ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਪਟਿਆਲਾ ਦੇ ਸਕੱਤਰ ਅਤੇ ਸੀ.ਜੇ.ਐਮ ਸ਼੍ਰੀ ਕਪਿਲ ਅਗਰਵਾਲ ਵੱਲੋਂ ਰਾਜਪੁਰਾ ਵਿਖੇ ਕਮਿਊਨਿਟੀ ਹੋਮ ਫਾਰ ਮੈਂਟਲੀ ਰਿਟਾਰਡਿਡ ਦਾ ਦੌਰਾ ਕਰਕੇ ਉਥੇ ਮਾਨਸਿਕ ਰੋਗਾਂ ਤੋਂ ਪੀੜਤ ਬੱਚਿਆਂ ਦੀ ਸਾਂਭ ਸੰਭਾਲ ਦੇ ਪ੍ਰਬੰਧਾਂ ਅਤੇ ਇਲਾਜ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ । ਇਸ ਮੌਕੇ ਸ਼੍ਰੀ ਅਗਰਵਾਲ ਨੇ ਬੱਚਿਆਂ ਦੀ ਸੇਵਾ ਸੰਭਾਲ ‘ਚ ਜੁਟੇ ਅਧਿਕਾਰੀਆਂ ਤੋਂ ਜਾਣਕਾਰੀ ਵੀ ਪ੍ਰਾਪਤ ਕੀਤੀ। ਸ਼੍ਰੀ ਅਗਰਵਾਲ ਨੇ ਦੱਸਿਆ ਕਿ ਮਾਨਸਿਕ ਤੌਰ ‘ਤੇ ਬਿਮਾਰੀ ਬੱਚਿਆਂ ਦੇ ਦੇਖਰੇਖ ਲਈ ਬਣੇ ਇਸ ਕੇਂਦਰ ‘ਚ 15 ਬਿਸਤਰਿਆਂ ਦਾ ਪ੍ਰਬੰਧ ਹੈ ਜਿਥੇ ਛੇ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਦਾ ਇਲਾਜ ਬਿਲਕੁਲ ਮੁਫ਼ਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਘਰਾਂ ਵਰਗਾ ਅਪਣੱਤ ਭਰਿਆ ਮਾਹੌਲ ਮੁਹੱਈਆ ਕਰਵਾਇਆ ਜਾਂਦਾ ਹੈ।
ਇਸ ਮੌਕੇ ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਸ਼੍ਰੀਮਤੀ ਸ਼ਾਇਨਾ ਕਪੂਰ ਨੇ ਦੱਸਿਆ ਕਿ ਰਾਜਪੁਰਾ ਦੇ ਐਸ.ਡੀ.ਐਮ ਦਫ਼ਤਰ ਦੇ ਨੇੜੇ ਸਥਿਤ ਇਸ ਕਮਿਊਨਿਟੀ ਹੋਮ ਵਿੱਚ ਇਨ੍ਹੀਂ ਦਿਨੀਂ ਦੋ ਮਾਨਸਿਕ ਰੋਗੀ ਬੱਚਿਆਂ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਪੀੜਤ ਬੱਚਿਆਂ ਦਾ ਦਾਖਲਾ ਜ਼ਿਲ੍ਹਾ ਬਾਲ ਭਲਾਈ ਕਮੇਟੀ ਦੀ ਸਿਫਾਰਿਸ਼ ਦੇ ਆਧਾਰ ‘ਤੇ ਕੀਤਾ ਜਾਂਦਾ ਹੈ। ਇਸ ਦੌਰਾਨ ਸ਼੍ਰੀ ਅਗਰਵਾਲ ਨੇ ਸੇਵਾ ਸੰਭਾਲ ‘ਚ ਜੁਟੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਵੀ ਲਿਆ।