ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਨਗਰ ਸੁਧਾਰ ਟਰੱਸਟ ਦੀਆਂ ਦੋ ਰਿਹਾਇਸ਼ੀ ਇਮਾਰਤਾਂ 30 ਸਤੰਬਰ ਤੱਕ ਮੁਕੰਮਲ ਕਰਨ ਦੇ ਆਦੇਸ਼

0
1716

ਪਟਿਆਲਾ, 7 ਅਗਸਤ: (ਧਰਮਵੀਰ ਨਾਗਪਾਲ) ਨਗਰ ਸੁਧਾਰ ਟਰੱਸਟ ਵੱਲੋਂ ਪਟਿਆਲਾ ਸ਼ਹਿਰ ਵਿੱਚ ਦੋ ਰਿਹਾਇਸ਼ੀ ਕੰਪਲੈਕਸਾਂ ਦੀ ਉਸਾਰੀ ਦੇ ਚੱਲ ਰਹੇ ਪ੍ਰੋਜੈਕਟਾਂ ਦਾ ਜਾਇਜ਼ਾ ਲੈਣ ਲਈ ਅੱਜ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਨਗਰ ਸੁਧਾਰ ਟਰੱਸਟ ਸ਼੍ਰੀ ਵਰੁਣ ਰੂਜਮ ਵੱਲੋਂ ਦੌਰਾ ਕੀਤਾ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ 30 ਸਤੰਬਰ ਤੱਕ ਦੋਵੇਂ ਪ੍ਰੋਜੈਕਟ ਮੁਕੰਮਲ ਕਰਨ ਨੂੰ ਯਕੀਨੀ ਬਣਾਉਣ ਦੇ ਦਿਸ਼ਾ ਨਿਰਦੇਸ਼ ਦਿੱਤੇ ਗਏ। ਸ਼੍ਰੀ ਰੂਜਮ ਨੇ ਨਗਰ ਸੁਧਾਰ ਟਰੱਸਟ ਵੱਲੋਂ ਸ਼ਹਿਰ ਦੇ ਬਡੂੰਗਰ ਰੋਡ ’ਤੇ ਉਸਾਰੀ ਜਾ ਰਹੀ ਪਟੇਲ ਇਨਕਲੇਵ ਨਾਂ ਦੀ ਰਿਹਾਇਸ਼ੀ ਇਮਾਰਤ ਦੇ ਚੱਲ ਰਹੇ ਕਾਰਜਾਂ ਦਾ ਜਾਇਜ਼ਾ ਲਿਆ ਅਤੇ ਟਰੱਸਟ ਦੇ ਐਕਸੀਅਨ ਅਤੇ ਈ.ਓ ਨੂੰ ਹਦਾਇਤ ਕੀਤੀ ਕਿ ਮਿੱਥੇ ਸਮੇਂ ਅੰਦਰ ਪ੍ਰੋਜੈਕਟ ਨੂੰ ਮੁਕੰਮਲ ਕੀਤਾ ਜਾਵੇ। ਪਟੇਲ ਇਨਕਲੇਵ ’ਚ ਕਰੀਬ ਇੱਕ ਏਕੜ ’ਚ ਟਰੱਸਟ ਵੱਲੋਂ 48 ਐਚ.ਆਈ.ਜੀ ਅਤੇ ਐਮ.ਆਈ.ਜੀ ਫਲੈਟ ਬਣਾਏ ਜਾ ਰਹੇ ਹਨ। ਆਪਣੇ ਦੌਰੇ ਦੌਰਾਨ ਸ਼੍ਰੀ ਰੂਜਮ ਨੇ ਫਲੈਟਾਂ, ਪਾਰਕਿੰਗ ਵਿਵਸਥਾ, ਬਿਜਲੀ ਸਪਲਾਈ, ਜਲ ਸਪਲਾਈ ਤੇ ਸੈਨੀਟੇਸ਼ਨ ਆਦਿ ਸੁਵਿਧਾਵਾਂ ਬਾਰੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ।

ਇਸ ਉਪਰੰਤ ਸ਼੍ਰੀ ਰੂਜਮ ਨੇ ਐਸ.ਐਸ.ਟੀ ਨਗਰ ਵਿਖੇ ਬਣਾਏ ਜਾ ਰਹੇ 60 ਰਿਹਾਇਸ਼ੀ ਫਲੈਟਾਂ ਦੀ ਪ੍ਰਗਤੀ ਦਾ ਵੀ ਜਾਇਜ਼ਾ ਲਿਆ ਅਤੇ ਅਧਿਕਾਰੀਆਂ ਨੂੰ 30 ਸਤੰਬਰ ਤੱਕ ਸਮੁੱਚੀ ਪ੍ਰਕਿਰਿਆ ਮੁਕੰਮਲ ਕਰਨ ਦੇ ਦਿਸ਼ਾ ਨਿਰਦੇਸ਼ ਦਿੱਤੇ। ਇਸ ਮੌਕੇ ਐਸ.ਡੀ.ਐਮ ਪਟਿਆਲਾ ਸ਼੍ਰੀ ਗੁਰਪਾਲ ਸਿੰਘ ਚਹਿਲ, ਨਗਰ ਸੁਧਾਰ ਟਰੱਸਟ ਦੇ ਈ.ਓ ਸ਼੍ਰੀ ਰਾਜ ਕੁਮਾਰ ਕਪੂਰ, ਐਕਸੀਅਨ ਸ਼੍ਰੀ ਅਤੁਲ ਸ਼ਰਮਾ ਸਮੇਤ ਹੋਰ ਅਧਿਕਾਰੀ ਵੀ ਹਾਜ਼ਰ ਸਨ।