ਸ਼ਿਮਲਾ ਘੁੰਮਣ ਆਉਣ ਤੋਂ ਪਹਿਲਾਂ ਜਿਲਾ ਪ੍ਰਸਾਸ਼ਨ ਸ਼ਿਮਲਾ ਨੇ ਪੰਜਾਬ, ਚੰਡੀਗੜ• ਅਤੇ ਹਰਿਆਣਾ ਪ੍ਰਸਾਸ਼ਨ ਨੂੰ ਲਿਖੇ ਪੱਤਰ , ਹੋਟਲ ਬੁਕਿੰਗ ਕਰਾਉਣ ਅਤੇ ਗਰਮ ਕੱਪੜੇ ਨਾਲ ਲਿਆਉਣ ਦੀਆਂ ਹਦਾਇਤਾਂ,

0
1798

ਲੁਧਿਆਣਾ, 6 ਦਸੰਬਰ (ਸੀ ਐਨ ਆਈ )-ਆਏ ਸਾਲ ਸਰਦੀਆਂ ਦੇ ਮੌਸਮ ਦੌਰਾਨ ਲੱਖਾਂ ਸੈਲਾਨੀ ਸ਼ਿਮਲਾ (ਹਿਮਾਚਲ ਪ੍ਰਦੇਸ਼ ਦਾ ਸੈਲਾਨੀ ਕੇਂਦਰ) ਘੁੰਮਣ ਅਤੇ ਉਥੇ ਪੈਂਦੀ ਬਰਫ਼ਬਾਰੀ ਦਾ ਆਨੰਦ ਲੈਣ ਲਈ ਜਾਂਦੇ ਹਨ। ਉੱਚ ਪਹਾੜੀ ‘ਤੇ ਸਥਿਤ ਇਸ ਕੇਂਦਰ ‘ਤੇ ਜਦ ਭਾਰੀ ਬਰਫ਼ਬਾਰੀ ਪੈਣ ਲੱਗਦੀ ਹੈ ਤਾਂ ਵੱਡੀ ਤਾਦਾਦ ਵਿੱਚ ਸੈਲਾਨੀ ਪਹੁੰਚ ਜਾਂਦੇ ਹਨ, ਜਿਸ ਨਾਲ ਆਮ ਜਨਜੀਵਨ ਪ੍ਰਭਾਵਿਤ ਹੋਣ ਲੱਗਦਾ ਹੈ। ਨਤੀਜਤਨ ਆਵਾਜਾਈ ਸਮੱਸਿਆ, ਸੜਕ ਹਾਦਸੇ, ਸਿਹਤ ਸਹੂਲਤਾਂ, ਹੋਟਲਾਂ ਵਿੱਚ ਕਮਰਿਆਂ ਦੀ ਅਣਹੋਂਦ, ਬਿਜਲੀ ਅਤੇ ਪਾਣੀ ਦੀ ਕਮੀ ਵੀ ਪੈਦਾ ਹੋ ਜਾਂਦੀ ਹੈ। ਇਨ•ਾਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਘਟਾਉਣ ਲਈ ਜਿਲਾ ਪ੍ਰਸਾਸ਼ਨ ਸ਼ਿਮਲਾ ਵੱਲੋਂ ਪੰਜਾਬ, ਚੰਡੀਗੜ• ਅਤੇ ਹਰਿਆਣਾ ਦੇ ਪ੍ਰਸਾਸ਼ਨ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਇਸ ਸੰਬੰਧੀ ਸ਼ਿਮਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਰੋਹਨ ਚੰਦ ਠਾਕੁਰ ਨੇ ਵੱਖ-ਵੱਖ ਡਿਪਟੀ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਸੈਲਾਨੀਆਂ ਲਈ ਕੁਝ ਹਦਾਇਤਾਂ ਜਾਰੀ ਕਰਨ ਲਈ ਅਪੀਲ ਕੀਤੀ ਹੈ। ਪੱਤਰ ਵਿੱਚ ਲਿਖਿਆ ਗਿਆ ਹੈ ਕਿ ਘੁੰਮਣ ਆਉਣ ਤੋਂ ਪਹਿਲਾਂ ਸੈਲਾਨੀ ਬਕਾਇਦਾ ਹੋਟਲਾਂ ਜਾਂ ਗੈਸਟ ਹਾਊਸਾਂ ਵਿੱਚ ਬੁਕਿੰਗ ਕਰਵਾ ਕੇ ਹੀ ਆਉਣ ਕਿਉਂਕਿ ਮੌਕੇ ‘ਤੇ ਕਮਰੇ ਨਾ ਮਿਲਣ ਕਾਰਨ ਸੈਲਾਨੀਆਂ ਨੂੰ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ। ਜਦੋਂ ਸ਼ਿਮਲਾ ਵਿੱਚ ਬਰਫ਼ ਪੈਂਦੀ ਹੈ ਤਾਂ ਇਹ ਆਮ ਤੌਰ ‘ਤੇ 3-4 ਦਿਨ ਰਹਿੰਦੀ ਹੈ। ਇਸ ਦੇ ਨਾਲ ਹੀ ਇਹ ਨਾਲ ਲੱਗਦੇ ਇਲਾਕਿਆਂ ਕੁਫਰੀ, ਨਾਰਕੰਡਾ ਅਤੇ ਹੋਰ ਥਾਵਾਂ ‘ਤੇ ਵੀ ਪੈਂਦੀ ਹੈ। ਸੈਲਾਨੀ ਇੱਕੋ ਦਮ ਸ਼ਿਮਲਾ ਪਹੁੰਚਣ ਦੀ ਬਿਜਾਏ ਇਨਾ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਆਨੰਦ ਲੈ ਸਕਦੇ ਹਨ। ਬਰਫ਼ ਘਟਣ ਉਪਰੰਤ ਉਹ ਸ਼ਿਮਲਾ ਦਾ ਆਨੰਦ ਵੀ ਲਿਆ ਜਾ ਸਕਦਾ ਹੈ।
ਸ਼ਿਮਲਾ ਘੁੰਮਣ ਜਾਣ ਵੇਲੇ ਹਮੇਸ਼ਾਂ ਤਜ਼ਰਬੇਕਾਰ ਅਤੇ ਸਮਝਦਾਰ ਡਰਾਈਵਰ ਹੀ ਲੈ ਕੇ ਜਾਣਾ ਚਾਹੀਦਾ ਹੈ। ਬਰਫ਼ਬਾਰੀ ਕਾਰਨ ਸੜਕਾਂ ‘ਤੇ ਹਾਦਸੇ ਹੋਣ ਦਾ ਡਰ ਵਧ ਜਾਂਦਾ ਹੈ। ਆਮ ਦੇਖਣ ਵਿੱਚ ਆਇਆ ਹੈ ਕਿ ਇਹ ਸੜਕ ਹਾਦਸੇ ਗੈਰ-ਤਜ਼ਰਬੇਕਾਰ ਡਰਾਈਵਰਾਂ ਦੀਆਂ ਅਣਗਹਿਲੀਆਂ ਕਾਰਨ ਵਾਪਰਦੇ ਹਨ। ਸੈਲਾਨੀਆਂ ਨੂੰ ਇਕੱਲਿਆਂ ਡਰਾਈਵਿੰਗ ਕਰਨ ਤੋਂ ਵੀ ਸੰਕੋਚ ਕਰਨਾ ਚਾਹੀਦਾ ਹੈ। ਸਫ਼ਰ ਸਿਰਫ਼ ਦਿਨ ਵੇਲੇ ਹੀ ਕਰਨਾ ਚਾਹੀਦਾ ਹੈ। ਅੱਤ ਦਰਜੇ ਦੀ ਠੰਢ ਤੋਂ ਬਚਣ ਲਈ ਲੋੜੀਂਦੀ ਮਾਤਰਾ ਵਿੱਚ ਗਰਮ ਕੱਪੜੇ, ਕੰਬਲ, ਗਰਮ ਪਾਣੀ, ਦੁੱਧ ਅਤੇ ਹੋਰ ਪਦਾਰਥ ਨਾਲ ਲਿਆਉਣੇ ਚਾਹੀਦੇ ਹਨ। ਹੋ ਸਕੇ ਤਾਂ ਸੈਲਾਨੀਆਂ ਨੂੰ ਛੋਟੇ ਬੱਚਿਆਂ, ਬਜ਼ੁਰਗਾਂ ਨੂੰ ਆਪਣੇ ਨਾਲ ਲਿਆਉਣ ਤੋਂ ਸੰਕੋਚ ਕਰਨਾ ਚਾਹੀਦਾ ਹੈ।
ਭਾਰੀ ਬਰਫ਼ਬਾਰੀ, ਬਰਫ਼ਾਨੀ ਤੂਫਾਨ ਦੀ ਸਥਿਤੀ ਵਿੱਚ ਸੈਲਾਨੀਆਂ ਨੂੰ ਆਪਣੇ ਵਾਹਨਾਂ ਨੂੰ ਇੱਕ ਪਾਸੇ ਰੋਕ ਕੇ ਪਾਰਕਿੰਗ ਲਾਈਟਾਂ ਨੂੰ ਚਾਲੂ ਕਰ ਦੇਣਾ ਚਾਹੀਦਾ ਹੈ। ਜੇਕਰ ਲੰਮਾ ਸਮਾਂ ਰੁਕਣਾ ਪਵੇ ਤਾਂ ਹਰੇਕ ਦਸ ਮਿੰਟ ਦੇ ਵਕਫੇ ਬਾਅਦ ਵਾਹਨ ਦਾ ਇੰਜਣ ਜ਼ਰੂਰ ਚਾਲੂ (ਸਟਾਰਟ) ਕਰਨਾ ਚਾਹੀਦਾ ਹੈ। ਇੰਜਣ ਚਾਲੂ ਕਰਨ ਵੇਲੇ ਵਾਹਨ ਦੇ ਸੀਸ਼ੇ ਥੋੜੇ-ਥੋੜੇ ਖੁਲੇ ਹੋਣੇ ਚਾਹੀਦੇ ਹਨ ਤਾਂ ਜੋ ਵਾਹਨ ਦੇ ਅੰਦਰ ਕਾਰਬਨ ਮੋਨੋਆਕਸਾਈਡ ਗੈਸ ਪੈਦਾ ਨਾ ਹੋ ਸਕੇ। ਇਸ ਤੋਂ ਇਲਾਵਾ ਸੈਲਾਨੀ ਕਿਸੇ ਵੀ ਹੰਗਾਮੀ ਸਥਿਤੀ ਵਿੱਚ ਜਿਲਾ ਪ੍ਰਸਾਸ਼ਨ ਵੱਲੋਂ ਸਥਾਪਤ ‘ਡਿਸਟ੍ਰਿਕਟ ਐਮਰਜੈਂਸੀ ਆਪਰੇਸ਼ਨ ਸੈਂਟਰ’ ਦੇ ਦਿਨ ਰਾਤ ਚਾਲੂ ਨੰਬਰਾਂ 0177-2800880-83 ‘ਤੇ ਵੀ ਸੰਪਰਕ ਕਰ ਸਕਦੇ ਹਨ।
ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਸੈਲਾਨੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਿਮਲਾ ਘੁੰਮਣ ਜਾਣ ਤੋਂ ਪਹਿਲਾਂ ਉਪਰੋਕਤ ਹਦਾਇਤਾਂ ਦੀ ਪੂਰਨ ਤੌਰ ‘ਤੇ ਪਾਲਣਾ ਕਰਨੀ ਯਕੀਨੀ ਬਣਾਉਣ ਤਾਂ ਜੋ ਊਨਾ ਦਾ ਸਫ਼ਰ ਅਤੇ ਉਥੇ ਦੀ ਠਹਿਰ (ਸਟੇਅ) ਸੁਖਦਮਈ ਹੋਵੇ।