ਪੰਜਾਬ ਸਰਕਾਰ ਲੋਕਾਂ ਨੂੰ ਚੰਗੀ ਸਿਹਤ ਦੇਣ ਲਈ ਵਚਨਬੱਧ-ਪ੍ਰਦੂਸ਼ਣ ਦੇ ਪੱਕੇ ਹੱਲ ਲਈ ਰਾਜਨੀਤੀ ਛੱਡ ਕੇ ਸਾਂਝੇ ਯਤਨ ਕਰਨ ਦੀ ਲੋੜ ‘ਤੇ ਜ਼ੋਰ,ਸਿਹਤ ਮੰਤਰੀ, ਲੁਧਿਆਣਾ ਵਿਖੇ ਸਤਪਾਲ ਮਿੱਤਲ ਰਾਸ਼ਟਰੀ ਪੁਰਸਕਾਰਾਂ ਦੀ ਵੰਡ,

0
1569

ਲੁਧਿਆਣਾ, 13 ਨਵੰਬਰ (ਸੀ ਐਨ ਆਈ ) ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਚੰਗੀ ਸਿਹਤ ਦੇਣ ਅਤੇ ਸਿਹਤਮੰਦ ਸਮਾਜ ਸਿਰਜਣ ਲਈ ਵਚਨਬੱਧ ਹੈ। ਉਹ ਅੱਜ ਇਥੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ 128ਵੇਂ ਜਨਮ ਦਿਵਸ ਸੰਬੰਧੀ ਸਤ ਪਾਲ ਮਿੱਤਲ ਰਾਸ਼ਟਰੀ ਪੁਰਸਕਾਰ ਵੰਡ ਸਮਾਰੋਹ ਵਿੱਚ ਸ਼ਿਰਕਤ ਕਰਨ ਆਏ ਸਨ।
ਇਸ ਮੌਕੇ ਪ੍ਰਭਾਵਸ਼ਾਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਹੈ, ਉਥੇ ਹੀ ਸਭ ਤੋਂ ਵਧੇਰੇ ਤਵੱਜੋਂ ਸਿਹਤ, ਸਿੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਦਿੱਤੀ ਜਾ ਰਹੀ ਹੈ। ਧੂੰਏਂ ਅਤੇ ਧੁੰਦ ਕਾਰਨ ਖ਼ਰਾਬ ਹੋਏ ਵਾਤਾਵਰਨ ‘ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨਾ ਕਿਹਾ ਕਿ ਦਿਨੋਂ ਦਿਨ ਵਧ ਰਹੇ ਪ੍ਰਦੂਸ਼ਣ ਦੇ ਪੱਕੇ ਹੱਲ ਲਈ ਜ਼ਰੂਰੀ ਹੈ ਕਿ ਸਾਰੀਆਂ ਰਾਜਸੀ ਧਿਰਾਂ ਹੋਛੀ ਰਾਜਨੀਤੀ ਛੱਡ ਕੇ ਸਾਂਝੇ ਯਤਨ ਕਰਨ ਵੱਲ ਤੁਰਨ।
ਉਨਾ ਕਿਹਾ ਕਿ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਕੱਲ• ਜਾਰੀ ਕੀਤੀ ਗਈ ਰਿਪੋਰਟ ਵਿੱਚ ਪਤਾ ਲੱਗਾ ਹੈ ਕਿ ਇਸ ਵਾਰ ਵਾਤਾਵਰਣ ਵਿੱਚ ਪ੍ਰਦੂਸ਼ਣ 44 ਫੀਸਦੀ ਘਟਿਆ ਹੈ, ਜੋ ਕਿ ਇੱਕ ਚੰਗਾ ਸੰਕੇਤ ਹੈ ਪਰ ਫਿਰ ਵੀ ਇਸ ਮਸਲੇ ਦੇ ਪੱਕੇ ਹੱਲ ਲਈ ਸਾਰੀਆਂ ਸਰਕਾਰਾਂ ਨੂੰ ਸਖ਼ਤ ਹੋਣਾ ਪੈਣਾ ਹੈ। ਉਨਾ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਕਿਹਾ ਕਿ ਉਹ ਅਤੇ ਉਨਾ ਦੀ ਪਾਰਟੀ ਪਰਾਲੀ ਸਾੜਨ ਵਾਲੇ ਮੁੱਦੇ ‘ਤੇ ਰਾਜਨੀਤੀ ਨਾ ਕਰੇ। ਉਨਾ ਕਿਹਾ ਕਿ ਡੇਂਗੂ ‘ਤੇ ਕਾਬੂ ਪਾਉਣ ਲਈ ਜਿੱਥੇ ਵਿਭਾਗ ਵੱਲੋਂ ਦਿਨ ਰਾਤ ਕੰਮ ਕੀਤਾ ਜਾ ਰਿਹਾ ਹੈ, ਉਥੇ ਹੀ ਇਸ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਉਨਾ ਕਿਹਾ ਕਿ ਪਿਛਲੇ 10 ਸਾਲਾਂ ਦੌਰਾਨ ਪੰਜਾਬ ਦੇ ਵਿਗੜੇ ਹਾਲਾਤਾਂ ਨੂੰ ਦਰੁਸਤ ਕਰਨ ਲਈ ਹਾਲੇ ਥੋੜਾ ਸਮਾਂ ਹੋਰ ਲੱਗੇਗਾ।
