ਟਰਾਂਸਪੋਰਟ ਨਗਰ ਵਿਚਲੇ ਗੈਰਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਦੀ ਸ਼ੁਰੂਆਤ -ਵਿਧਾਇਕ ਡਾਬਰ ਦੇ ਵਿਸ਼ੇਸ਼ ਉੱਦਮ ਨਾਲ ਸਾਰੀਆਂ ਧਿਰਾਂ ਦਾ ਮਿਲਿਆ ਸਹਿਯੋਗ

0
1393

ਲੁਧਿਆਣਾ, 9 ਮਾਰਚ (ਸੀ ਐਨ ਆਈ )-ਹਲਕਾ ਵਿਧਾਇਕ ਸ੍ਰੀ ਸੁਰਿੰਦਰ ਡਾਬਰ ਵੱਲੋਂ ਦਿਖਾਈ ਗਈ ਵਿਸ਼ੇਸ਼ ਰੁਚੀ ਅਤੇ ਉੱਦਮ ਨਾਲ ਸਥਾਨਕ ਟਰਾਂਸਪੋਰਟ ਨਗਰ ਦੇ ਇਲਾਕੇ ਵਿੱਚ ਹੋਏ ਗੈਰਕਾਨੂੰਨੀ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਕੰਮ ਅੱਜ ਸ਼ੁਰੂ ਹੋ ਗਿਆ। ਇਸ ਕੰਮ ਲਈ ਜਿੱਥੇ ਸਥਾਨਕ ਟਰਾਂਸਪੋਰਟ ਨਗਰ ਐਸੋਸੀਏਸ਼ਨ ਵੱਲੋਂ ਪੂਰਾ ਸਹਿਯੋਗ ਦਿੱਤਾ ਜਾ ਰਿਹਾ ਹੈ, ਉਥੇ ਹੀ ਗੈਰਕਾਨੂੰਨੀ ਕਾਬਜ਼ਕਾਰਾਂ ਵੱਲੋਂ ਵੀ ਵਿਧਾਇਕ ਸ੍ਰੀ ਡਾਬਰ ਦੀ ਅਪੀਲ ਦਾ ਸਤਿਕਾਰ ਕਰਦਿਆਂ ਸਹਿਯੋਗ ਦਿੱਤਾ ਜਾ ਰਿਹਾ ਹੈ।
ਪਹਿਲੇ ਦਿਨ ਦੀ ਕਾਰਵਾਈ ਦਾ ਵੇਰਵਾ ਪੇਸ਼ ਕਰਦਿਆਂ ਡਾ. ਪੂਨਮ ਪ੍ਰੀਤ ਕੌਰ, ਜ਼ੋਨਲ ਕਮਿਸ਼ਨਰ ਨਗਰ ਨਿਗਮ ਜ਼ੋਨ-ਬੀ ਨੇ ਦੱਸਿਆ ਕਿ ਇਨਾ ਗੈਰਕਾਨੂੰਨੀ ਕਬਜ਼ਿਆਂ ਨੂੰ ਹਟਾਉਣ ਲਈ ਟਰਾਂਸਪੋਰਟ ਨਗਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਸਨ। ਸਾਰੀਆਂ ਰਾਜਸੀ ਪਾਰਟੀਆਂ ਨੇ ਵੀ ਰਾਜਸੀ ਹਿੱਤਾਂ ਤੋਂ ਉਪਰ ਉਠ ਕੇ ਸਹਿਯੋਗ ਦਿੱਤਾ, ਜਿਸ ਸਦਕਾ ਵਿਧਾਇਕ ਸ੍ਰੀ ਡਾਬਰ ਨੇ ਸਾਰੀਆਂ ਧਿਰਾਂ ਨੂੰ ਇਕੱਤਰ ਕਰਕੇ ਇਸ ਜਗਾ ਦਾ ਦੌਰਾ ਕਰਕੇ ਜਾਇਜ਼ਾ ਲਿਆ ਸੀ।
ਕਮਿਸ਼ਨਰ ਨਗਰ ਨਿਗਮ ਸ੍ਰ. ਜਸਕਿਰਨ ਸਿੰਘ ਵੱਲੋਂ ਮਿਲੇ ਨਿਰਦੇਸ਼ਾਂ ‘ਤੇ ਅੱਜ ਕਰੀਬ 60 ਢਾਬੇ ਅਤੇ ਹੋਰ ਖੋਖੇ ਉਠਾਏ ਗਏ ਅਤੇ ਸਰਕਾਰੀ ਜ਼ਮੀਨ ਨੂੰ ਨਜਾਇਜ਼ ਕਬਜ਼ਿਆਂ ਤੋਂ ਵਿਹਲ ਦਿਵਾਈ ਗਈ। ਉਨਾਂ ਕਿਹਾ ਕਿ ਇਹ ਕਾਰਵਾਈ ਅਗਲੇ ਦਿਨਾਂ ਦੌਰਾਨ ਵੀ ਜਾਰੀ ਰੱਖੀ ਜਾਵੇਗੀ। ਇਸ ਤੋਂ ਇਲਾਵਾ ਨਾਲ਼ੇ ਦੀ ਸਫਾਈ ਲਗਾਤਾਰ ਜਾਰੀ ਹੈ, ਲਾਈਟਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ। ਇਸ ਦੇ ਨਾਲ-ਨਾਲ ਸੜਕਾਂ ਦੀ ਮੁਰੰਮਤ ਅਤੇ ਬੰਦ ਪਏ ਨਾਲ਼ੇ ਨੂੰ ਪੂਰਨ ਦਾ ਕੰਮ ਵੀ ਜਲਦ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੁੱਖ ਸੈਨੇਟਰੀ ਇੰਸਪੈਕਟਰ, ਬਾਗਬਾਨੀ ਵਿਭਾਗ, ਲੋਕ ਨਿਰਮਾਣ ਵਿਭਾਗ ਅਤੇ ਹੋਰ ਸੰਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੇ ਮੌਕੇ ਦਾ ਜਾਇਜ਼ਾ ਲਿਆ ਅਤੇ ਇਸ ਕਾਰਵਾਈ ਨੂੰ ਸ਼ੁਰੂ ਕਰਵਾਇਆ। ਉਨਾਂ ਕਿਹਾ ਕਿ ਭਵਿੱਖ ਵਿੱਚ ਵੀ ਨਜਾਇਜ਼ ਕਬਜ਼ਿਆਂ ਨੂੰ ਹਟਾਉਣ ਦੀ ਕਾਰਵਾਈ ਜਾਰੀ ਰਹੇਗੀ। ਇਸ ਤੋਂ ਇਲਾਵਾ ਬੁਨਿਆਦੀ ਢਾਂਚੇ ਨਾਲ ਸੰਬੰਧਤ ਵਿਕਾਸ ਕਾਰਜ ਜਾਰੀ ਰੱਖੇ ਜਾਣਗੇ।