ਕਰਤਾਰਪੁਰ ਵਿਖੇ ਬਣ ਰਹੀ ਜੰਗ-ਏ-ਆਜ਼ਾਦੀ ਯਾਦਗਾਰ ਅਜ਼ਾਦੀ ਪਰਵਾਨਿਆਂ ਨੂੰ ਸੂਬਾ ਸਰਕਾਰ ਦੀ ਸੱਚੀ ਸਰਧਾਂਜਲੀ – ਸੇਵਾ ਸਿੰਘ ਸੇਖਵਾਂ

0
1397

 

ਬਟਾਲਾ, 6 ਅਗਸਤ ( ਯੂਵੀ ਸਿੰਘ ਮਾਲਟੂ         )-ਪੰਜਾਬ ਸਰਕਾਰ ਵੱਲੋਂ ਨਿਵੇਕਲੀ ਪਹਿਲਕਦਮੀ ਕਰਦਿਆਂ ਕਰਤਾਰਪੁਰ ਦੇ ਨੇੜੇ 25 ਏਕੜ ਰਕਬੇ ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ ਜੰਗ-ਏ-ਆਜ਼ਾਦੀ ਯਾਦਗਾਰ ਉਸਾਰੀ ਜਾ ਰਹੀ ਹੈ ਜੋ ਕਿ ਭਾਰਤੀ ਆਜ਼ਾਦੀ ਸੰਘਰਸ਼ ਵਿੱਚ ਪੰਜਾਬੀਆਂ ਦੇ ਵਿਲੱਖਣ ਯੋਗਦਾਨ ਦੀ ਅਮੀਰ ਵਿਰਾਸਤ ਨੂੰ ਮੂਰਤੀਮਾਨ ਕਰੇਗੀ। ਕਰਤਾਰਪੁਰ ਵਿਖੇ ਬਣਨ ਵਾਲੀ ਇਹ ਜੰਗ-ਏ-ਆਜ਼ਾਦੀ ਯਾਦਗਾਰ ਅਜ਼ਾਦੀ ਪਰਵਾਨਿਆਂ ਨੂੰ ਸੂਬਾ ਸਰਕਾਰ ਦੀ ਸੱਚੀ ਸਰਧਾਂਜਲੀ ਹੈ ਅਤੇ ਪੂਰ ਦੇਸ਼ ‘ਚ ਇਹ ਆਪਣੀ ਕਿਸਮ ਦੀ ਪਹਿਲੀ ਯਾਦਗਾਰ ਹੈ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਜਿਨ੍ਹਾਂ ਅਜ਼ਾਦੀ ਪਰਵਾਨਿਆਂ ਦੀ ਬਦੌਲਤ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਉਨ੍ਹਾਂ ਮਹਾਨ ਅਜ਼ਾਦੀ ਘੁਲਾਟੀਆਂ ਨੂੰ ਯਾਦਗਾਰ ਬਣਾ ਕੇ ਪੰਜਾਬ ਸਰਕਾਰ ਨੇ ਮਹਾਨ ਕੰਮ ਕੀਤਾ ਹੈ।ਚੇਅਰਮੈਨ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਜੰਗ-ਏ-ਆਜ਼ਾਦੀ ਯਾਦਗਾਰ ਦਾ ਡਿਜ਼ਾਇਨ ਵਿਸ਼ਵ ਪ੍ਰਸਿੱਧੀ ਪ੍ਰ੍ਰਾਪਤ ਸ਼ਿਲਪਕਾਰ ਰਾਜ ਰੇਵਾਲ ਵੱਲੋਂ ਤਿਆਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜ ਰੇਵਾਲ ਨੇ ਸੰਸਦੀ ਲਾਇਬ੍ਰੇਰੀ, ਹਾਲ ਆਫ ਨੇਸ਼ਨਜ਼, ਵਿਸ਼ਵ ਬੈਂਕ ਦੀ ਇਮਾਰਤ ਅਤੇ ਏਸ਼ੀਅਨ ਖੇਡ ਪਿੰਡ ਤੋਂ ਇਲਾਵਾ ਬਹੁਤ ਸਾਰੇ ਡਿਜ਼ਾਇਨ ਤਿਆਰ ਕੀਤੇ ਹਨ। ਉਨ੍ਹਾਂ ਨੇ ਲਿਜ਼ਬਨ, ਬੀਜਿੰਗ, ਨਿਊਯਾਰਕ ਅਤੇ ਪੁਰਤਗਾਲ ਵਿੱਚ ਵੀ ਉਚ ਪੱਧਰੀ ਇਮਾਰਤਾਂ ਦੇ ਡਿਜ਼ਾਇਨ ਵੀ ਬਣਾਏ ਹਨ। ਉਨ੍ਹਾਂ ਕਿਹਾ ਕਿ ਇਸ ਯਾਦਗਾਰ ਦੀ ਉਸਾਰੀ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਛੇਤੀ ਹੀ ਇਹ ਯਾਦਗਾਰ ਦੇਸ ਵਾਸੀਆਂ ਨੂੰ ਅਰਪਣ ਕਰ ਦਿੱਤੀ ਜਾਵੇਗੀ।ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਦੱਸਿਆ ਕਿ ਜੰਗ-ਏ-ਆਜ਼ਾਦੀ ਯਾਦਗਾਰ ‘ਚ ਸ਼ਹੀਦ-ਏ-ਮਿਨਾਰ, ਆਡੀਟੋਰੀਅਮ, ਐਂਪੀਥੀਏਟਰ, ਦਰਸ਼ਕ ਗੈਲਰੀਆਂ, ਓਪਨ ਏਅਰ ਥੀਏਟਰ, ਲਾਈਬਰੇਰੀ ਤੇ ਹੋਰ ਪ੍ਰਬੰਧਕੀ ਥੀਏਟਰ, ਸੈਮੀਨਾਰ ਹਾਲ, ਕਾਫੀ ਹਾਊਸ, ਖਾਣ ਪੀਣ ਦੇ ਸਥਾਨ, ਕਿਡਜ਼ ਕਾਰਨਰ, ਪ੍ਰਸ਼ਾਸਕੀ ਦਫਤਰ, ਦੁਕਾਨਾਂ ਤੇ ਖੁੱਲੀ ਜਗ੍ਹਾ ‘ਤੇ ਪਾਰਕਿੰਗ ਦੀ ਉਸਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦਾ ਇਹ ਸੁਪਨਮਈ ਪ੍ਰੋਜੈਕਟ ਮੁਕੰਮਲ ਹੋਣ ਉਪਰੰਤ ਅਜ਼ਾਦੀ ਸੰਗਰਾਮ ਦੇ ਪੂਰੇ ਇਤਿਹਾਸ ਨੂੰ ਰੂਪਮਾਨ ਕਰੇਗਾ ਅਤੇ ਸਾਡੀਆਂ ਅਗਲੀਆਂ ਪੀੜ੍ਹੀਆਂ ਜੰਗ-ਏ-ਅਜ਼ਾਦੀ ਦੇ ਇਤਿਹਾਸ ਤੋਂ ਜਾਣੂ ਹੋ ਸਕਣਗੀਆਂ। ਸ. ਸੇਖਵਾਂ ਨੇ ਕਿਹਾ ਪੰਜਾਬ ਦੀਆਂ ਮਹਾਨ ਯਾਦਗਾਰਾਂ ਦੀ ਉਸਾਰੀ ਤੇ ਵਿਰਾਸਤ ਸਾਂਭਣ ਦਾ ਮਾਣ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੇ ਹਿੱਸੇ ਹੀ ਅਇਆ ਹੈ। ਉਨਾਂ ਕਿਹਾ ਕਿ ਜੰਗ-ਏ-ਆਜ਼ਾਦੀ ਯਾਦਗਾਰ ਅਜ਼ਾਦੀ ਪਰਵਾਨਿਆਂ ਨੂੰ ਪੰਜਾਬ ਸਰਕਾਰ ਦੀ ਸੱਚੀ ਸਰਧਾਂਜਲੀ ਹੈ।