ਉਨਾ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਦੇਸ਼ ਨੂੰ ਆਤਮ ਨਿਰਭਰ ਬਣਾਉਣ ਵਿੱਚ ਉਨਾ ਦਾ ਸਭ ਤੋਂ ਵੱਡਾ ਯੋਗਦਾਨ ਹੈ। ਉਨਾ ਆਜ਼ਾਦੀ ਉਪਰੰਤ ਲੋਕਤੰਤਰ ਦਾ ਰਾਹ ਚੁਣ ਕੇ ਦੇਸ਼ ਦੀ ਮਜ਼ਬੂਤੀ ਦੀ ਨੀਂਹ ਰੱਖੀ। ਇਸ ਮੌਕੇ ਉਨਾ ਨਹਿਰੂ ਸਿਧਾਂਤ ਕੇਂਦਰ ਟਰੱਸਟ ਵੱਲੋਂ ਗਰੀਬ ਅਤੇ ਹੋਣਹਾਰ ਬੱਚਿਆਂ ਨੂੰ ਦਿੱਤੇ ਜਾਂਦੇ ਵਜ਼ੀਫਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਸਮਾਜਿਕ ਕਾਰਜ ਲਈ ਪੰਜਾਬ ਸਰਕਾਰ ਨਹਿਰੂ ਸਿਧਾਂਤ ਕੇਂਦਰ ਟਰੱਸਟ ਅਤੇ ਭਾਰਤੀ ਮਿੱਤਲ ਪਰਿਵਾਰ ਦੀ ਰਿਣੀ ਹੈ। ਇਸ ਮੌਕੇ ਉਨਾ ਸ੍ਰੀ ਰਵਿੰਦਰਨਾਥ, ਸ੍ਰੀ ਮੰਗੂ ਸਿੰਘ, ਸ੍ਰੀ ਨਿਤਿਨ ਕੁਮਾਰ ਨੰਦ ਅਤੇ ਸ੍ਰੀ ਅਸ਼ੋਕ ਚਿਤਲੇ ਨੂੰ ਉਨਾ ਦੀਆਂ ਸ਼ਾਨਦਾਰ ਸਮਾਜਿਕ ਸੇਵਾਵਾਂ ਲਈ ਸਤਪਾਲ ਮਿੱਤਲ ਰਾਸ਼ਟਰੀ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਉਨਾ ਸੈਂਕੜੇ ਹੋਣਹਾਰ ਅਤੇ ਗਰੀਬ ਵਿਦਿਆਰਥੀਆਂ ਨੂੰ ਸਾਲਾਨਾ ਵਜ਼ੀਫਾ ਯੋਜਨਾ ਤਹਿਤ ਰਾਸ਼ੀ ਦੀ ਵੰਡ ਕੀਤੀ।
ਇਸ ਤੋਂ ਪਹਿਲਾਂ ਸਮਾਗਮ ਨੂੰ ਸੰਬੋਧਨ ਕਰਦਿਆਂ ਟਰੱਸਟ ਦੇ ਚੇਅਰਮੈਨ ਸ੍ਰੀ ਰਾਕੇਸ਼ ਭਾਰਤੀ ਮਿੱਤਲ ਨੇ ਟਰੱਸਟ ਵੱਲੋਂ ਸਿੱਖਿਆ, ਸਿਹਤ ਅਤੇ ਹੋਰ ਖੇਤਰਾਂ ਵਿੱਚ ਕੀਤੇ ਜਾ ਰਹੇ ਕੰਮਾਂ ਦਾ ਵੇਰਵਾ ਪੇਸ਼ ਕਰਦਿਆਂ ਇਸ ਦਿਸ਼ਾ ਵਿੱਚ ਪੰਜਾਬ ਸਰਕਾਰ ਨੂੰ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਉਨਾ ਦੱਸਿਆ ਕਿ ਟਰੱਸਟ ਵੱਲੋਂ ਹਰ ਸਾਲ ਕਰੀਬ 50 ਲੱਖ ਰੁਪਏ ਰਾਸ਼ੀ ਦੇ ਵਜੀਫ਼ੇ ਅਤੇ 5 ਲੱਖ ਰੁਪਏ ਤੋਂ ਵਧੇਰੀ ਰਾਸ਼ੀ ਦੇ ਪੁਰਸਕਾਰ ਵੰਡੇ ਜਾਂਦੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਸੁਰਿੰਦਰ ਡਾਬਰ, ਵਿਧਾਇਕ ਸ੍ਰੀ ਸੰਜੀਵ ਤਲਵਾੜ, ਸ੍ਰੀ ਬਿਪਨ ਗੁਪਤਾ, ਸ੍ਰੀ ਜੀ. ਐੱਲ. ਬੱਸੀ, ਸ੍ਰੀ ਸੁਨੀਲ ਗੁਪਤਾ, ਸਿਵਲ ਸਰਜਨ ਡਾ. ਹਰਦੀਪ ਸਿੰਘ ਘਈ, ਸ੍ਰੀ ਗੁਰਪ੍ਰੀਤ ਗੋਗੀ ਤੇ ਸ੍ਰ. ਗੁਰਦੇਵ ਸਿੰਘ ਲਾਪਰਾਂ ਜਿਲਾ ਪ੍ਰਧਾਨ ਕਾਂਗਰਸ ਪਾਰਟੀ, ਸ੍ਰ. ਅਮਰਜੀਤ ਸਿੰਘ ਟਿੱਕਾ ਜਨਰਲ ਸਕੱਤਰ ਪੰਜਾਬ ਕਾਂਗਰਸ, ਸ੍ਰ. ਸ਼ੈਂਪੀ ਭਨੋਹੜ ਸੀਨੀਅਰ ਕਾਂਗਰਸੀ ਆਗੂ, ਹੋਰ ਪ੍ਰਮੁੱਖ ਸਖ਼ਸ਼ੀਅਤਾਂ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।