ਖ਼ਿਡਾਰੀ ਕੋਟੇ ਦੀਆਂ ਖਾਲੀ ਅਸਾਮੀਆਂ ਭਰਾਉਣ ਲਈ ਮੁੱਖ ਮੰਤਰੀ ਨਾਲ ਗੱਲ ਕਰਾਂਗਾ-ਰਾਣਾ ਗੁਰਜੀਤ ਸਿੰਘ ਲੁਧਿਆਣਾ ਅਕਾਦਮੀ ਟੀਮ ਬਣੀ ਪੰਜਾਬ ਬਾਸਕਿਟਬਾਲ ਚੈਂਪੀਅਨ

0
1475

ਲੁਧਿਆਣਾ, 26 ਦਸੰਬਰ (ਸੀ ਐਨ ਆਈ ) ਪੰਜਾਬ ਸਰਕਾਰ ਦੇ ਸਿੰਚਾਈ ਅਤੇ ਬਿਜਲੀ ਮੰਤਰੀ ਸ੍ਰ. ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਉਹ ਸੂਬੇ ਅੰਦਰ ਖਾਲੀ ਪਈਆਂ ਖੇਡ ਕੋਟੇ ਦੀਆਂ ਆਸਾਮੀਆਂ ਨੂੰ ਭਰਨ ਲਈ ਮੁੱਖ ਮੰਤਰੀ ਪੰਜਾਬ ਨਾਲ ਗੱਲ ਕਰਨਗੇ ਤਾਂ ਜੋ ਸੂਬੇ ਵਿੱਚ ਖਿਡਾਰੀਆਂ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਹੋਰ ਉਤਸ਼ਾਹਿਤ ਕੀਤਾ ਜਾ ਸਕੇ।
ਅੱਜ ਸਥਾਨਕ ਗੁਰੂ ਨਾਨਕ ਦੇਵ ਸਟੇਡੀਅਮ ਵਿਖੇ 68ਵੀਂ ਪੰਜਾਬ ਰਾਜ ਬਾਸਕਿਟਬਾਲ ਚੈਂਪੀਅਨਸ਼ਿਪ ਦੇ ਇਨਾਮ ਵੰਡ ਸਮਾਰੋਹ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰ. ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਨੂੰ ਪ੍ਰਫੁੱਲਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਦ੍ਰਿੜ• ਵਚਨਬੱਧ ਅਤੇ ਯਤਨਸ਼ੀਲ ਹੈ। ਇਸ ਦਿਸ਼ਾ ਵਿੱਚ ਲੋੜੀਂਦਾ ਹਰ ਕਦਮ ਤਵੱਜੋਂ ਨਾਲ ਉਠਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਉਨਾਂ ਦੇ ਧਿਆਨ ਵਿੱਚ ਆਇਆ ਹੈ ਕਿ ਸੂਬੇ ਵਿੱਚ ਖੇਡ ਕੋਟੇ ਦੀਆਂ ਕੁੱਝ ਆਸਾਮੀਆਂ ਖਾਲੀ ਪਈਆਂ ਹਨ ਜਿਨ੍ਹਾਂ ਨੂੰ ਨਿਯਮਾਂ ਅਨੁਸਾਰ ਭਰਨ ਲਈ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲ ਕਰਕੇ ਉਨਾਂ ਦੇ ਧਿਆਨ ਵਿੱਚ ਲਿਆਉਣਗੇ। ਉਨਾਂ ਸਪੱਸ਼ਟ ਕੀਤਾ ਕਿ ਇਸ ਸਬੰਧੀ ਬਣਦਾ ਫੈਸਲਾ ਮੁੱਖ ਮੰਤਰੀ ਅਤੇ ਪੰਜਾਬ ਕੈਬਨਿਟ ਨੇ ਲੈਣਾ ਹੈ।
