ਜ਼ਿਲ੍ਹਾ ਵਾਸੀਆਂ ਨੂੰ ਘਰਾਂ ਦੇ ਅੰਦਰ ਅਤੇ ਆਲੇ-ਦੁਆਲੇ ਪਾਣੀ ਖੜਾ ਨਾ ਹੋਣ ਦੇਣ ਸਬੰਧੀ ਮੁਹਿੰਮ ਚਲਾ ਕੇ ਜਾਗਰੂਕ ਕੀਤਾ ਜਾਵੇਗਾ ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਲਾਰਵੇ ਦੀ ਲਗਾਤਾਰ ਚੈਕਿੰਗ ਕਰਨ ਅਤੇ ਚਲਾਨ ਕੱਟਣ ਦੇ ਆਦੇਸ਼ ਦਿੱਤੇ ਵਾਰ-ਵਾਰ ਆਦੇਸ਼ਾਂ ਦੀ ਉਲੰਘਣਾਂ ਕਰਨ ਦੇ ਆਦੀ ਵਿਅਕਤੀਆਂ ‘ਤੇ ਸੀ.ਪੀ.ਆਰ.ਸੀ. ਦੀ ਧਾਰਾ 133 ਅਧੀਨ ਕੇਸ ਦਰਜ਼ ਕਰਨ ਦੀ ਕੀਤੀ ਹਦਾਇਤ

0
1475

ਲੁਧਿਆਣਾ, 7 ਮਾਰਚ (ਸੀ ਐਨ ਆਈ )- ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਅਗਰਵਾਲ ਨੇ ਕਿਹਾ ਕਿ ਘਰਾਂ ਅਤੇ ਆਲੇ-ਦੁਆਲੇ ਦੇ ਏਰੀਏ ਵਿੱਚ ਪਾਣੀ ਖੜਾ ਨਾ ਹੋਣ ਦੇਣ ਸਬੰਧੀ ਲੋਕਾਂ ਨੂੰ ਵੱਡੇ ਪੱਧਰ ‘ਤੇ ਜਾਗਰੂਕ ਕੀਤਾ ਜਾਵੇ ਤਾਂ ਜੋ ਖੜੇ ਪਾਣੀ ਵਿੱਚ ਮੱਛਰ ਦਾ ਲਾਰਵਾ ਪੈਦਾ ਹੋਣ ਤੋਂ ਰੋਕਿਆ ਜਾ ਸਕੇ।

ਡਿਪਟੀ ਕਮਿਸ਼ਨਰ ਅੱਜ ਇੱਥੇ ਜ਼ਿਲ੍ਹਾ ਪੱਧਰੀ ਵੈਕਟਰ ਬੋਰਨ ਡਿਜੀਜ ਅਤੇ ਵਾਟਰ ਬੋਰਨ ਮੋਨੀਟਰਿੰਗ ਕਮੇਟੀ ਦੀ ਪ੍ਰਧਾਨਗੀ ਕਰ ਰਹੇ ਸਨ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਵਾਰ-ਵਾਰ ਉਲੰਘਣਾ ਕਰਨ ਦੇ ਆਦੀ ਵਿਅਕਤੀਆਂ ‘ਤੇ ਸੀ.ਪੀ.ਆਰ.ਸੀ. ਦੀ ਧਾਰਾ 133 ਅਧੀਨ ਕੇਸ ਦਰਜ਼ ਕੀਤੇ ਜਾਣ। ਇਸੇ ਦੌਰਾਨ ਸਿਹਤ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਲਿਆਂਦਾ ਕਿ ਟਾਇਰ ਮਾਰਕੀਟ ਦੇ ਵਿਕਰੇਤਾ ‘ਤੇ ਇਹਨਾਂ ਅਪੀਲਾਂ ਦਾ ਕੋਈ ਅਸਰ ਨਹੀਂ ਹੁੰਦਾ ਹੈ।

ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਹੋਰ ਵਿਭਾਗਾਂ ਨਾਲ ਮਿਲ ਕੇ ਹਾਈ ਰਿਸਕ ਏਰੀਏ ਵਿੱਚ ਚੈਕਿੰਗਾਂ ਕਰਨ ਅਤੇ ਡੇਂਗੂ ਲਾਰਵਾ ਮਿਲਣ ਵਾਲੇ ਸਥਾਨ ਮਾਲਕਾਂ ਦੇ ਚਲਾਨ ਕੱਟਣ ਦਾ ਵੱਡੇ ਪੱਧਰ ‘ਤੇ ਪ੍ਰੋਗਰਾਮ ਉਲੀਕਿਆ ਜਾਵੇ। ਉਹਨਾਂ ਕਿਹਾ ਕਿ ਚੈਕਿੰਗ ਦੇ ਨਾਲ-ਨਾਲ ਚਲਾਨ ਕੱਟਣ ਦੀ ਵੀ ਗਿਣਤੀ ਵਧਾਈ ਜਾਵੇ ਅਤੇ ਮੱਛਰ ਦੇ ਖਾਤਮੇ ਲਈ ਸ਼ਹਿਰ ਅਤੇ ਲਾਗਲੇ ਇਲਾਕਿਆ ਵਿੱਚ ਫੋਗਿੰਗ ਮੁਹਿਮ ਚਲਾਈ ਜਾਵੇ।

ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਉਹ ਸਕੂਲ ਮੁੱਖੀਆਂ ਨੂੰ ਸਵੇਰ ਦੀ ਪ੍ਰਾਰਥਨਾ ਸਭਾ ਦੌਰਾਨ ਵਿਦਿਆਰਥੀਆਂ ਨੂੰ ਡੇਗੂ ਅਤੇ ਮਲੇਰੀਆਂ ਤੋਂ ਬਚਾਓ ਸਬੰਧੀ ਲਗਾਤਾਰ ਜਾਗਰੂਕ ਕਰਨ ਦੇ ਆਦੇਸ਼ ਜਾਰੀ ਕੀਤੇ ਜਾਣ। ਸਕੂਲਾਂ ਦੇ ਵਿਦਿਆਰਥੀ ਦੇ ਪੂਰੀਆਂ ਬਾਹਵਾਂ ਦੇ ਕਮੀਜ਼ ਪਹਿਨੇ ਹੋਣੇ ਚਾਹੀਦੇ ਹਨ। ਹਰੇਕ ਸਕੂਲ ਮੁੱਖੀ ਸਕੂਲ ਦੀ ਚਾਰਦੀਵਾਰੀ ਅੰਦਰ ਮੱਛਰ ਦਾ ਲਾਰਵਾ ਨਹੀਂ ਹੈ ਦਾ ਸਰਟੀਫਿਕੇਟ ਦੇਣ ਦਾ ਪਾਬੰਦ ਹੋਵੇਗਾ। ਉਹਨਾਂ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਕਿ ਉਹ ਆਪਣੇ ਛੋਟੇ ਬੱਚਿਆਂ ਦੀਆਂ ਬਾਹਵਾਂ ਅਤੇ ਲੱਤਾਂ ‘ਤੇ ਮੱਛਰ ਕੱਟਣ ਤੋਂ ਬਚਾਓ ਕਰੀਮ ਲਗਾਉਣ ਤਾਂ ਜੋ ਉਹ ਮੱਛਰ ਕੱਟਣ ਤੋਂ ਹੋਣ ਵਾਲੀਆਂ ਬਿਮਾਰੀਆਂ ਤੋਂ ਬੱਚ ਸਕਣ।

ਮੀਟਿੰਗ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆਂ ਕਿ ਜ਼ਿਲ੍ਹਾ ਦੇ 1073 ਤਲਾਬਾਂ ਵਿੱਚ ਮੱਛਰ ਖਾਣ ਵਾਲੀ ਮੱਛੀ ਛੱਡੀ ਜਾ ਚੁੱਕੀ ਹੈ, ਇਸ ‘ਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਦੇ ਬਾਕੀ ਤਲਾਬਾਂ ਵਿੱਚ ਮੱਛੀ ਦੀ ਪੂੰਗ ਛੱਡੀ ਜਾਵੇ ਅਤੇ ਇਸ ਦੀ ਅਚਾਨਕ ਚੈਕਿੰਗ ਕੀਤੀ ਜਾਵੇਗੀ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਵੀ ਆਦੇਸ਼ ਦਿੱਤੇ ਕਿ ਲੇਬਰ ਵਿਭਾਗ ਦੇ ਅਧਿਕਾਰੀਆਂ ਨਿਰਮਾਣ ਅਧੀਨ ਇਮਾਰਤਾਂ ਦੀ ਚੈਕਿੰਗ ਲਈ ਇਸ ਮੁਹਿੰਮ ਦੇ ਨਾਲ ਜੋੜਿਆ ਜਾਵੇ।

