ਕੇਂਦਰੀ ਵਿੱਤ ਮੰਤਰੀ ਜੇਤਲੀ ਨੂੰ ਪੱਤਰ ਲਿਖ ਕੇ ਪੰਜਾਬ ਦੇ ਹੌਜ਼ਰੀ ਕਾਰੋਬਾਰ ਨੂੰ ਬਚਾਉਣ ਲਈ ਕਿਹਾ! ਜੀ.ਐਸ.ਟੀ. ਅਤੇ ਨੋਟਬੰਦੀ ਨਾਲ ਹੌਜ਼ਰੀ ਕਾਰੋਬਾਰ ਨੂੰ ਲੱਗਿਆ ਗ੍ਰਹਿਣ, ਰਾਕੇਸ਼ ਪਾਂਡੇ

0
1495

ਲੁਧਿਆਣਾ, 7 ਨਵੰਬਰ ( ਸੀ ਐਨ ਆਈ )-ਲੁਧਿਆਣਾ ਉੱਤਰੀ ਦੇ ਵਿਧਾਇਕ ਸ੍ਰੀ ਰਾਕੇਸ਼ ਪਾਂਡੇ ਨੇ ਅੱਜ ਕੇਂਦਰੀ ਵਿੱਤ ਮੰਤਰੀ ਸ੍ਰੀ ਅਰੁਣ ਜੇਟਲੀ ਅਤੇ ਜੀ.ਐਸ.ਟੀ. ਕੌਂਸਲ ਤੋਂ ਮੰਗ ਕੀਤੀ ਹੈ ਕਿ ਹੌਜ਼ਰੀ ਕਾਰੋਬਾਰ ਉੱਤੇ ਲੱਗੇ ਜੀ.ਐਸ.ਟੀ. ਕਰ ਨੂੰ 5% ਤੋਂ ਘਟਾ ਕੇ 2% ਕੀਤਾ ਜਾਵੇ ਕਿਉਂਕਿ ਹੌਜ਼ਰੀ ਕਾਰੋਬਾਰ ਪਿਛਲੇ ਕਈ ਸਾਲਾਂ ਤੋਂ ਭਾਰੀ ਮੰਦੇ ਦੀ ਮਾਰ ਝੱਲ ਰਿਹਾ ਹੈ। ਇਸ ਤੋਂ ਇਲਾਵਾ ਉਨਾ ਐਲਾਨ ਕੀਤਾ ਕਿ 8 ਨਵੰਬਰ (ਨੋਟਬੰਦੀ ਵਾਲਾ ਦਿਨ) ਨੂੰ ਲੁਧਿਆਣਾ ਵਾਸੀ ਅਤੇ ਕਾਰੋਬਾਰੀ ਕਾਲੇ ਦਿਨ ਵਜੋਂ ਮਨਾਉਣਗੇ।
ਸ੍ਰੀ ਪਾਂਡੇ ਨੇ ਕਿਹਾ ਕਿ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਨੇ 10 ਸਾਲਾਂ ਤੋਂ ਹੌਜ਼ਰੀ ਕਾਰੋਬਾਰ ਲਈ ਕੁਝ ਨਹੀਂ ਕੀਤਾ, ਸਗੋਂ ਇਸ ਨੂੰ ਖ਼ਤਮ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਅਕਾਲੀ-ਭਾਜਪਾ ਸਰਕਾਰ ਦੌਰਾਨ ਹੌਜ਼ਰੀ ਕਾਰੋਬਾਰ ਨਾਲ ਸਬੰਧਿਤ ਉਦਯੋਗ ਦੂਜੇ ਰਾਜਾਂ ਵਿੱਚ ਚਲੇ ਗਏ ਅਤੇ ਕਈ ਹਜ਼ਾਰ ਛੋਟੀਆਂ ਈਕਾਈਆਂ ਬੰਦ ਹੋ ਗਈਆਂ। ਸਿੱਟੇ ਵਜੋਂ ਪੰਜਾਬ ਵਿੱਚ ਬੇਰੋਜ਼ਗਾਰੀ ਵਧੀ ਹੈ। ਪਾਂਡੇ ਨੇ ਕਿਹਾ ਕਿ ਹੌਜ਼ਰੀ ਦੇ ਛੋਟੇ-ਛੋਟੇ ਯੂਨਿਟ ਲੋਕਾਂ ਨੇ ਆਪਣੇ ਘਰਾਂ ਵਿੱਚ ਲਗਾ ਰੱਖੇ ਸਨ ਪਰੰਤੂ ਮੰਦੇ ਅਤੇ ਪਿਛਲੀ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਇਸ ਉੱਤੇ ਮਾੜਾ ਅਸਰ ਪਿਆ ਹੈ।
ਉਨਾ ਕਿਹਾ ਕਿ ਹੌਜ਼ਰੀ ਕਾਰੋਬਾਰ ਨੂੰ ਦੂਜੇ ਰਾਜਾਂ ਵਿੱਚ ਜਾਣ ਤੋਂ ਰੋਕਣ ਅਤੇ ਇਸ ਕਾਰੋਬਾਰ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਜ਼ਰੂਰੀ ਕਦਮ ਚੁੱਕਣੇ ਜ਼ਰੂਰੀ ਹਨ ਪਰੰਤੂ ਕੇਂਦਰ ਸਰਕਾਰ ਦੁਆਰਾ ਕੱਪੜੇ ‘ਤੇ ਜੀ.ਐਸ.ਟੀ. ਲਗਾ ਕੇ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਗਈ ਹੈ। ਉਨਾ ਕਿਹਾ ਕਿ ਲੁਧਿਆਣਾ ਦੀ ਪਹਿਚਾਣ ਹੌਜ਼ਰੀ ਕਾਰੋਬਾਰ ਨਾਲ ਹੈ। ਦੇਸ਼-ਵਿਦੇਸ਼ ਤੋਂ ਲੋਕ ਇੱਥੇ ਹੌਜ਼ਰੀ ਦਾ ਵਪਾਰ ਕਰਨ ਲਈ ਆਉਂਦੇ ਹਨ। ਉਹ ਛੇਤੀ ਹੀ ਇੱਕ ਉੱਚ ਪੱਧਰੀ ਪ੍ਰਤੀਨਿਧੀ ਮੰਡਲ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਇਸ ਸਬੰਧੀ ਮੁਲਾਕਾਤ ਕਰਕੇ ਇਸ ਸਮੱਸਿਆ ਦੇ ਪੱਕੇ ਹੱਲ ਲਈ ਯਤਨ ਕਰਨਗੇ। ਸ੍ਰੀ ਪਾਂਡੇ ਨੇ ਕਿਹਾ ਕਿ ਨੇੜਲੇ ਰਾਜਾਂ ਵਿੱਚ ਹੌਜ਼ਰੀ ਵਪਾਰ ਨੂੰ ਵਧੇਰੇ ਪ੍ਰਫੁੱਲਿਤ ਕੀਤਾ ਜਾ ਰਿਹਾ ਹੈ, ਜਦਕਿ ਕੇਂਦਰ ਸਰਕਾਰ ਦੁਆਰਾ ਪੰਜਾਬ ਦੇ ਹੌਜ਼ਰੀ ਕਾਰੋਬਾਰ ਨਾਲ ਹਮੇਸ਼ਾਂ ਮਤਰੇਆ ਵਰਤਾਓ ਕੀਤਾ ਜਾਂਦਾ ਹੈ।