ਬਿਜਲੀ ਦੇ ਨਾਲ 2 ਫੀਸਦੀ ਗਊ ਸੈੱਸ ਲਗਾਉਣ ਬਾਰੇ ਪੁੱਛੇ ਜਾਣ ‘ਤੇ ਉਨਾਂ ਸਪੱਸ਼ਟ ਕੀਤਾ ਕਿ ਇਹ ਫੈਸਲਾ ਪਿਛਲੀ ਅਕਾਲੀ ਭਾਜਪਾ ਸਰਕਾਰ ਵੱਲੋਂ ਲਿਆ ਗਿਆ ਸੀ, ਜਿਸ ਨੂੰ ਮੌਜੂਦਾ ਸਰਕਾਰ ਨੇ ਤਾਂ ਲਾਗੂ ਹੀ ਕੀਤਾ ਹੈ। ਇਸ ਮੌਕੇ ਉਨਾਂ ਨੌਜਵਾਨਾਂ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਅਪੀਲ ਕੀਤੀ ਕਿ ਉਹ ਖੇਡਾਂ ਨੂੰ ਆਪਣੇ ਜੀਵਨ ਦਾ ਇੱਕ ਅੰਗ ਜ਼ਰੂਰ ਬਣਾਉਣ ਕਿਉਂਕਿ ਖੇਡਾਂ ਜਿੱਥੇ ਸਰੀਰ ਨੂੰ ਮਜ਼ਬੂਤ ਬਣਾਉਂਦੀਆਂ ਹਨ ਉੱਥੇ ਮਾਨਸਿਕ ਤੌਰ ‘ਤੇ ਵੀ ਮਜ਼ਬੂਤੀ ਵਿੱਚ ਸਹਾਈ ਹੁੰਦੀਆਂ ਹਨ। ਇਸ ਚੈਂਪੀਅਨਸ਼ਿਪ ਵਿੱਚ ਪੰਜਾਬ ਭਰ ਤੋਂ 36 ਟੀਮਾਂ ਨੇ ਭਾਗ ਲਿਆ, ਜਿਸ ਤਹਿਤ ਲੜਕਿਆਂ ਦੇ ਵਰਗ ਵਿੱਚ ਲੁਧਿਆਣਾ ਅਕਾਦਮੀ ਪਹਿਲੇ ਸਥਾਨ ‘ਤੇ, ਫਰੀਦਕੋਟ ਟੀਮ ਦੂਜੇ ਸਥਾਨ ‘ਤੇ ਅਤੇ ਲੁਧਿਆਣਾ ਦੀ ਟੀਮ ਤੀਜੇ ਸਥਾਨ ‘ਤੇ ਰਹੀ। ਇਸੇ ਤਰਾਂ ਲੜਕੀਆਂ ਦੇ ਵਰਗ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਟੀਮ ਪਹਿਲੇ ਸਥਾਨ ‘ਤੇ, ਜਲੰਧਰ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਸ਼੍ਰ. ਰਾਣਾ ਗੁਰਜੀਤ ਸਿੰਘ ਨੇ ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ। ਉਨਾਂ ਬਾਸਕਿਟਬਾਲ ਐਸੋਸੀਏਸ਼ਨ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।
ਇਸ ਮੌਕੇ ਵਿਧਾਇਕ ਸ੍ਰ. ਰਮਨਦੀਪ ਸਿੰਘ ਸਿੱਕੀ, ਸ਼੍ਰੀ ਵਿਮਲ ਸੁੰਬਲੀ ਪ੍ਰਚਾਰ ਸਕੱਤਰ ਮੁੱਖ ਮੰਤਰੀ ਪੰਜਾਬ, ਸ੍ਰ. ਰਾਜਦੀਪ ਸਿੰਘ ਗਿੱਲ ਪ੍ਰਧਾਨ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ, ਸ੍ਰ. ਯੁਰਿੰਦਰ ਸਿੰਘ ਹੇਅਰ ਵਾਈਸ ਪ੍ਰਧਾਨ ਪੰਜਾਬ ਬਾਸਕਿਟਬਾਲ ਐਸੋਸੀਏਸ਼ਨ, ਸ੍ਰ. ਮੁੱਖਵਿੰਦਰ ਸਿੰਘ ਭੁੱਲਰ, ਸ੍ਰ. ਤੇਜਾ ਸਿੰਘ ਧਾਲੀਵਾਲ, ਡਿਪਟੀ ਕਮਿਸ਼ਨਰ ਪੁਲਿਸ ਸ੍ਰ. ਗਗਨ ਅਜੀਤ ਸਿੰਘ, ਪ੍ਰੋ. ਗੁਰਭਜਨ ਸਿੰਘ ਗਿੱਲ, ਐਡਵੋਕੇਟ ਹਰਪ੍ਰੀਤ ਸਿੰਘ ਸੰਧੂ ਅਤੇ ਹੋਰ ਹਾਜ਼ਰ ਸਨ।