ਡਿਪਟੀ ਕਮਿਸ਼ਨਰ ਨੇ ਨਗਰ-ਨਿਗਮ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਸ਼ਹਿਰ ਦੇ ਸਾਰੇ ਭਾਗਾਂ ਵਿੱਚ ਚੈਕਿੰਗ ਕਰ ਲਈ ਜਾਵੇ, ਇਸ ‘ਤੇ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਵਾਰਡਾਂ ਵਿੱਚ 18 ਟੀਮਾਂ ਬਣਾ ਕੇ ਚੈਕਿੰਗ ਕੀਤੀ ਜਾ ਚੁੱਕੀ ਅਤੇ ਜਿੱਥੇ ਵੀ ਮੱਛਰ ਦਾ ਲਾਰਵਾ ਮਿਲਿਆ ਹੈ, ਉਸ ਨੂੰ ਨਸ਼ਟ ਕੀਤਾ ਜਾ ਚੁੱਕਾ ਅਤੇ ਐਂਟੀ ਲਾਰਵਾ ਦਵਾਈ ਦਾ ਛਿੜਕਾਅ ਕੀਤਾ ਜਾ ਚੁੱਕਾ ਹੈ। ਉਹਨਾਂ ਡਿਪਟੀ ਕਮਿਸ਼ਨਰ ਨੂੰ ਇਹ ਵੀ ਦੱਸਿਆ ਕਿ ਹਰੇਕ ਸ਼ੁੱਕਰਵਾਰ ਨੂੰ ਡਰਾਈ ਡੇਅ ਮਨਾਇਆ ਜਾਂਦਾ ਹੈ ਤਾਂ ਕਿ ਸਰਕਾਰੀ ਦਫ਼ਤਰਾਂ, ਸੰਸਥਾਵਾਂ, ਵਿੱਦਿਅਕ ਸੰਸਥਾਵਾਂ ਅਤੇ ਬੈਕਾਂ ਆਦਿ ਦੇ ਪਾਣੀ ਵਾਲੇ ਕੂਲਰਾਂ ਦੀ ਜਾਂਚ ਕੀਤੀ ਜਾਂਦੀ ਹੈ।
ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਡੇਂਗੂ ਦਾ ਮੱਛਰ ਸਾਫ ਪਾਣੀ, ਗਮਲੇ, ਬੇਕਾਰ ਟਾਇਰ, ਫ੍ਰਿਜ ਟਰੇਅ, ਪੰਛੀਆਂ ਲਈ ਰੱਖੇ ਪਾਣੀ ਦੇ ਬਰਤਨ ਅਤੇ ਬੇਕਾਰ ਚੀਜ਼ਾਂ ਵਿੱਚ ਖੜੇ ਪਾਣੀ ਵਿੱਚ ਪੈਦਾ ਹੁੰਦਾ ਹੈ। ਵਧੇਰੇ ਜਾਣਕਾਰੀ ਲਈ ਸਿਹਤ ਵਿਭਾਗ ਦੇ ਕੰਟਰੋਲ ਨੰਬਰ 0161-2444193 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਡਿਪਟੀ ਡਾਇਰੈਕਟਰ ਸਥਾਨਕ ਸਰਕਾਰ ਸ੍ਰੀ ਸ਼ਿਵ ਕੁਮਾਰ, ਜ਼ਿਲ੍ਹਾ ਟੀਕਾਕਰਨ ਅਫਸਰ ਸ੍ਰੀ ਜਸਬੀਰ ਸਿੰਘ, ਸ੍ਰੀ ਰਾਕੇਸ਼ ਕੁਮਾਰ, ਨਗਰ ਨਿਗਮ ਅਤੇ ਨਗਰ ਕੌਸਲਾਂ ਦੇ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।