਰ ਅਧਿਕਾਰੀ ਮੌਜੂਦ ਸਨ।